ਘਰ-ਵਾਪਸੀ

Published:

Rate this post

(ਬੰਗਾਲੀ ਕਹਾਣੀ)

ਲੇਖਕ :_ ਰਾਬਿੰਦਰਨਾਥ ਟੈਗੋਰ

ਫਾਟਿਕ ਚੱਕਰਵਰਤੀ ਪਿੰਡ ਦੇ ਮੁੰਡਿਆਂ ਦਾ ਮੂਹਰੀ ਸੀ। ਇੱਕ ਦਿਨ ਉਸ ਨੂੰ ਨਵੀਂ ਸ਼ਰਾਰਤ ਸੁੱਝੀ। ਦਰਿਆ ਦੇ ਬਰੇਤੇ ਤੇ ਇੱਕ ਭਾਰੀ ਗੇਲੀ ਪਈ ਸੀ। ਇਸ ਗੇਲੀ ਤੋਂ ਬੇੜੀ ਦਾ ਖੰਭਾ ਘੜਿਆ ਜਾਣਾ ਸੀ। ਉਸ ਨੇ ਇਹ ਵਿਉਂਤ ਬਣਾਈ ਕਿ ਇਸ ਗੇਲੀ ਨੂੰ ਜ਼ੋਰ ਲਾ ਕੇ ਰੇੜ ਲਿਆ ਜਾਵੇ ਤੇ ਆਪਣੀ ਹੁਣ ਵਾਲੀ ਥਾਂ ਤੋਂ ਦੂਰ ਲੈ ਜਾ ਕੇ ਛੱਡ ਦਿੱਤਾ ਜਾਵੇ। ਗੇਲੀ ਦਾ ਮਾਲਕ ਗੇਲੀ ਨੂੰ ਨਾ ਵੇਖ, ਨਾਲੇ ਹੈਰਾਨ ਹੋਵੇਗਾ, ਨਾਲੇ ਗੁੱਸੇ ਨਾਲ ਪਿਆ ਝੱਗ ਸੁੱਟੇਗਾ, ਅਤੇ ਇਹ ਸਾਰੇ ਉਸ ਦਾ ਮੌਜੂ ਬਣਾ ਕੇ ਹੱਸ ਹੱਸ ਦੂਹਰੇ ਹੋਣਗੇ। ਸਾਰਿਆਂ ਮੁੰਡਿਆਂ ਉਸ ਦੀ ਇਸ ਵਿਉਂਤ ਦੀ ਪੁਸ਼ਟੀ ਕੀਤੀ ਤੇ ਇਰ ਗਲ ਸ਼ਰਬ ਸੰਮਤੀ ਨਾਲ ਪਾਸ ਹੋ ਗਈ। ਠੀਕ ਉਸ ਵੇਲੇ ਜਦ ਉਨਾਂ ਇਹ ਸ਼ਰਾਰਤ ਸ਼ੁਰੂ ਕਰਨੀ ਸੀ, ਫਾਟਿਕ ਦਾ ਛੋਟਾ ਭਰਾ ਮੱਖਨ ਘੁੰਮਦਾ ਫਿਰਦਾ ਉਧਰ ਆ ਨਿਕਲਿਆ ਤੇ ਬਿਨਾ ਕੋਈ ਗੱਲਬਾਤ ਕੀਤੇ ਉਨਾਂ ਦੇ ਸਾਹਮਣੇ ਗੇਲੀ ਤੇ ਆ ਕੇ ਬੈਠ ਗਿਆ। ਥੋੜੇ ਚਿਰ ਲਈ ਸਾਰੇ ਮੁੰਡੇ ਉਲਝਣ ਵਿੱਚ ਪੈ ਗਏ। ਉਨਾਂ ਵਿੱਚੋਂ ਇੱਕ ਨੇ ਡਰਦਿਆਂ ਡਰਦਿਆਂ ਮੱਖਨ ਨੂੰ ਪਰੇ ਧੱਕਿਆ ਤੇ ਉੱਥੋਂ ਉਠ ਜਾਣ ਲਈ ਕਿਹਾ, ਪਰ ਮੱਖਨ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਹੀ ਨਾ ਦਿੱਤਾ। ਉਹ ਫਿਲਾਸਫ਼ਰਾਂ ਵਾਂਗ ਚੁੱਪ ਚਾਪ ਸੋਚਾਂ ਵਿੱਚ ਡੁੱਬਾ ਉੱਤੇ ਬੈਠਾ ਰਿਹਾ ਜਿਵੇਂ ਕਿੱਤੇ ਖੇਡਾਂ ਦੀ ਨਿਰਾਰਥਕਤਾ ਬਾਰੇ ਸੋਚ ਰਿਹਾ ਹੁੰਦਾ ਹੈ। ਫਾਟਿਕ ਗੁੱਸੇ ਵਿੱਚ ਭਰ ਗਿਆ। ‘ਮੱਖਨ! ਉਸ ਚਿਲਕ ਕੇ ਕਿਹਾ, ‘‘ਜੇ ਤੂੰ ਹੁਣ ਨਾ ਉਠਿਆ, ਤਾਂ ਮੈਂ ਮਾਰ ਮਾਰ ਤੇਰਾ ਚੰਮ ਲਾਹ ਦਿਆਂਗਾ।’’ ਮੱਖਨ ਸਗੋਂ ਸੌਖਾ ਹੇ ਕੇ ਬੈਠ ਗਿਆ। ਹੁਣ ਜੇ ਫਾਟਿਕ ਨੂੰ ਮੁੰਡਿਆਂ ਵਿੱਚ ਆਪਣਾ ਰੁਅਬ ਸਚਮੁਚ ਬਣਾਈ ਰੱਖਣ ਦੀ ਲੋੜ ਸੀ ਤਾਂ ਉਸ ਨੂੰ ਆਪਣਾ ਡਰਾਵਾ ਪੂਰਾ ਕਰਨਾ ਚਾਹੀਦਾ ਸੀ ਪਰ ਇਸ ਪਰੀਖਿਆ ਦੀ ਘੜੀ ਉਸ ਦਾ ਹੌਂਸਲਾ ਜਾਂਦਾ ਰਿਹਾ। ਉਸ ਦੇ ਚੁਸਤ ਦਿਮਾਗ਼ ਨੇ ਇੱਕ ਝਟ ਨਵੀਂ ਚਾਲ ਸੋਚ ਲਈ, ਜਿਸ ਨਾਲ ਮੱਖਨ ਬੇਅਰਾਮ ਹੋ ਉਠੇ ਅਤੇ ਉਸ ਦੇ ਸਾਥੀਆਂ ਦੇ ਦਿਲ-ਪਰਚਾਵੇ ਵਿੱਚ ਵੀ ਵਾਧਾ ਹੋ ਜਾਵੇ। ਉਸ ਆਪਣੇ ਸਾਥੀਆਂ ਨੂੰ ਮੱਖਣ ਸਮੇਤ ਗੋਲੀ ਨੂੰ ਰੇੜਨ ਦਾ ਹੁਕਮ ਦਿੱਤਾ। ਮੱਖਨ ਨੇ ਇਹ ਹੁਕਮ ਸੁਣਿਆ ਪਰ ਉਸ ਉਠਣ ਦਾ ਨਾਂ ਨਾ ਲਿਆ, ਸਗੋਂ ਇਸ ਨੂੰ ਆਪਣੀ ਇੱਜ਼ਤ ਦਾ ਸੁਆਲ ਬਣਾ ਬੈਠਾ। ਉਸ ਉਨਾਂ ਲੋਕਾਂ ਵਾਂਗ ਜੇਹੜੇ ਕਈ ਹੋਰ ਗੱਲਾਂ ਵਿੱਚ ਦੁਨਿਆਵੀ ਪ੍ਰਸਿੱਧੀ ਖੱਟਣ ਦਾ ਯਤਨ ਕਰਦੇ ਹਨ, ਇਸ ਗੱਲ ਵੱਲੋਂ ਉਕਾ ਅੱਖਾਂ ਮੀਚ ਲਈਆਂ ਕਿ ਇਸ ਤਰਾਂ ਬੈਠੇ ਰਹਿਣ ਨਾਲ ਉਸ ਦੇ ਲਈ ਮੁਸੀਬਤ ਖੜੀ ਹੋ ਜਾਵੇਗੀ। ਮੁੰਡਿਆਂ ‘ਇੱਕ, ਦੋ ਤਿੰਨ, ਹਈ ਸ਼ਾਵਾ। ਕਹਿ, ਸਾਰਾ ਜ਼ੋਰ ਲਾ, ਗੇਲੀ ਨੂੰ ਧੱਕਣਾ ਸ਼ੁਰੂ ਕੀਤਾ। ‘ਹਈ ਸ਼ਾਵਾ’ ਦੇ ਬੋਲ ਨਾਲ ਹੀ ਗੇਲੀ ਰਿੜ ਪਈ ਅਤੇ ਨਾਲ ਹੀ ਰਿੜ ਗਈ ਮੱਖਨ ਦੀ ਫ਼ਿਲਾਸਫ਼ੀ, ਸ਼ਾਨ ਤੇ ਹੋਰ ਸਾਰਾ ਕੱੁਝ। ਬਾਕੀ ਦੇ ਮੁੰਡੇ ਤਾਂ ਖੁਸ਼ੀ ਨਾਲ ਚਾਂਗਰਾਂ ਮਾਰਨ ਲੱਗ ਪਏ ਪਰ ਫਾਟਿਕ ਨੂੰ ਕੁੱਝ ਡਰ ਭਾਸ਼ਣ ਲੱਗਾ। ਉਸ ਨੂੰ ਪਤਾ ਸੀ ਕਿ ਹੁਣ ਕੀ ਹੋਵੇਗਾ। ਉਸ ਦੀ ਸੋਚ ਠੀਕ ਸੀ, ਕਿਉਂ ਜੋ ਮੱਖਨ ਕਿਸਮਤ ਵਾਂਗ ਅੰਨਾ ਹੋਇਆ ਤੇ ਚੁੜੇਲਾਂ ਵਾਂਗ ਚੀਕਦਾ ਧਰਤੀ ਤੋਂ ਉਠਿਆ। ਉਹ ਫਾਟਿਕ ਤੇ ਟੁੱਟ ਪਿਆ, ਉਸ ਫਾਟਿਕ ਦਾ ਮੂੰਹ ਨਹੁੰਦਰਾਂ ਨਾਲ ਝਰੀਟ ਸੁੱਟਿਆ, ਉਸ ਨੂੰ ਮੁੱਕੇ ਮਾਰੇ, ਠੁੱਡੇ ਮਾਰੇ ਅਤੇ ਫਿਰ ਰੋਂਦਾ ਕੁਰਲਾਂਦਾ ਘਰ ਨੂੰ ਹੋ ਲਿਆ। ਇੰਜ਼ ਨਾਟਕ ਦਾ ਪਹਿਲਾ ਅੰਕ ਖ਼ਤਮ ਹੋਇਆ। ਫਾਟਿਕ ਨੇ ਆਪਣਾ ਮੂੰਹ ਪੂੰਝਿਆ ਅਤੇ ਨਦੀ ਦੇ ਕੰਢੇ ਤੇ ਡੁੱਬੀ ਇੱਕ ਭਾਰ ਢੋਣ ਵਾਲੀ ਬੇੜੀ ਤੇ ਬਹਿ, ਘਾਹ ਦੇ ਤੀਲੇ ਚਿੱਥਣ ਡਹਿ ਪਿਆ। ਹੁਣ, ਘਾਟ ਨਾਲ ਇੱਕ ਬੇੜੀ ਆਣ ਲੱਗੀ, ਜਿਸ ਵਿੱਚੋਂ ਇੱਕ ਅਧਖੜ ਉਮਰ ਦਾ ਬੰਦਾ ਕੰਢੇ ਤੇ ਉਤਰਿਆ। ਉਸ ਦੇ ਸਿਰ ਤੇ ਵਾਲ ਧੌਲੇ ਹੋ ਚੁੱਕੇ ਸਨ, ਪਰ ਮੁੱਛਾਂ ਉਸਦੀਆਂ ਹਾਲੀ ਕਾਲੀਆਂ ਹੀ ਸਨ, ਉਸ ਮੁੰਡੇ ਨੂੰ ਉੱਥੇ ਵਿਹਲਿਆਂ ਬੈਠਿਆਂ ਵੇਖਿਆ ਤੇ ਝੱਟ ਕੁ ਪਿੱਛੋਂ ਚੱਕਰਵਰਤੀਆਂ ਦੇ ਘਰ ਦਾ ਪਤਾ ਪੁੱਛਿਆ। ਫਾਟਿਕ ਘਾਹ ਚਿਥਦਾ ਰਿਹਾ ਅਤੇ ਬੋਲਿਆ, ‘‘ਉੱਥੇ ਕਰਕੇ ਹੈ’’, ਪਰ ਉਸਦਾ ਇਸ਼ਾਰਾ ਸਪਸ਼ਟ ਨਹੀਂ ਸੀ। ਇਸ ਲਈ ਓਪਰੇ ਆਦਮੀ ਨੇ ਫਿਰ ਪੁੱਛਿਆ। ਪਰ ਫਾਟਿਕ ਬੇੜੀ ਤੇ ਬੈਠਾ ਲੱਤਾਂ ਹਿਲਾਉਂਦਾ ਰਿਹਾ ਅਤੇ ਬੋਲਿਆ, ‘‘ਜਾਹ ਜਾ ਕੇ ਲੱਭ ਲੈ!’’ ਉਹ ਆਪ ਘਾਹ ਦਾ ਤੀਲਾ ਚਿੱਥਦਾ ਰਿਹਾ। ਉਸੇ ਵੇਲੇ ਘਰੋਂ ਇੱਕ ਨੌਕਰ ਆਇਆ ਤੇ ਉਸ ਫਾਟਿਕ ਨੂੰ ਕਿਹਾ, ‘‘ਫਾਟਿਕ ਚਲ ਘਰ, ਮਾਂ ਜੀ ਸੱਦਦੇ ਹਨ।’’ ਫਾਟਿਕ ਨੇ ਹਿੱਲਣੋ ਨਾਂਹ ਕਰ ਦਿੱਤੀ। ਪਰ ਹੁਣ ਨੌਕਰ ਵੀ ਮਾਲਿਕ ਬਣ ਗਿਆ। ਉਸ ਗੁੱਸੇ ਵਿੱਚ ਝੱਲੇ ਹੋਏ, ਲੱਤਾਂ ਮਾਰਦੇ ਤੇ ਚੀਕਦੇ ਫਾਟਿਕ ਨੂੰ ਗਰਦਨੋਂ ਫੜਿਆ ਤੇ ਘਰ ਨੂੰ ਲੈ ਤੁਰਿਆ। ਜਦ ਫਾਟਿਕ ਘਰ ਅੰਦਰ ਵੜਿਆ ਤਾਂ ਉਸਦੀ ਮਾਂ ਨੇ ਵੇਖਦਿਆਂ ਹੀ ਗੁੱਸੇ ਨਾਲ ਕਿਹਾ, ‘‘ਤੂੰ ਮੱਖਨ ਨੂੰ ਫੇਰ ਮਾਰਿਆ ਹੈ ਨਾ?’’ ਫਾਟਿਕ ਨੇ ਗੁੱਸੇ ਵਿੱਚ ਕਿਹਾ, ‘‘ਨਹੀਂ ਮੈਂ ਕੋਈ ਨਹੀਂ ਮਾਰਿਆ, ਤੈਨੂੰ ਕਿੰਨ ਦੱਸਿਆ ਹੈ?’’ ਮਾਂ ਨੇ ਉੱਚੀ ਸਾਰੀ ਕਿਹਾ, ‘‘ਝੂਠ ਬੋਲਦੈਂ! ਤੂੰ ਮਾਰਿਆ ਏ।’’ ਫਾਟਿਕ ਨੇ ਮੂੰਹ ਸੁਜਾ ਕੇ ਕਿਹਾ, ‘‘ਮੈਂ ਜੁ ਆਖਦਾ ਹਾਂ, ਮੈਂ ਨਹੀਂ ਮਾਰਿਆ। ਬੇਸ਼ੱਕ ਮੱਖਨ ਨੂੰ ਪੁੱਛ ਲੈ’’ ਪਰ ਮੱਖਨ ਨੇ ਸੋਚਿਆ ਕਿ ਆਪਣੀ ਪਹਿਲੀ ਕਹੀ ਗੱਲ ਤੇ ਅੜੇ ਰਹਿਨਾ ਚਾਹੀਦਾ ਹੈ। ਇਸ ਲਈ ਉਹ ਕਹਿਣ ਲੱਗਾ, ‘‘ਮਾਰਿਆ ਕਿਉਂ ਨਹੀਂ? ਮਾਂ ਜੀ, ਇਸੇ ਮੈਨੂੰ ਮਾਰਿਆ ਸੀ।’’ ਫਾਟਿਕ ਦਾ ਸਬਰ ਅੱਗੇ ਹੀ ਮੁਕ ਚੁੱਕਾ ਸੀ। ਇਸ ਬੇ-ਇਨਸਾਫ਼ੀ ਨੂੰ ਉਹ ਹੋਰ ਨਾ ਜਰ ਸਕਿਆ। ਉਹ ਟੁੱਟ ਕੇ ਮੱਖਨ ਦੇ ਜਾ ਪਿਆ ਅਤੇ ਮੁੱਕਿਆਂ ਹੂਰਿਆਂ ਦਾ ਮੀਂਹ ਵਰਾ ਦਿੱਤਾ, ‘‘ਆਹ ਲੈ, ਹੋਰ ਲੈ, ਆਹ ਹੋਰ ਲੈ, ਝੂਠ ਮਾਰਨ ਦਾ ਇਨਾਮ।’’ ਮਾਂ ਝੱਟ ਮੱਖਨ ਦੇ ਪੱਖ ਤੇ ਆ ਗਈ। ਫਾਟਿਕ ਨੂੰ ਮੱਖਨ ਤੋਂ ਪਰੇ ਖਿੱਚਣ ਲੱਗੀ ਤੇ ਮੁੱਕੇ ਨਾਲ ਮੁੱਕਾ ਤੇ ਹੂਰੇ ਨਾਲ ਹੂਰਾ, ਪੂਰੇ ਜ਼ੋਰ ਨਾਲ ਫਾਟਿਕ ਤੇ ਵਰਾਉਣ ਲੱਗੀ। ਫਾਟਿਕ ਨੇ ਮਾਂ ਨੂੰ ਜ਼ੋਰ ਨਾਲ ਧੱਕ ਕੇ ਪਰੇ ਕਰ ਦਿੱਤਾ। ਉਹ ਗੁੱਸੇ ਵਿੱਚ ਬੋਲੀ, ‘‘ਅੱਛਾ, ਲੁੱਚਿਆ ਕੁਪੱਤਿਆ! ਆਪਣੀ ਮਾਂ ਤੇ ਵੀ ਹੱਥ ਚੁੱਕਣਾ ਚਾਹੁੰਦਾ ਹੈਂ?’’ ਐਨ ਇਸ ਨਾਜ਼ੁਕ ਸਮੇਂ ਧੌਲੇ ਵਾਲਾਂ ਵਾਲਾ ਓਪਰਾ ਆਦਮੀ ਅੰਦਰ ਆਣ ਵੜਿਆ। ‘‘ਇਹ ਕੀ ਮਾਮਲਾ ਵਰਤ ਗਿਆ ਏ?’’ ਉਸ ਪੁੱਛਿਆ। ਫਾਟਿਕ ਸ਼ਰਮ ਨਾਲ ਝੇਂਪ ਖਾ ਗਿਆ। ਪਰ ਜਦ ਉਸਦੀ ਮਾਂ ਨੇ ਪਿੱਛੇ ਮੁੜ ਕੇ ਓਪਰੇ ਆਦਮੀ ਵੱਲ ਤੱਕਿਆ ਤਾਂ ਉਸਦਾ ਗੁੱਸਾ ਅਚੰਬੇ ਵਿੱਚ ਬਦਲ ਗਿਆ। ਉਸ ਆਪਣੇ ਭਰਾ ਨੂੰ ਪਛਾਣ ਲਿਆ ਤੇ ਲਿਲਕ ਕੇ ਬੋਲੀ, ‘‘ਇਹ ਕੀ, ਦਾਦਾ! ਤੂੰ ਕਿੱਧਰੋਂ ਆ ਨਿਕਲਿਆ?’’ ਇਹ ਗੱਲ ਕਹਿੰਦੇ ਸਾਰ ਉਸਨੇ ਝੁਕ ਕੇ ਉਸਦੇ ਪੈਰੀਂ ਹੱਥ ਲਾਇਆ। ਉਸਦੇ ਵਿਆਹ ਤੋਂ ਛੇਤੀ ਪਿੱਛੋਂ, ਉਸ ਦਾ ਭਰਾ ਬਿਸ਼ੰਬਰ ਪਰਦੇਸ਼ ਚਲਾ ਗਿਆ ਸੀ ਤੇ ਬੰਬਈ ਜਾ ਕੇ ਉਸ ਆਪਣਾ ਕਾਰ-ਵਿਹਾਰ ਚਲਾ ਲਿਆ ਸੀ। ਭਰਾ ਹਾਲੀ ਪਰਦੇਸ਼ ਹੀ ਸੀ ਕਿ ਪਿੱਛੋਂ ਉਸਦਾ ਪਤੀ ਚਲਾਣਾ ਕਰ ਗਿਆ। ਬਿਸ਼ੰਬਰ ਹੁਣ ਕਲਕੱਤੇ ਪਰਤ ਆਇਆ ਸੀ ਤੇ ਆਉਂਦਿਆਂ ਹੀ ਉਸ ਆਪਣੀ ਭੈਣ ਬਾਰੇ ਪੁੱਛ ਗਿੱਛ ਕੀਤੀ। ਜੇਹੜੇ ਵੇਲੇ ਉਸ ਨੂੰ ਭੈਣ ਦੇ ਟਿਕਾਣੇ ਦਾ ਪਤਾ ਚੱਲਿਆ ਉਸੇ ਵੇਲੇ ਉਹ ਉਸ ਨੂੰ ਮਿਲਣ ਲਈ ਆ ਗਿਆ। ਅਗਲੇ ਕੱੁਝ ਦਿਨ ਬੜੇ ਆਨੰਦ ਵਿੱਚ ਬੀਤੇ। ਭਰਾ ਨੇ ਮੁੰਡਿਆਂ ਦੀ ਪੜਾਈ ਲਿਖਾਈ, ਪਾਲਣ ਪੋਸ਼ਣ ਬਾਰੇ ਹਾਲ ਪੁੱਛਿਆ। ਭੈਣ ਨੇ ਭਰਾ ਨੂੰ ਦੱਸਿਆ ਕਿ ਫਾਟਿਕ ਤਾਂ ਬੜਾ ਉਪਦਰਵੀ ਤੇ ਅੱਠੇ ਪਹਿਰ ਦੀ ਸਿਰ-ਦਰਦੀ ਹੈ, ਪਰ ਮੱਖਨ ਸੋਨੇ ਵਰਗਾ ਖਰਾ ਤੇ ਲੇਲੇ ਵਰਗਾ ਧੀਰਜਵਾਨ ਹੈ ਅਤੇ ਪੜਨ ਲਿਖਣ ਦਾ ਵੀ ਸ਼ੌਕੀਨ ਹੈ। ਬਿਸ਼ੰਬਰ ਨੂੰ ਭੈਣ ਤੇ ਤਰਸ ਆਇਆ ਤੇ ਉਸ ਫਾਟਿਕ ਨੂੰ ਨਾਲ ਕਲਕੱਤੇ ਲਿਜਾ ਕੇ ਉੱਥੇ ਪੜਾਉਣ ਦਾ ਜਿੰਮਾ ਲਿਆ। ਵਿਧਵਾ ਭੈਣ ਝੱਟ ਇਸ ਗੱਲ ਤੇ ਰਾਜ਼ੀ ਹੋ ਗਈ। ਜਦ ਮਾਮੇ ਨੇ ਫਾਟਿਕ ਤੋਂ ਕਲਕੱਤੇ ਜਾਣ ਬਾਰੇ ਪੁੱਛਿਆ, ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਉਸ ਕਿਹਾ, ‘‘ਹਾਂ, ਮਾਮਾ ਜੀ! ਜ਼ਰੂਰ ਜ਼ਰੂਰ!’’ ਉਸ ਦਾ ਲਹਿਜਾ ਉਸ ਦੇ ਬੋਲਾਂ ਦੀ ਪੂਰੀ ਪੂਰੀ ਪੁਸ਼ਟੀ ਕਰ ਰਿਹਾ ਸੀ। ਫਾਟਿਕ ਤੋਂ ਛੁਟਕਾਰਾ ਪ੍ਰਾਪਤ ਕਰਕੇ ਮਾਂ ਦਾ ਕਿੰਨਾ ਸਾਰਾ ਭਾਰ ਹੌਲਾ ਹੋ ਗਿਆ। ਉਸ ਦੇ ਮਨ ਵਿੱਚ ਫਾਟਿਕ ਬਾਰੇ ਬਦਗੁਮਾਨੀ ਸੀ। ਦੋਹਾਂ ਭਰਾਵਾਂ ਵਿੱਚ ਵੀ ਕੋਈ ਪਿਆਰ ਨਹੀਂ ਸੀ। ਮਾਂ ਦੇ ਦਿਲ ਵਿੱਚ ਇਹੋ ਧੜਕੂ ਲਗਾ ਰਹਿੰਦਾ ਸੀ ਕਿ ਫਾਟਿਕ ਕਿਤੇ ਮੱਖਨ ਨੂੰ ਦਰਿਆ ਵਿੱਚ ਨਾ ਡੋਬ ਦੇਵੇ, ਜਾਂ ਲੜਾਈ ਕਰਕੇ ਉਸਦਾ ਸਿਰ ਹੀ ਨਾ ਪਾੜ ਦੇਵੇ, ਜਾਂ ਕਿਸੇ ਹੋਰ ਖਤਰੇ ਵਿੱਚ ਹੀ ਨਾ ਪਾ ਦੇਵੇ। ਨਾਲ ਹੀ ਫਾਟਿਕ ਦਾ ਘਰ ਛੱਡਣ ਵਿੱਚ ਇੰਨਾ ਉਤਸ਼ਾਹ ਵੇਖ ਕੇ ਉਸ ਦੇ ਮਨ ਨੂੰ ਠੇਸ ਵੀ ਲੱਗੀ। ਜਦ ਸਾਰੀ ਗੱਲ ਪੱਕੀ ਹੋ ਗਈ ਤਾਂ ਫਾਟਿਕ ਹਰ ਵੇਲੇ ਆਪਣੇ ਮਾਮੇ ਤੋਂ ਪੁੱਛਦਾ ਰਹਿੰਦਾ ਕਿ ਕਲਕੱਤੇ ਕਦੋਂ ਚੱਲਣਾ ਹੈ। ਚਾਅ ਨਾਲ ਸਾਰਾ ਦਿਨ ਉਸ ਨੂੰ ਜ਼ਰਾ ਅਰਾਮ ਪ੍ਰਾਪਤ ਨਾ ਹੁੰਦਾ, ਨਾ ਹੀ ਰਾਤ ਨੂੰ ਉਸ ਦੀ ਪਲ ਦੀ ਪਲ ਭਰ ਅੱਖ ਲੱਗਦੀ। ਉਸ ਮੱਖਨ ਨੂੰ ਆਪਣੀ ਮੱਛੀਆਂ ਫੜਨ ਦੀ ਕੁੰਡੀ ਸਦਾ ਲਈ ਸੌਂਪ ਦਿੱਤੀ, ਆਪਣਾ ਵੱਡਾ ਚਾਕੂ ਤੇ ਪੱਥਰ ਦੇ ਗੀਟੇ ਵੀ ਬਖਸ਼ ਦਿੱਤੇ। ਸੱਚੀ ਗੱਲ ਤਾਂ ਇਹ ਹੈ ਕਿ ਇਸ ਵਿਦਾਇਗੀ ਸਮੇਂ ਫਾਟਿਕ ਦੀ ਮੱਖਨ ਲਈ ਖੁੱਲ-ਦਿਲੀ ਦਾ ਕੋਈ ਹੱਦ-ਬੰਨਾ ਹੀ ਨਹੀਂ ਸੀ ਰਿਹਾ। ਜਦ ਉਹ ਕਲਕੱਤੇ ਪਹੁੰਚੇ ਤਾਂ ਫਾਟਿਕ ਪਹਿਲੀ ਵਾਰ ਆਪਣੀ ਮਾਮੀ ਨੂੰ ਮਿਲਿਆ। ਮਾਮੀ ਨੂੰ ਟੱਬਰ ਤੇ ਇਹ ਬੇਲੋੜਾ ਭਾਰ ਜ਼ਰਾ ਨਾ ਭਾਇਆ। ਉਸ ਨੂੰ ਆਪਣੇ ਤਿੰਨ ਮੁੰਡਿਆਂ ਦੀ ਸੰਭਾਲ ਹੀ ਪਹਾੜ ਦਿਸਦੀ ਸੀ, ਉਹ ਨਵੇਂ ਨੂੰ ਕੀ ਕਰੇ? ਫਿਰ ਚੌਦਾਂ ਸਾਲਾਂ ਦੇ ਪੇਂਡੂ ਮੁੰਡੇ ਨੂੰ ਉਨਾਂ ਵਿੱਚ ਲਿਆ ਰਲਾਉਣਾ ਤਾਂ ਸਚਮੁੱਚ ਹੀ ਛਿੱਥਿਆਂ ਪਾਣ ਵਾਲੀ ਗੱਲ ਸੀ। ਅਸਲ ਵਿੱਚ ਬਿਸ਼ੰਬਰ ਨੂੰ ਇਹੋ ਜੇਹੀ ਬੇ-ਸਮਝੀ ਵਰਤਣ ਤੋਂ ਪਹਿਲਾਂ ਇੱਕ ਵਾਰ ਮੁੜ ਸੋਚ ਲੈਣਾ ਚਾਹੀਦਾ ਸੀ। ਇਸ ਦੁਨੀਆਂ ਵਿੱਚ ਚੌਦਾਂ ਸਾਲ ਦੇ ਮੁੰਡੇ ਤੋਂ ਵੱਧ ਤੰਗੀ ਦੇਣ ਵਾਲੀ ਕੋਈ ਚੀਜ਼ ਨਹੀਂ ਹੋ ਸਕਦੀ। ਨਾ ਉਹ ਘਰ ਦਾ ਸ਼ਿੰਗਾਰ ਬਣ ਸਕਦਾ ਹੈ, ਨਾ ਕੋਈ ਹੋਰ ਕੰਮ ਸਵਾਰ ਸਕਦਾ ਹੈ। ਛੋਟੇ ਬਚੇ ਵਾਂਗ ਉਸ ਨਾਲ ਲਾਡ ਪਿਆਰ ਨਹੀਂ ਕੀਤਾ ਜਾ ਸਕਦਾ, ਸਗੋਂ ਉਹ ਹਰ ਵੇਲੇ ਰਾਹ ਦਾ ਰੋੜ ਬਣਿਆ ਰਹਿੰਦਾ ਹੈ। ਜੇ ਉਹ ਬਚੇ ਦੀ ਤੋਤਲੀ ਬੋਲੀ ਬੋਲੇ ਤਾਂ ਕਹਿੰਦੇ ਹਨ, ‘ਉਸ ਵਿੱਚ ਬੜਾ ਬਚਪਨ ਹੈ’, ਤੇ ਜੇ ਬਾਲਗ਼ਾਂ ਦੀ ਬੋਲੀ ਬੋਲੇ ਤਾਂ ਕਹਿੰਦੇ ਹਨ, ‘ਬੇ-ਅਦਬ ਹੈ, ਬੋਲਣ ਦੀ ਜਾਂਚ ਨਹੀਂ।’ ਸੱਚੀ ਗੱਲ ਤਾਂ ਇਹ ਹੈ ਕਿ ਉਸ ਦੀ ਹਰ ਗੱਲ ਤੇ ਨੱਕ ਚਾੜਿਆ ਜਾਂਦਾ ਹੈ। ਫਿਰ ਉਮਰ ਵੀ ਉਸ ਦੀ ਉਹ ਹੁੰਦੀ ਹੈ ਜਦ ਉਹ ਵਾਧੇ ਪਿਆ ਹੁੰਦਾ ਹੈ, ਜਿਸ ਕਰਕੇ ਉਸ ਦੀ ਡੀਲ ਡੌਲ ਵਿੱਚ ਨਾ ਕੋਈ ਸੁਹਜ ਹੁੰਦਾ ਹੈ, ਨਾ ਕੋਈ ਖਿੱਚ। ਉਸ ਨੂੰ ਵਧਣ ਦੀ ਇੰਨੀ ਬੇ-ਸ਼ਰਮੀ ਚੜੀ ਹੁੰਦੀ ਹੈ, ਇੰਨੀ ਕਾਹਲੀ ਹੁੰਦੀ ਹੈ ਕਿ ਕੋਈ ਵੀ ਕਪੜਾ ਉਸ ਨੂੰ ਪੂਰੀ ਤਰਾਂ ਕੱਜ ਨਹੀਂ ਸਕਦਾ। ਉਸ ਦੀ ਆਵਾਜ਼ ਭਾਰੀ ਹੋ ਜਾਂਦੀ ਹੈ, ਪਾਟਵੀਂ ਤੇ ਥਰਥਰਾਂਦੀ। ਉਸ ਦਾ ਮੂੰਹ ਇੱਕ ਦਮ ਲੰਬੂਤਰਾ ਤੇ ਭੌਂਦਾ ਹੋ ਜਾਂਦਾ ਹੈ। ਬਾਲਪੁਣੇ ਦੇ ਨੂਕਸਾਂ ਨੂੰ ਸੌਖੀ ਤਰਾਂ ਅੱਖੋਂ ਓਹਲੇ ਕੀਤਾ ਜਾ ਸਕਦਾ ਹੈ, ਪਰ ਚੌਦਾਂ ਸਾਲ ਦੇ ਬਾਲ ਵਿੱਚ ਪਾਏ ਜਾਂਦੇ ਕਿਸੇ ਬੇ-ਬਸ ਨੁਕਸ ਨੂੰ ਵੀ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ। ਇਸ ਉਮਰ ਵਿੱਚ ਉਹ ਆਪਣੇ ਆਪ ਨੂੰ ਵੀ ਪਛਾਣਦਾ ਹੈ ਅਤੇ ਉਹ ਆਪਣੇ ਤੋਂ ਵੱਡਿਆ ਨਾਲ ਗੱਲਬਾਤ ਕਰਦਾ ਹੈ, ਤਾਂ ਉਹ ਬੇ-ਲੋੜੀ ਵੱਧ ਚੜ ਕੇ ਹੁੰਦੀ ਹੈ, ਜਾਂ ਫਿਰ ਇੰਨੀ ਸ਼ਰਮੀਲੀ ਕਿ ਆਪਣੀ ਹੋਦ ਤੋਂ ਵੀ ਲੱਜਿਤ ਜਾਪਦਾ ਹੈ। ਫਿਰ ਵੀ ਇਹੋ ਉਮਰ ਹੁੰਦੀ ਹੈ ਜਦ ਇੱਕ ਬਾਲ ਆਪਣੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਪਿਆਰ ਲੈਣ ਅਤੇ ਆਪਣੇ ਕੰਮ ਦੀ ਪ੍ਰਵਾਨਗੀ ਲੈਣ ਦੀ ਇੱਛਾ ਰੱਖਦਾ ਹੈ। ਜੇਹੜਾ ਉਸ ਦੀ ਥੋੜੀ ਬਹੁਤ ਦਿਲ-ਰੱਖਣੀ ਤੇ ਲਿਹਾਜ਼ ਕਰਦਾ ਹੈ, ਉਸ ਦਾ ਉਹ ਗ਼ੁਲਾਮ ਬਣ ਹੀ ਜਾਂਦਾ ਹੈ। ਪਰ ਕੋਈ ਵੀ ਖੁੱਲ ਕੇ ਉਸ ਨਾਲ ਪਿਆਰ ਨਹੀਂ ਕਰਦਾ। ਇਹ ਬੇਲੋੜੀ ਮਿਹਰਬਾਨੀ ਸਮਝੀ ਜਾਂਦੀ ਹੈ, ਜੋ ਮੁੰਡੇ ਲਈ ਪਿਆਰ ਦੀ ਥਾਂ ਵਿਗਾੜ ਪੈਂਦਾ ਕਰਦੀ ਹੈ। ਇਸੇ ਕਰਕੇ ਉਸ ਦੇ ਹਿੱਸੇ ਝਿੜਕਾਂ ਝੰਬਾਂ ਹੁੰਦੀਆਂ ਹਨ ਤੇ ਉਹ ਉਸ ਕੁੱਤੇ ਵਾਂਗ ਅਵਾਰਾ ਹੋ ਜਾਂਦਾ ਹੈ, ਜਿਸ ਦਾ ਮਾਲਕ ਕੋਈ ਨਾ ਹੋਵੇ। ਚੌਦਾਂ ਸਾਲਾਂ ਦੇ ਬੱਚੇ ਲਈ ਆਪਣਾ ਘਰ ਹੀ ਸੁਰਗ ਦਾ ਝੂਟਾ ਦੇ ਸਕਦਾ ਹੈ। ਓਪਰੇ ਆਦਮੀਆਂ ਨਾਲ ਓਪਰੇ ਘਰ ਵਿੱਚ ਰਹਿਣਾ ਤਾਂ ਮਾਨੋਂ ਦੁੱਖਾਂ ਦੀ ਚੱਕੀ ਵਿੱਚ ਦਲਿਆ ਜਾਣਾ ਹੈ। ਇਸਦੇ ਉਲਟ ਇਸਤਰੀ ਦੀਆਂ ਤਰਸ ਤੇ ਮਿਹਰ ਭਰੀਆਂ ਨਜ਼ਰਾਂ ਪ੍ਰਾਪਤ ਹੋਣੀਆਂ ਤੇ ਉਸ ਤੋਂ ਕਦੇ ਕੋਈ ਝਿੜਕ ਨਾ ਮਿਲਣੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ। ਫਾਟਿਕ ਲਈ ਆਪਣੀ ਮਾਮੀ ਦੇ ਘਰ ਅਣਚਾਹਿਆ ਪਾਹੁਣਾ ਬਣਨਾ ਤੇ ਵੱਡੇਰੀ ਉਮਰ ਦੀ ਇਸ ਇਸਤਰੀ ਤੋਂ ਸਦਾ ਮਿਹਣੇ ਤੇ ਝਿੜਕਾਂ ਸਹਿਣਾ ਇੱਕ ਪੀੜ ਬਣ ਗਈ ਸੀ। ਜੇ ਉਹ ਉਸ ਨੂੰ ਕੋਈ ਆਪਣਾ ਕੰਮ ਦਸਦੀ ਤਾਂ ਉਸਨੂੰ ਉਹ ਕਹਿੰਦੀ, ‘‘ਇਨਾ ਮੂਰਖ਼ ਨਹੀਂ ਬਣੀਦਾ ਜਾ ਆਪਣੀ ਪੜਾਈ ਕਰ।’’ ਫਾਟਿਕ ਤੇ ਹੋ ਰਹੀ ਇਸ ਨਿੱਤ ਦੀ ਅਣਗਹਿਲੀ ਨੇ ਉਸ ਅੰਦਰ ਇਹ ਅਹਿਸਾਸ ਪੈਂਦਾ ਕਰ ਦਿੱਤਾ ਕਿ ਉਸਦਾ ਸਰੀਰ ਸ਼ਿਕੰਜੇ ਵਿੱਚ ਕੱਸਿਆ ਜਾ ਰਿਹਾ ਹੈ। ਉਸਦਾ ਜੀ ਕਰਦਾ ਕਿ ਬਾਹਰ ਖੇਤਾਂ ਵਿੱਚ ਜਾ ਕੇ ਆਪਣਿਆਂ ਫੇਫੜਿਆਂ ਨੂੰ ਤਾਜ਼ੀ ਹਵਾ ਨਾਲ ਭਰੇ। ਪਰ ਉੱਥੇ ਖੁਲੇ ਖੇਤਾਂ ਵਾਲੀ ਥਾਂ ਹੀ ਕਿੱਥੇ ਸੀ। ਚਾਰੇ ਪਾਸਿਓਂ ਕਲਕੱਤੇ ਦੀਆਂ ਕੰਧਾਂ ਕੋਠਿਆਂ ਨਾਲ ਘਿਰਿਆ, ਉਹ ਦਿਨ ਰਾਤ ਆਪਣੇ ਪਿੰਡ ਵਾਲੇ ਘਰ ਦੇ ਸੁਪਨੇ ਲੈਂਦਾ, ਅਤੇ ਉੱਥੇ ਵਾਪਸ ਪਰਤ ਜਾਣ ਲਈ ਸੱਧਰਾਇਆ ਰਹਿੰਦਾ। ਉਸ ਨੂੰ ਆਪਣੇ ਪਿੰਡ ਦੀ ਸ਼ਾਨਦਾਰ ਚਰਾਗਾਹ ਨਦੀ ਦੇ ਚੌੜੇ ਕੰਢੇ ਯਾਦ ਆਉਂਦੇ, ਜਿੱਥੇ ਉਹ ਪ੍ਰਭਾਤ ਤੋਂ ਲੈ ਕੇ ਸ਼ਾਮ ਤੱਕ ਖ਼ੁਸ਼ੀਆਂ ਨਾਲ ਗੀਤ ਗਾਉਂਦਾ ਤੇ ਕਿਲਕਾਰੀਆਂ ਮਾਰਦਾ, ਭੌਂਦਾ ਰਹਿੰਦਾ, ਛੋਟੇ ਛੋਟੇ ਨਾਲੇ ਯਾਦ ਆਉਂਦੇ, ਜਿਨਾਂ ਵਿੱਚ ਜਦ ਜੀ ਆਉਂਦਾ ਟੁੱਭੀਆਂ ਮਾਰਦਾ ਤੇ ਤਰਦਾ ਰਹਿੰਦਾ। ਉਸਨੂੰ ਮੁੰਡਿਆਂ ਦੀ ਉਹ ਢਾਣੀ ਯਾਦ ਆਉਂਦੀ, ਜਿਨਾਂ ਉੱਤੇ ਉਸਦੀ ਸਰਦਾਰੀ ਚਲਦੀ। ਇਨਾਂ ਤੋਂ ਬਿਨਾਂ ਉਸ ਨੂੰ ਆਪਣੀ ਜ਼ਾਲਮ ਮਾਂ ਵੀ ਯਾਦ ਆਉਂਦੀ, ਜੋ ਸਦਾ ਉਸ ਦਾ ਉਲਟ ਪੱਖ ਲੈਂਦੀ ਸੀ। ਇਨਾਂ ਖਿਆਲਾਂ ਨੇ ਉਸ ਦਾ ਦਿਨ ਰਾਤ ਮੱਲ ਲਿਆ ਹੋਇਆ ਸੀ। ਇੱਕ ਤਰਾਂ ਦਾ ਸਥੂਲ ਪਿਆਰ, ਜੇਹੋ ਜਿਹਾ ਪਸ਼ੂਆਂ ਵਿੱਚ ਹੁੰਦਾ ਹੈ- ਆਪਣੇ ਪਿਆਰਿਆਂ ਦੇ ਨੇੜੇ ਹੋਣ ਦੀ ਸੱਧਰ, ਉਨਾਂ ਦੇ ਪਾਸ ਨਾ ਹੋਣ ਤੇ ਅਕਹਿ ਜੇਹੀ ਛਾਈ ਉਦਾਸੀ, ਅੰਦਰਲੀਆਂ ਡੂੰਘਾਈਆਂ ਵਿੱਚੋਂ ਉੱਠੀ ਮਾਂ ਲਈ ਵਿਲਕਣੀ, (ਜਿਵੇਂ ਘੁਸਮੁਸੇ ਵੇਲੇ ਕੋਈ ਵੱਛਾ ਅੜਾਉਂਦਾ ਹੋਵੇ)- ਇਹੋ ਜੇਹੇ ਪਿਆਰ ਨੇ, ਜੋ ਨਿਰਾ ਪਸ਼ੂ ਬਿਰਤੀ ਵਾਲਾ ਸੀ, ਇਸ ਪਤਲੇ, ਸ਼ਰਮਾਕਲ, ਘਾਬਰੇ, ਭੱਦੇ ਤੇ ਬੋਂਤਰੇ ਮੁੰਡੇ ਨੂੰ ਝੂਣ ਦਿੱਤਾ। ਉਸ ਦੀ ਵੇਦਨਾ ਦੀ ਕਿਸੇ ਨੂੰ ਸਮਝ ਨ ਆਈ, ਤੇ ਇਸ ਨੇ ਦਿਨ ਰਾਤ ਉਸ ਨੂੰ ਘੁਣ ਵਾਂਗ ਖਾ ਲਿਆ। ਸਾਰੇ ਸਕੂਲ ਵਿੱਚ ਫਾਟਿਕ ਨਾਲੋਂ ਢਿੱਲਾ ਮੁੰਡਾ ਹੋਰ ਕੋਈ ਨਹੀਂ ਸੀ। ਜਦ ਅਧਿਆਪਕ ਉਸ ਤੋਂ ਕੋਈ ਪ੍ਰਸ਼ਨ ਪੁੱਛਦਾ ਤਾਂ ਉਹ ਚੁੱਪ-ਚਾਪ ਬਿਟਰ ਬਿਟਰ ਤਕਦਾ ਰਹਿੰਦਾ ਤੇ ਮੂੰਹ ਅੱਡ ਛੱਡਦਾ, ਤੇ ਇਸ ਦੇ ਬਦਲੇ ਜੇਹੜੀ ਕੁੱਟ ਪੈਂਦੀ ਉਸਨੂੰ ਵਿਚਾਰਾ ਸਬਰ ਨਾਲ ਸਹਿ ਲੈਂਦਾ, ਜਿਵੇਂ ਇੱਕ ਖੋਤਾ ਬਾਹਲੇ ਭਾਰ ਨੂੰ ਵੀ ਚੁੱਪ-ਚਾਪ ਸਬਰ ਨਾਲ ਸਹੀ ਜਾਂਦਾ ਹੈ। ਜਦ ਬਾਕੀ ਮੁੰਡੇ ਬਾਹਰ ਖੇਡ ਰਹੇ ਹੁੰਦੇ ਤਾਂ ਉਹ ਬਾਰੀ ਨਾਲ ਲੱਗਾ ਉਦਾਸ ਜਿਹਾ ਖੜਾ ਰਹਿੰਦਾ ਤੇ ਦੂਰ ਬਾਹਰ ਦਿਸ ਰਹੇ ਮਕਾਨਾਂ ਦੀਆਂ ਛੱਤਾਂ ਵੱਲ ਝਾਕਦਾ ਰਹਿੰਦਾ। ਜੇ ਕਿਤੇ ਖੁੱਲੀਆਂ ਛੱਤਾਂ ਉੱਤੇ ਬਚਿਆਂ ਨੂੰ ਖੇਡਦਾ ਤੱਕ ਲੈਂਦਾ ਤਾਂ ਉਸਦਾ ਹਿਰਦਾ ਸੱਧਰ ਨਾਲ ਤੜਫ਼ ਉਠਦਾ। ਇੱਕ ਦਿਨ ਉਸ ਨੇ ਦਿਲ ਕੱਢਿਆ ਤੇ ਆਪਣੇ ਮਾਮੇ ਕੋਲੋਂ ਪੁੱਛਿਆ, ‘‘ਮਾਮਾ ਜੀ! ਮੈਂ ਘਰ ਕਦੋਂ ਜਾਵਾਂਗਾ?’’ ਉਸਦੇ ਮਾਮੇ ਨੇ ਉੱਤਰ ਦਿੱਤਾ, ‘‘ਬਸ ਛੁੱਟੀਆਂ ਹੋਣ ਤੱਕ ਸਬਰ ਕਰ।’’ ਪਰ ਅਕਤੂਬਰ ਤੋਂ ਪਹਿਲਾਂ ਛੁੱਟੀਆਂ ਨਹੀਂ ਸਨ ਹੋਣੀਆਂ, ਤੇ ਅਕਤੂਬਰ ਚੜਨ ਵਿੱਚ ਹਾਲੀ ਬੜਾ ਸਮਾਂ ਪਿਆ ਸੀ। ਇੱਕ ਦਿਨ ਫਾਟਿਕ ਦੀ ਪਾਠ-ਪੁਸਤਕ ਗੁਆਚ ਗਈ। ਵਿਚਾਰਾ ਕਿਤਾਬਾਂ ਦੇ ਹੁੰਦਿਆਂ ਵੀ ਆਪਣਾ ਪਾਠ ਯਾਦ ਨਹੀਂ ਸੀ ਕਰ ਸਕਦਾ, ਹੁਣ ਪੋਥੀ ਗੁਆਚ ਜਾਣ ਨਾਲ ਤਾਂ ਉਸ ਲਈ ਉਕਾ ਹੀ ਅਸੰਭਵ ਹੋ ਗਿਆ। ਉਸਦਾ ਅਧਿਆਪਕ ਉਸਨੂੰ ਨਿੱਤ ਬੇਦਰਦੀ ਨਾਲ ਬੈਂਤ ਮਾਰਦਾ। ਉਹ ਇੰਨਾ ਹੀਣ ਤੇ ਨਿਕੰਮਾ ਹੋ ਗਿਆ ਕਿ ਉਸਦੇ ਆਪਣੇ ਭਰਾਵਾਂ ਨੇ ਵੀ ਉਸਨੂੰ ਅਪਨਾਉਣਾ ਛੱਡ ਦਿੱਤਾ। ਉਨਾਂ ਨੇ ਦੂਜੇ ਮੁੰਡਿਆਂ ਨਾਲੋਂ ਵੀ ਵੱਧ ਉਸ ਨੂੰ ਚਿੜਾਉਣਾ ਤੇ ਮਖੌਲ ਕਰਨਾ ਸ਼ੁਰੂ ਕਰ ਦਿੱਤਾ। ਅੰਤ ਉਹ ਆਪਣੀ ਮਾਮੀ ਕੋਲ ਗਿਆ ਤੇ ਦੱਸ ਦਿੱਤਾ ਕਿ ਉਸਦੀ ਕਿਤਾਬ ਗੁਆਚ ਗਈ ਹੈ। ਬੜੇ ਨਿਰਾਦਰ ਭਰੇ ਲਹਿਜੇ ਨਾਲ ਉਹ ਬੋਲੀ, ‘‘ਤੂੰ ਉਕਾ ਉਜੱਡ ਤੇ ਗੰਵਾਰ ਹੀ ਰਹਿਓਂ। ਮੈਂ ਮਹੀਨੇ ਵਿੱਚ ਐਨੀ ਵਾਰੀ ਤੇਰੇ ਲਈ ਕਿਤਾਬਾਂ ਕਿੱਥੋਂ ਲਿਆਵਾਂ? ਮੈਂ ਆਪਣੇ ਮੁੰਡਿਆਂ ਦਾ ਖਰਚਾ ਵੀ ਤਾਂ ਤੋਰਨਾ ਹੈ?’’ ਉਸ ਦਿਨ ਫਾਟਿਕ ਜਦ ਸਕੂਲੋਂ ਮੁੜਿਆ ਤਾਂ ਰਾਤੀਂ ਉਸ ਨੂੰ ਸਖ਼ਤ ਸਿਰ ਦਰਦ ਹੋਣ ਲੱਗੀ ਤੇ ਕਾਂਬਾ ਚੜ ਗਿਆ। ਉਸਨੂੰ ਇੰਝ ਜਾਪਿਆ ਜਿਵੇਂ ਮਲੇਰੀਆ ਬੁਖਾਰ ਚੜ ਗਿਆ ਹੁੰਦਾ ਹੈ। ਉਸ ਨੂੰ ਇਕੋ ਡਰ ਭਾਸ ਰਿਹਾ ਸੀ ਕਿ ਉਹ ਕਿੱਤੇ ਆਪਣੀ ਮਾਮੀ ਲਈ ਵਖਤ ਨਾ ਬਣ ਜਾਏ। ਅਗਲੀ ਸਵੇਰੇ ਫਾਟਿਕ ਕਿਧਰੇ ਨਜ਼ਰ ਨਹੀਂ ਸੀ ਆਉਂਦਾ। ਆਲੇ ਦੁਆਲੇ ਭਾਲ ਕੀਤੀ ਗਈ ਪਰ ਉਸਦਾ ਕੋਈ ਫਲ ਨਾ ਨਿਕਲਿਆ। ਸਾਰੀ ਰਾਤ ਜ਼ੋਰ ਦਾ ਮੀਂਹ ਵਰਦਾ ਰਿਹਾ ਸੀ ਤੇ ਜੇਹੜੇ ਵੀ ਉਸ ਨੂੰ ਲੱਭਣ ਗਏ, ਮੀਂਹ ਨਾਲ ਗੜੁੱਚੇ ਹੋ ਕੇ ਮੁੜੇ। ਅੰਤ ਬਿਸ਼ੰਬਰ ਨੇ ਪੁਲਸ ਵਿੱਚ ਉਸਦੇ ਗੁਆਚਣ ਦੀ ਰਿਪੋਰਟ ਲਿਖਾ ਦਿੱਤੀ। ਰਾਤ ਪੈਣ ਵੇਲੇ ਪੁਲਿਸ ਦੀ ਲਾਰੀ ਉਨਾਂ ਦੇ ਬੂਹੇ ਅੱਗੇ ਆਣ ਕੇ ਖਲੋ ਗਈ। ਹਾਲੀ ਵੀ ਮੀਂਹ ਵਰ ਰਿਹਾ ਸੀ ਤੇ ਗਲੀਆਂ ਵਿੱਚ ਹੜ ਆਇਆ ਜਾਪਦਾ ਸੀ। ਦੋ ਸਿਪਾਹੀਆਂ ਫਾਟਿਕ ਨੂੰ ਆਪਣੀਆਂ ਬਾਹਵਾਂ ਵਿੱਚ ਚੁਕਿਆ ਹੋਇਆ ਸੀ ਤੇ ਉਨਾਂ ਉਸ ਨੂੰ ਬਿਸ਼ੰਬਰ ਅੱਗੇ ਆਣ ਰੱਖਿਆ। ਫਾਟਿਕ ਪੈਰਾਂ ਤੋਂ ਸਿਰ ਤੱਕ ਪਾਣੀ ਨਾਲ ਗੜੁੱਚ ਤੇ ਚਿੱਕੜ ਨਾਲ ਲੱਥ ਪੱਥ ਹੋਇਆ ਹੋਇਆ ਸੀ। ਉਸਦੀਆਂ ਅੱਖਾਂ ਤੇ ਮੂੰਹ ਬੁਖਾਰ ਕਰਕੇ ਲਾਲ ਸੂਹੇ ਹੋਏ ਹੋਏ ਸਨ। ਉਸਦਾ ਅੰਗ ਅੰਗ ਕੰਬ ਰਿਹਾ ਸੀ। ਬਿਸ਼ੰਬਰ ਨੇ ਉਸਨੂੰ ਬਾਹਵਾਂ ਵਿੱਚ ਚੁਕ ਲਿਆ ਤੇ ਅੰਦਰ ਲੈ ਗਿਆ। ਜਦ ਉਸਦੀ ਵਹੁਟੀ ਨੇ ਉਸਨੂੰ ਤੱਕਿਆ ਤਾਂ ਉਹ ਬੋਲ ਉਠੀ, ‘‘ਇਸ ਮੁੰਡੇ ਨੇ ਸਾਨੂੰ ਕਿੰਨਾ ਦੁੱਖ ਦੇ ਰੱਖਿਆ ਹੈ। ਕੀ ਇਹ ਚੰਗਾ ਨਾ ਹੋਵੇ ਜੇ ਤੁਸੀਂ ਇਸਨੂੰ ਵਾਪਸ ਘਰ ਭੇਜ ਦੇਵੇ?’’ ਫਾਟਿਕ ਨੇ ਇਹ ਸ਼ਬਦ ਸੁਣ ਲਏ ਤੇ ਸਿਸਕੀਆਂ ਭਰਦਿਆਂ ਕਿਹਾ, ‘‘ਮਾਮਾ ਜੀ ਮੈਂ ਘਰ ਨੂੰ ਹੀ ਜਾ ਰਿਹਾ ਸਾਂ, ਪਰ ਪੁਲਿਸ ਵਾਲੇ ਮੈਨੂੰ ਖਿੱਚ ਕੇ ਵਾਪਸ ਲੈ ਆਏ ਹਨ।’’ ਬੁਖਾਰ ਤੇਜ਼ੀ ਨਾਲ ਵਧਦਾ ਗਿਆ ਤੇ ਸਾਰੀ ਰਾਤ ਮੁੰਡਾ ਬੁੜ- ਬੁੜਾਉਂਦਾ ਰਿਹਾ। ਬਿਸ਼ੰਬਰ ਨੇ ਡਾਕਟਰ ਨੂੰ ਸੱਦਿਆ। ਫਾਟਿਕ ਨੇ ਅੱਖਾਂ ਖੋਲੀਆਂ ਤੇ ਛੱਤ ਵੱਲ ਝਾਕਦਿਆਂ ਸੱਖਣੀ ਜੇਹੀ ਆਵਾਜ਼ ਵਿੱਚ ਬੋਲਿਆ, ‘‘ਮਾਮਾ ਜੀ, ਹਾਲੀ ਛੁੱਟੀਆਂ ਨਹੀਂ ਹੋਈਆਂ?’’ ਬਿਸ਼ੰਬਰ ਨੇ ਆਪਣੀਆਂ ਅੱਖਾਂ ਵਿੱਚੋਂ ਅੱਥਰੂ ਪੂੰਝਦਿਆਂ ਉਸਦਾ ਤਪਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਿਆ ਤੇ ਸਾਰੀ ਰਾਤ ਉਸ ਦੇ ਕੋਲ ਬੈਠਾ ਰਿਹਾ। ਮੁੰਡਾ ਫਿਰ ਕੁੱਝ ਬੁੜ-ਬੁੜਾਇਆ ਤੇ ਅੰਤ ਉਸ ਦੀ ਆਵਾਜ਼ ਇੱਕ ਚੀਕ ਜੇਹੀ ਬਣ ਗਈ, ‘‘ਮਾਂ! ਮੈਨੂੰ ਇੰਜ਼ ਨਾ ਮਾਰ ਮਾਂ! ਮੈਂ ਬਿਲਕੁੱਲ ਸੱਚ ਦੱਸ ਰਿਹਾ ਹਾਂ!’’ ਅਗਲੇ ਦਿਨ ਫਾਟਿਕ ਨੂੰ ਕੁੱਝ ਸਮੇਂ ਲਈ ਹੋਸ਼ ਆ ਗਈ। ਉਸ ਦੀਆਂ ਅੱਖਾਂ ਕਮਰੇ ਦੇ ਸਾਰੇ ਪਾਸੇ ਘੁੰਮ ਰਹੀਆਂ ਸਨ, ਜਿਵੇਂ ਉਸ ਨੂੰ ਕਿਸੇ ਦੇ ਆਉਣ ਦੀ ਆਸ ਹੁੰਦੀ ਹੈ। ਅੰਤ ਨਿਰਾਸ਼ ਹੋ, ਉਸ ਦਾ ਸਿਰ ਫਿਰ ਸਰਾਣੇ ਤੇ ਡਿੱਗ ਪਿਆ। ਇੱਕ ਡੂੰਘਾ ਸਾਹ ਭਰ ਕੇ ਉਸ ਨੇ ਆਪਣਾ ਮੂਹ ਕੰਧ ਵੱਲ ਫੇਰ ਲਿਆ। ਬਿਸ਼ੰਬਰ ਨੇ ਉਸ ਦੇ ਮਨ ਦੀ ਗੱਲ ਬੁਝ ਲਈ। ਉਹ ਉਸ ਉੱਤੇ ਝੁਕ ਗਿਆ ਤੇ ਹੌਲੀ ਜੇਹੀ ਬੋਲਿਆ, ‘‘ਫਾਟਿਕ ਮੈਂ ਤੇਰੀ ਮਾਂ ਨੂੰ ਆਉਣ ਲਈ ਸੁਨੇਹਾ ਭੇਜ ਦਿੱਤਾ ਹੈ।’’ ਦਿਨ ਬੜਾ ਹੌਲੀ ਹੌਲੀ ਬੀਤਣ ਲੱਗਾ। ਡਾਕਟਰ ਨੇ ਬੜੀ ਗੰਭੀਰ ਆਵਾਜ਼ ਵਿੱਚ ਦੱਸਿਆ ਕਿ ਮੁੰਡੇ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ। ਫਾਟਿਕ ਉੱਚੀ ਆਵਾਜ਼ ਵਿੱਚ ਕਹਿਣ ਲਗਾ, ‘‘ਅੰਕ-ਫੱਟੀ ਦੇ ਹਿਸਾਬ- ਪਾਣੀ ੧੮ ਫੁੱਟ ਡੂੰਘਾ। ਅੰਕ-ਫੱਟੀ ਦੇ ਹਿਸਾਬ-ਪਾਣੀ ੨੪ ਫੁੱਟ ਡੂੰਘਾ। ਅੰਕ- ਫੱਟੀ ਦੇ ਹਿਸਾਬ- ਉਸ ਕਈ ਵਾਰ ਅਗਨ ਬੋਟਾਂ ਦੇ ਮਲਾਹਾਂ ਨੂੰ ਨਦੀ ਵਿੱਚ ਸਿੱਕੇ ਦੀ ਅੰਕ-ਫੱਟੀ ਤੇ ਲੱਗੇ ਨਿਸ਼ਾਨਾਂ ਨੂੰ ਬੋਲਦੇ ਸੁਣਿਆ ਸੀ। ਹੁਣ ਉਹ ਆਪ ਅਥਾਹ ਸਾਗਰ ਦੀਆਂ ਡੂੰਗਾਈਆਂ ਨਾਪ ਰਿਹਾ ਸੀ। ਦਿਨ ਦੇ ਅਖ਼ੀਰਲੇ ਪਹਿਰ ਫਾਟਿਕ ਦੀ ਮਾਂ ਵਾ-ਵਰੋਲੇ ਵਾਂਗ ਘਰ ਦੇ ਅੰਦਰ ਆ ਵੜੀ ਅਤੇ ਕਮਰੇ ਦੇ ਅੰਦਰ ਇਧਰ ਉੱਧਰ ਢਹਿੰਦੀ, ਸਿਸਕੀਆਂ ਭਰਦੀ ਰੋਂਦੀ ਫਿਰਨ ਲੱਗੀ। ਬਿਸ਼ੰਬਰ ਨੇ ਉਸ ਨੂੰ ਚੁਪ ਕਾਰਉਣ ਦਾ ਯਤਨ ਕੀਤਾ, ਪਰ ਉਹ ਪਲੰਘ ਤੇ ਢਹਿ ਪਈ ਤੇ ਰੋਂਦਿਆਂ-ਰੋਂਦਿਆਂ ਬੋਲੀ, ‘‘ਫਾਟਿਕ, ਮੇਰੀ ਜ਼ਿੰਦ, ਮੇਰੀ ਜਾਨ!’’ ਫਾਟਿਕ ਨੇ ਕੱੁਝ ਪਲ ਲਈ ਤਰਲੋ-ਮੱਛੀ ਹੋਣਾ ਬੰਦ ਕਰ ਦਿੱਤਾ, ਉਸ ਦੇ ਹੱਥਾਂ ਦੀ ਤੜਫਨੀ ਰੁਕ ਗਈ। ਉਹ ਬੋਲਿਆ ‘‘ਹੂੰ?’’ ਮਾਂ ਨੇ ਵਿਰ ਲਿਲਕਣੀ ਲਈ, ‘ਫਾਟਿਕ, ਮੇਰਾ ਪੁਤਰ ਮੇਰੀ ਜ਼ਿੰਦ, ਮੇਰੀ ਜਾਨ!’’ ਹੌਲੀ, ਬੜੀ ਹੌਲੀ, ਫਾਟਿਕ ਦੀਆਂ ਅੱਖਾਂ ਘੁੰਮੀਆਂ, ਪਰ ਹੁਣ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਛਾਣ ਨਹੀਂ ਸੀ ਸਕਦਾ। ਅੰਤ ਉਹ ਬੁੜਬੁੜਾਇਆ, ‘‘ਮਾਂ ਛੁੱਟੀਆਂ ਹੋ ਗਈਆਂ ਹਨ?’’

Read News Paper

Related articles

spot_img

Recent articles

spot_img