ਦਮਿਸ਼ਕ/ਪੰਜਾਬ ਪੋਸਟ
ਸੀਰੀਆ ਦੇ ਸ਼ਹਿਰ ਸਵੀਦਾ ’ਚ ਉਸ ਸਮੇਂ ਝੜਪਾਂ ਸ਼ੁਰੂ ਹੋ ਗਈਆਂ ਜਦੋਂ ਸਰਕਾਰੀ ਬਲਾਂ ਅਤੇ ਡਰੂਜ਼ ਹਥਿਆਰਬੰਦ ਸਮੂਹਾਂ ਵਿਚਾਲੇ ਜੰਗਬੰਦੀ ਟੁੱਟ ਗਈ। ਉਧਰ ਇਜ਼ਰਾਈਲ ਨੇ ਅਪਣੀ ਸ਼ਮੂਲੀਅਤ ਵਧਾਉਣ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਡਰੂਜ਼ ਧਾਰਮਕ ਘੱਟ ਗਿਣਤੀ ਦੇ ਸਮਰਥਨ ’ਚ ਹੈ। ਇਜ਼ਰਾਈਲੀ ਫੌਜ ਨੇ ਦਮਿਸ਼ਕ ਵਿਚ ਸੀਰੀਆ ਦੇ ਰੱਖਿਆ ਮੰਤਰਾਲੇ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹਮਲਾ ਕੀਤਾ ਅਤੇ ਕਈ ਘੰਟਿਆਂ ਬਾਅਦ ਇਕ ਵੱਡਾ ਹਮਲਾ ਕਰ ਕੇ ਮੁੜ ਉਸੇ ਜਗ੍ਹਾ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਦੱਖਣੀ ਸੀਰੀਆ ਵਿਚ ਸਰਕਾਰੀ ਬਲਾਂ ਦੇ ਕਾਫਲਿਆਂ ‘ਤੇ ਕਈ ਹਵਾਈ ਹਮਲੇ ਵੀ ਕੀਤੇ ਹਨ ਅਤੇ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਸੀਰੀਆ ਦੇ ਰੱਖਿਆ ਮੰਤਰਾਲੇ ਨੇ ਇਸ ਤੋਂ ਪਹਿਲਾਂ ਸਵੀਦਾ ਦੇ ਡਰੂਜ਼ ਬਹੁਗਿਣਤੀ ਇਲਾਕੇ ’ਚ ਮਿਲੀਸ਼ੀਆ ‘ਤੇ ਮੰਗਲਵਾਰ ਹੋਏ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਉਹ ਵਸਨੀਕਾਂ ਦੀ ਰੱਖਿਆ ਕਰਨ, ਨੁਕਸਾਨ ਨੂੰ ਰੋਕਣ ਅਤੇ ਸ਼ਹਿਰ ਛੱਡ ਕੇ ਅਪਣੇ ਘਰਾਂ ਨੂੰ ਵਾਪਸ ਪਰਤਣ ਵਾਲਿਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਨਿਯਮਾਂ ਦੀ ਪਾਲਣਾ ਕਰ ਰਹੇ ਹਨ।







