ਤਹਿਰਾਨ/ਪੰਜਾਬ ਪੋਸਟ
ਇਰਾਨ ਨੇ ਵਿਸ਼ੇਸ਼ ਰਿਆਇਤ ਦੀ ਭਾਵਨਾ ਦਿਖਾਉਂਦਿਆਂ ਇਕ ਹਜ਼ਾਰ ਦੇ ਕਰੀਬ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਵਿਦਿਆਰਥੀ ਹਨ, ਨੂੰ ਮਸ਼ਾਦ ਸ਼ਹਿਰ ਤੋਂ ਸੁਰੱਖਿਅਤ ਕੱਢਣ ਲਈ ਆਪਣੇ ਹਵਾਈ ਖੇਤਰ ’ਤੇ ਲੱਗੀ ਪਾਬੰਦੀ ਆਰਜ਼ੀ ਤੌਰ ’ਤੇ ਹਟਾਉਣ ਦਾ ਫੈਸਲਾ ਕੀਤਾ ਹੈ। ਭਾਰਤੀ ਨਾਗਰਿਕਾਂ ਨੂੰ ਤਿੰਨ ਚਾਰਟਰ ਉਡਾਣਾਂ ਰਾਹੀਂ ਨਵੀਂ ਦਿੱਲੀ ਲਿਆਂਦਾ ਜਾਵੇਗਾ। ਭਾਰਤ ਵਿਚ ਇਰਾਨੀ ਮਿਸ਼ਨ ਦੇ ਉਪ ਮੁਖੀ ਮੁਹੰਮਦ ਜਾਵੇਦ ਹੁਸੈਨੀ ਨੇ ਕਿਹਾ ਕਿ ਲੋੜ ਪੈਣ ’ਤੇ ਅਗਲੇ ਦਿਨਾਂ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੁਝ ਹੋਰ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ। ਇਰਾਨ ਦੀ ਰਾਜਧਾਨੀ ਤਹਿਰਾਨ ’ਤੇ ਇਜ਼ਰਾਇਲੀ ਹਮਲਿਆਂ ਮਗਰੋਂ ਭਾਰਤੀ ਨਾਗਰਿਕਾਂ ਨੂੰ ਉਥੋਂ ਮਸ਼ਾਦ ਲਿਆਂਦਾ ਗਿਆ ਹੈ। ਮਸ਼ਾਦ ਤੋਂ ਭਾਰਤੀਆਂ ਨੂੰ ਲੈ ਕੇ ਆਉਣ ਵਾਲੀਆਂ ਉਡਾਣਾਂ ਦਾ ਪ੍ਰਬੰਧ ਨਵੀਂ ਦਿੱਲੀ ਵੱਲੋਂ ਕੀਤਾ ਗਿਆ ਏ ਤੇ ਉਡਾਣਾਂ ਇਰਾਨ ਦੀ ਏਅਰਲਾਈਨ ਵੱਲੋਂ ਚਲਾਈਆਂ ਜਾਣਗੀਆਂ। ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀ ਇਕ ਹੋਰ ਉਡਾਣ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਾਤ ਤੋਂ ਦਿੱਲੀ ਪਹੁੰਚੇਗੀ। ਅਸ਼ਗਾਬਾਤ ਰਸਤੇ ਭਾਰਤ ਆ ਰਹੇ ਭਾਰਤੀ ਨਾਗਰਿਕ ਇਰਾਨ ਤੋਂ ਸਰਹੱਦ ਰਸਤੇ ਤੁਰਕਮੇਨਿਸਤਾਨ ਵਿਚ ਦਾਖ਼ਲ ਹੋਏ ਸਨ। ਭਾਰਤ ਨੇ ਇਰਾਨ-ਇਜ਼ਰਾਈਲ ਟਕਰਾਅ ਕਰਕੇ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਇਰਾਨ ਅਤੇ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬੁੱਧਵਾਰ ਨੂੰ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਸੀ।







