ਲਿਵਰਪੂਲ/ਪੰਜਾਬ ਪੋਸਟ
ਬ੍ਰਿਟੇਨ ਦੇ ਲਿਵਰਪੂਲ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਆਪਣੀ ਕਾਰ ਨਾਲ ਕਈ ਫੁੱਟਬਾਲ ਪ੍ਰਸ਼ੰਸਕਾਂ ਨੂੰ ਕੁਚਲ ਦਿੱਤਾ। ਇਸ ਘਟਨਾਕ੍ਰਮ ਵਿੱਚ 47 ਲੋਕ ਜ਼ਖ਼ਮੀ ਹੋ ਗਏ ਜਿਨਾਂ ‘ਚੋਂ 27 ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ 20 ਦਾ ਮੌਕੇ ‘ਤੇ ਹੀ ਇਲਾਜ ਕੀਤਾ ਗਿਆ। ਇਹ ਪ੍ਰਸ਼ੰਸਕ ਪ੍ਰੀਮੀਅਰ ਲੀਗ ਵਿੱਚ ਲਿਵਰਪੂਲ ਫੁੱਟਬਾਲ ਕਲੱਬ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਹੋਈ ਪਰੇਡ ਵਿੱਚ ਸ਼ਮੂਲੀਅਤ ਕਰ ਰਹੇ ਸਨ ਅਤੇ ਨਾਲੋ ਨਾਲ ਚੱਲ ਰਹੇ ਸਨ। ਸਥਾਨਕ ਪੁਲਿਸ ਦੇ ਅਨੁਸਾਰ, ਸੋਮਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਵਾਟਰ ਸਟਰੀਟ ‘ਤੇ ਇੱਕ ਕਾਰ ਨੇ ਕਈ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਕਾਰ ਚਲਾ ਰਹੇ 53 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਪਰੇਡ ਵਿੱਚ ਲਗਭਗ 10 ਲੱਖ ਲੋਕਾਂ ਨੇ ਹਿੱਸਾ ਲਿਆ। ਸਥਾਨਕ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦੋਸ਼ੀ ਵਿਅਕਤੀ ਲਿਵਰਪੂਲ ਖੇਤਰ ਵਿੱਚ ਰਹਿਣ ਵਾਲਾ ਹੈ ਜਿਸ ਕੋਲੋਂ ਪੜਤਾਲ ਹੋ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰੇਸ਼ਾਨ ਕਰਨ ਵਾਲੇ ਵੀਡੀਓ ਜਾਂ ਤਸਵੀਰਾਂ ਔਨਲਾਈਨ ਸਾਂਝੀਆਂ ਨਾ ਕਰਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਘਟਨਾ ਨੂੰ ਹੈਰਾਨ ਪਰੇਸ਼ਾਨ ਕਰਨ ਵਾਲੀ ਦੱਸਿਆ ਹੈ।






