ਸਿੰਗਾਪੁਰ/ਪੰਜਾਬ ਪੋਸਟ
ਸ਼ਤਰੰਜ ਦੀ ਖੇਡ ਵਿੱਚ ਦੇਸ਼ ਨੂੰ ਇੱਕ ਬਹੁਤ ਵੱਡਾ ਮਾਣ ਦੁਆਉਂਦੇ ਹੋਏ ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਨੇ ਸਿੰਗਾਪੁਰ ਵਿਖੇ ਹੋਏ ਮੁਕਾਬਲੇ ਵਿੱਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ਦਾ ਖਿਤਾਬ ਹਾਸਲ ਕੀਤਾ। ਮਹਿਜ਼ 18 ਸਾਲ ਦੇ ਡੀ. ਗੁਕੇਸ਼ ਨੇ 14 ਬਾਜ਼ੀਆਂ ਵਿਚ 7.5 ਅੰਕ ਹਾਸਲ ਕੀਤੇ ਜਦਕਿ ਲਿਰੇਨ ਨੇ 6.5 ਅੰਕ ਹਾਸਲ ਕੀਤੇ। ਇਸ ਖਿਤਾਬ ਤਹਿਤ ਗੁਕੇਸ਼ ਨੂੰ 25 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ। ਇਸ ਤੋਂ ਪਹਿਲਾਂ, ਰੂਸ ਦੇਸ਼ ਦੇ ਖਿਡਾਰੀ ਗੈਰੀ ਕਾਸਪਾਰੋਵ ਨੇ ਸਾਲ 1985 ਵਿਚ ਇਹ ਮਾਅਰਕਾ ਮਾਰਿਆ ਸੀ ਅਤੇ ਉਸ ਵੇਲੇ ਉਸ ਦੀ ਉਮਰ 22 ਸਾਲ ਸੀ ਜਦਕਿ ਗੁਕੇਸ਼ ਨੇ ਉਸ ਤੋਂ ਵੀ ਚਾਰ ਸਾਲ ਛੋਟੀ ਉਮਰ ਵਿੱਚ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ’ਤੇ ਗੁਕੇਸ਼ ਨੂੰ ਵਧਾਈ ਦਿੱਤੀ ਹੈ।






