ਨਵੀ ਮੁੰਬਈ/ਪੰਜਾਬ ਪੋਸਟ
ਭਾਰਤ ਦੀ ਮਹਿਲਾ ਕ੍ਰਿਕਟ ਟੀਮ ਇੱਕ ਵੱਡੀ ਜਿੱਤ ਦਰਜ ਕਰਦੇ ਹੋਏ ਇੱਕ ਰੋਜ਼ਾ ਵਿਸ਼ਵ ਕੱਪ 2025 ਦੇ ਦੂਜੇ ਸੈਮੀਫਾਈਨਲ ’ਚ ਸੱਤ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਪਹੁੰਚ ਗਈ ਹੈ। ਨਵੀ ਮੁੰਬਈ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 338 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਭਾਰਤ ਨੇ 5 ਵਿਕਟਾਂ ਗੁਆ ਕੇ ਇਹ ਟੀਚਾ ਸਰ ਕਰ ਲਿਆ। ਭਾਰਤ ਦੀ ਜਿੱਤ ’ਚ ਜੈਮਿਮਾ ਰੌਡਰਿਗਜ਼ ਦਾ ਅਹਿਮ ਯੋਗਦਾਨ ਰਿਹਾ ਜਿਸ ਨੇ ਨਾਬਾਦ 127 ਦੌੜਾਂ ਬਣਾਈਆਂ। ਉਸ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ। ਉਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ 89, ਸਮ੍ਰਿਤੀ ਮੰਧਾਨਾ ਨੇ 24 ਅਤੇ ਰਿਚਾ ਘੋਸ਼ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆ ਦੀ ਸਾਰੀ ਟੀਮ 49.5 ਓਵਰਾਂ ’ਚ 338 ਦੌੜਾਂ ’ਤੇ ਸਮੇਟ ਦਿੱਤੀ ਸੀ। ਭਾਰਤ ਵੱਲੋਂ ਸ੍ਰੀਚਰਨੀ ਅਤੇ ਦੀਪਤੀ ਸ਼ਰਮਾ ਨੇ 2-2 ਜਦਕਿ ਕਰਾਂਤੀ ਗੌੜ, ਅਮਨਜੋਤ ਕੌਰ ਅਤੇ ਰਾਧਾ ਯਾਦਵ ਨੇ 1-1 ਵਿਕਟ ਹਾਸਲ ਕੀਤੀ। ਆਸਟਰੇਲੀਆ ਵੱਲੋਂ ਫੋਇਬੇ ਲਿਚਫੀਲਡ ਨੇ ਸ਼ਾਨਦਾਰ ਸੈਂਕੜਾ ਬਣਾਉਂਦੇ ਹੋਏ 119 ਦੌੜਾਂ ਦੀ ਪਾਰੀ ਖੇਡੀ। ਹੁਣ ਐਤਵਾਰ ਨੂੰ ਨਵੀ ਮੁੰਬਈ ਵਿਖੇ ਹੀ ਫਾਈਨਲ ’ਚ ਭਾਰਤੀ ਟੀਮ ਦਾ ਸਾਹਮਣਾ ਹੁਣ ਦੱਖਣੀ ਅਫ਼ਰੀਕਾ ਨਾਲ ਹੋਵੇਗਾ।






