ਨਿਊਯਾਰਕ/ਪੰਜਾਬ ਪੋਸਟ
ਨਾਰਕੋ ਦਹਿਸ਼ਤਵਾਦ ਦੇ ਦੋਸ਼ਾਂ ਤਹਿਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਅਮਰੀਕੀ ਫੌਜ ਵੱਲੋਂ ਕਾਰਵਾਈ ਉਪਰੰਤ ਕਾਬੂ ਕੀਤੇ ਜਾਣ ਤੋਂ ਬਾਅਦ ਉਨਾਂ ਨੂੰ ਨਿਊਯਾਰਕ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਬਾਅਦ ਦੁਪਹਿਰ ਸੰਖੇਪ ਪਰ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਜੱਜ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨਾਲ ਇਸ ਨੁਕਤੇ ਨੂੰ ਲੈ ਕੇ ਲੰਮੀ ਕਾਨੂੰਨੀ ਲੜਾਈ ਚੱਲ ਸਕਦੀ ਹੈ ਕਿ ਕੀ ਉਨ੍ਹਾਂ ਖਿਲਾਫ਼ ਅਮਰੀਕੀ ਅਦਾਲਤ ਵਿਚ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਨਹੀਂ। ਮਾਦੂਰੋ ਜੋੜੇ ਨੂੰ ਬੀਤੀ ਸਵੇਰ ਹਥਿਆਰਬੰਦ ਗਾਰਡਾਂ ਦੇ ਪਹਿਰੇ ਹੇਠ ਬਰੁੱਕਲਿਨ ਜੇਲ੍ਹ ਤੋਂ ਅਦਾਲਤ ਵੱਲ ਲਿਆਂਦਾ ਗਿਆ ਸੀ। ਦੂਜੇ ਬੰਨੇ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਅਮਰੀਕਾ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਉੱਥੇ ਅਸਥਿਰਤਾ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਮਾਦੂਰੋ ਦੀ ਨਿਊਯਾਰਕ ਅਦਾਲਤ ਵਿੱਚ ਪੇਸ਼ੀ ਤੋਂ ਮਹਿਜ਼ ਕੁਝ ਘੰਟੇ ਪਹਿਲਾਂ 15 ਮੈਂਬਰੀ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਹੋਈ। ਗੁਟੇਰੇਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ਦੇਸ਼ ਵਿੱਚ ਅਸਥਿਰਤਾ ਵਧਾ ਸਕਦੀ ਹੈ ਅਤੇ ਦੂਜੇ ਮੁਲਕਾਂ ਦੇ ਆਪਸੀ ਸਬੰਧਾਂ ਲਈ ਵੀ ਗ਼ਲਤ ਪਿਰਤ ਪਾ ਸਕਦੀ ਹੈ। ਉਨ੍ਹਾਂ ਅਮਰੀਕੀ ਅਪਰੇਸ਼ਨ ਦੌਰਾਨ ਕੌਮਾਂਤਰੀ ਕਾਨੂੰਨਾਂ ਦੀ ਅਣਦੇਖੀ ਕਰਨ ’ਤੇ ਚਿੰਤਾ ਜਤਾਈ।







