ਮਿਸੀਸੀਪੀ/ਪੰਜਾਬ ਪੋਸਟ
ਅਮਰੀਕਾ ਵਿਚ ਗੰਭੀਰ ਮੌਸਮੀ ਹਾਲਾਤ ਨੇ ਕਈ ਥਾਵਾਂ ’ਤੇ ਤਬਾਹੀ ਮਚਾਈ ਹੈ। ਮਿਸੀਸਿਪੀ ਵਿਚ ਜਿਥੇ ਸ਼ਕਤੀਸ਼ਾਲੀ ਤੂਫ਼ਾਨ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ, ਉਥੇ ਓਕਲਾਹੋਮਾ ਕਸਬੇ ਵਿਚ ਤੇਜ਼ ਹਵਾਵਾਂ ਨੇ ਛੱਤਾਂ ਨੂੰ ਉਡਾ ਦਿਤਾ, ਜਦਕਿ ਮੱਧ-ਪੱਛਮੀ ਖੇਤਰ ਵਿਚ ਵੀ ਭਾਰੀ ਬਰਫ਼ਬਾਰੀ ਹੋਈ ਹੈ ਅਤੇ ਟੈਕਸਾਸ ਵਿਚ ਸੁੱਕੇ, ਹਵਾ ਵਾਲੇ ਮੌਸਮ ਕਾਰਨ ਜੰਗਲ ਦੀ ਅੱਗ ਭੜਕ ਗਈ। ਇਸ ਦੌਰਾਨ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਚਿਤਾਵਨੀ ਦਿਤੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਤੂਫ਼ਾਨ ਆਉਣ ਨਾਲ ਸ਼ੁੱਕਰਵਾਰ ਤਕ ਕੈਲੀਫ਼ੋਰਨੀਆ ਅਤੇ ਪੱਛਮ ਦੇ ਹੋਰ ਹਿੱਸਿਆਂ ਵਿਚ ਪਹਾੜੀ ਇਲਾਕਿਆਂ ਵਿਚ ਵਿਆਪਕ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਕੈਰੋਲੀਨਾ, ਫ਼ਲੋਰੀਡਾ ਅਤੇ ਵਰਜੀਨੀਆ ਲਈ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਯੂਨੀਅਨ ਕਾਉਂਟੀ, ਉਤਰੀ ਕੈਰੋਲੀਨਾ ਦੇ ਅਧਿਕਾਰੀਆਂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਯੂ.ਐਸ ਨੈਸ਼ਨਲ ਵੈਦਰ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਯੂਨੀਅਨਵਿਲ ਖੇਤਰ ਵਿਚ ਇਕ ਈ.ਐਫ਼.ਆਈ ਤੂਫਾਨ ਆਇਆ, ਜਿਸ ਕਾਰਨ ਕਈ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਅਤੇ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ।
ਅਮਰੀਕਾ ਵਿੱਚ ਬਰਫੀਲੇ ਤੂਫਾਨ ਦਾ ਕਹਿਰ, ਕਈ ਥਾਵਾਂ ਉੱਤੇ ਜਾਨੀ-ਮਾਲੀ ਨੁਕਸਾਨ ਦੇ ਵੇਰਵੇ

Published:






