*ਵਨ ਬੀਟ ਮੈਡੀਕਲ ਗਰੁੱਪ ਦੇ ਸ. ਬਹਾਦਰ ਸਿੰਘ ਦੀ ਰਹੀ ਸੁਯੋਗ ਅਗੁਆਈ
ਔਰੇਗਨ/ਪੰਜਾਬ ਪੋਸਟ
ਸਿੱਖੀ ਵਿੱਚ ਗੁਰੂ ਸਾਹਿਬਾਨ ਵੱਲੋਂ ‘ਸਰਬੱਤ ਦੇ ਭਲੇ’ ਦੇ ਦਿੱਤੇ ਗਏ ਮਹਾਨ ਸੰਦੇਸ਼ ਮੁਤਾਬਕ ਚਲਦੇ ਹੋਏ ਸਿੱਖ ਸੇਵਾ ਫਾਊਂਡੇਸ਼ਨ ਅਮੈਰਿਕਾ ਵੱਲੋਂ ਬੇਘਰਿਆਂ ਅਤੇ ਬੇਸਹਾਰਿਆਂ ਲਈ ਕ੍ਰਿਸਮਸ ਦੇ ਮੌਕੇ ਉੱਤੇ ਇੱਕ ਵੱਡਾ ਅਤੇ ਨੇਕ ਉਪਰਾਲਾ ਕੀਤਾ ਗਿਆ। ਇਸ ਤਹਿਤ ਅਮਰੀਕਾ ਦੇ ਸੇਲਮ, ਔਰੇਗਨ ਵਿਖੇ ਸਥਾਨਕ ਖੇਤਰ ਦੇ ਬੇਘਰੇ ਅਤੇ ਬੇਸਹਾਰਾ ਲੋਕਾਂ ਲਈ ਗੁਰੂ ਕੇ ਲੰਗਰ ਦੀ ਪਰੰਪਰਾ ਮੁਤਾਬਕ, ਕੜਾਕੇ ਦੀ ਠੰਡ ਦੀ ਇਸ ਰੁੱਤ ਵਿੱਚ ਖਾਣ ਪੀਣ ਦੀ ਤਾਜ਼ੀ ਸਮੱਗਰੀ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਜਿਸ ਨੂੰ ਸਿੱਖ ਸੇਵਾ ਫਾਊਂਡੇਸ਼ਨ ਦੇ ਨਾਮਵਰ ਆਗੂਆਂ ਵੱਲੋਂ ਆਪਣੇ ਹੱਥੀਂ ਵਰਤਾਇਆ ਗਿਆ।
ਸਿੱਖ ਸੇਵਾ ਫਾਊਂਡੇਸ਼ਨ ਦੇ ਪ੍ਰਮੁੱਖ ਆਗੂ ਅਤੇ ਵਨ ਬੀਟ ਮੈਡੀਕਲ ਗਰੁੱਪ ਦੇ ਸੰਸਥਾਪਕ/ਚੇਅਰਮੈਨ ਸ. ਬਹਾਦਰ ਸਿੰਘ ਵਨ ਬੀਟ ਮੈਡੀਕਲ ਗਰੁੱਪ ਅਤੇ ਉਨਾਂ ਦੇ ਸਾਥੀਆਂ ਵੱਲੋਂ ਲੋੜਵੰਦਾਂ ਲਈ ਇਹ ਨੇਕ ਕਾਰਜ ਕੀਤੇ ਗਏ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਖਾਣ-ਪੀਣ ਅਤੇ ਸਬੰਧਤ ਰਾਹਤ ਸਮੱਗਰੀ ਹਾਸਲ ਕਰਨ ਵਾਲੇ ਬੇਸਹਾਰਾ ਲੋਕਾਂ ਨੇ ਜਿੱਥੇ ਸਿੱਖ ਸੇਵਾ ਫਾਊਂਡੇਸ਼ਨ ਅਤੇ ਸ. ਬਹਾਦਰ ਸਿੰਘ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਓਹ ਸਿੱਖੀ ਦੇ ਸੇਵਾ ਕਾਰਜਾਂ ਤੋਂ ਵੀ ਬਹੁਤ ਪ੍ਰਭਾਵਿਤ ਨਜ਼ਰ ਆਏ। ਇਥੇ ਇਹ ਗੱਲ ਵੀ ਖਾਸ ਤੌਰ ਉੱਤੇ ਦੱਸਣਯੋਗ ਹੈ ਕਿ ਸਿੱਖ ਸੇਵਾ ਫਾਊਂਡੇਸ਼ਨ ਅਮੈਰਿਕਾ ਅਤੇ ਵਨ ਬੀਟ ਮੈਡੀਕਲ ਗਰੁੱਪ ਵੱਲੋਂ ਸ. ਬਹਾਦਰ ਸਿੰਘ ਦੀ ਸੁਯੋਗ ਅਗਵਾਈ ਹੇਠ ਲੰਮੇ ਸਮੇਂ ਤੋਂ ਇਹ ਸੇਵਾ ਕਾਰਜਾਂ ਦੀ ਲੜੀ ਚਲਾਈ ਜਾ ਰਹੀ ਹੈ ਅਤੇ ਸਿੱਖੀ ਦੇ ਮਹਾਨ ਅਸੂਲਾਂ ਮੁਤਾਬਕ ਹਰੇਕ ਮੌਕੇ ਉੱਤੇ ਲੋੜਵੰਦਾਂ ਲਈ ਸੇਵਾ ਕਾਰਜਾਂ ਦਾ ਇਹ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ।







