ਤਹਿਰਾਨ/ਪੰਜਾਬ ਪੋਸਟ
ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਵਿਰੁੱਧ ਛੇੜੀ ਗਈ ਜੰਗ ਪੰਜਵੇਂ ਦਿਨ ਵੀ ਜਾਰੀ ਰਹੀ। ਇਰਾਨ ਦੇ ਸਰਕਾਰੀ ਮੀਡੀਆ ਨੇ ਰਿਵੋਲਿਊਸ਼ਨਰੀ ਗਾਰਡਜ਼ ਨੇਵੀ ਦੇ ਇੱਕ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਰਾਨ ਦੀ ਫੌਜ ਨੇ ਖਾੜੀ ਖੇਤਰ ਵਿੱਚ ਇੱਕ ਨਵੀਂ ਅਤੇ ਸਖ਼ਤ ਰਣਨੀਤੀ ਅਪਣਾਈ ਹੈ। ਇਰਾਨ ਦਾ ਕਹਿਣਾ ਹੈ ਕਿ ਇਸ ਨੀਤੀ ਤਹਿਤ ਹੁਣ ਓਹ ਅਮਰੀਕਾ ਅਤੇ ਬ੍ਰਿਟੇਨ ਦੇ ਜਹਾਜ਼ਾਂ ਦੇ ਨਾਲ-ਨਾਲ ਉਨ੍ਹਾਂ ਸਾਰੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਏਗਾ ਜੋ ਇਜ਼ਰਾਈਲ ਲਈ ਮਾਲ ਲੈ ਕੇ ਜਾ ਰਹੇ ਹਨ। ਓਧਰ, ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਹੈ ਕਿ ਅਮਰੀਕੀ ਫੌਜ ਨੇ ਉਸ ਇਰਾਨੀ ਯੂਨਿਟ ਦੇ ਲੀਡਰ ਨੂੰ ਮਾਰ ਦਿੱਤਾ ਹੈ, ਜਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ ਰੱਖਿਆ ਮੰਤਰੀ ਨੇ ਉਸ ਵਿਅਕਤੀ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਮੰਗਲਵਾਰ ਨੂੰ ਕੀਤੀ ਗਈ ਸੀ।







