ਸ. ਰਣਜੀਤ ਸਿੰਘ ਧਨੋਆ ਦੇ ਅਕਾਲ ਚਲਾਣੇ ਨਾਲ ਧਨੋਆ ਪਰਿਵਾਰ ਨੂੰ ਸਦਮਾ; 22 ਜੂਨ ਨੂੰ ਭੋਗ ਅਤੇ ਅੰਤਿਮ ਅਰਦਾਸ ਸੰਪੰਨ

Published:

Rate this post

ਅਫਜਲਗੜ੍ਹ (ਬਿਜਨੌਰ)/ਪੰਜਾਬ ਪੋਸਟ
ਧਨੋਆ ਪਰਿਵਾਰ ਅਤੇ ਆਪਣੇ ਇਲਾਕੇ ਦੀ ਸਤਿਕਾਰਯੋਗ ਸਖਸ਼ੀਅਤ ਸ. ਰਣਜੀਤ ਸਿੰਘ ਧਨੋਆ ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅਖੰਡ ਪਾਠ ਸਾਹਿਬ ਜੀ ਦੇ ਭੋਗ ਧਨੋਆ ਫਾਰਮ ਅਤੇ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 22 ਜੂਨ ਨੂੰ ਗੁਰੂ ਨਾਨਕ ਘਾਟ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਏ। ਸਮਾਗਮ ਦੌਰਾਨ ਵੈਰਾਗਮਈ ਕੀਰਤਨ ਅਤੇ ਸ. ਰਣਜੀਤ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਗੁਰੂ ਚਰਨਾ ਵਿੱਚ ਅਰਦਾਸ ਕੀਤੀ ਗਈ। ਸਮਾਗਮ ਵਿੱਚ ਧਨੋਆ ਪਰਿਵਾਰ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਸਣੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।

ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਨ੍ਹਾਂ ਲੋਕਾਂ ਨੇ ਕਿਹਾ ਕਿ, ‘‘ਇਹ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ, ਬਲਕਿ ਇਲਾਕੇ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਧਨੋਆ ਪਰਿਵਾਰ ਦਾ ਇਲਾਕੇ ਵਿੱਚ ਵੱਡਾ ਆਧਾਰ ਹੋਣ ਦੇ ਬਾਵਜੂਦ ਸ. ਰਣਜੀਤ ਸਿੰਘ ਧਨੋਆ ਸਰਗਰਮ ਸਿਆਸਤ ਤੋਂ ਦੂਰ ਰਹੇ, ਪਰ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਪ੍ਰਸਾਸ਼ਨ ਅਤੇ ਰਾਜਨੀਤਿਕ ਆਗੂਆਂ ਕੋਲ ਪ੍ਰਮੁੱਖਤਾ ਨਾਲ ਉਠਾਉਂਦੇ ਅਤੇ ਭਾਈਚਾਰਕ ਮਸਲਿਆਂ ਦੇ ਸਾਂਝੇ ਹੱਲ ਲਈ ਪਰ੍ਹੇ-ਪੰਚਾਇਤਾਂ ਵਿੱਚ ਨਿਰਪੱਖਤਾ ਅਤੇ ਦਲੇਰੀ ਨਾਲ ਕਹਿਣ ਵਾਲੀ ਸਖਸ਼ੀਅਤ ਵਜੋਂ ਜਾਣੇ ਜਾਂਦੇ ਸਨ।
ਰਣਜੀਤ ਸਿੰਘ ਧਨੋਆ ਆਪਣੇ ਚਾਰ ਭਰਾਵਾਂ ਵਿੱਚ ਸਭ ਤੋਂ ਵੱਡੇ ਸਨ। ਉਨ੍ਹਾਂ ਦਾ ਪਰਿਵਾਰ 1947 ਦੀ ਦੇਸ਼ ਵੰਡ ਵੇਲੇ ਲਾਹੌਰ ਦੇ ਕਮਾਹੇਂ ਪਿੰਡ ਤੋਂ ਪੱਟੀ ਜ਼ਿਲ੍ਹਾ ਅੰਮਿ੍ਰਤਸਰ (ਹੁਣ ਤਰਨਤਾਰਨ) ਵਿੱਚ ਵਸ ਗਿਆ ਸੀ। ਉਨ੍ਹਾਂ ਦੇ ਪਿਤਾ ਸ. ਕੁੰਦਨ ਸਿੰਘ ਪੱਟੀ ਦੇ ਅਗਾਂਹਵਧੂ ਕਿਸਾਨ ਸਨ ਅਤੇ ਖੁੱਲ੍ਹੀ ਖੇਤੀ ਦਾ ਮੋਹ ਉਨ੍ਹਾਂ ਨੂੰ 60ਵਿਆਂ ਵਿੱਚ ਯੂ. ਪੀ. ਦੇ ਇਸ ਇਲਾਕੇ ਵਿੱਚ ਲੈ ਆਇਆ, ਜਿੱਥੇ ਉਨ੍ਹਾਂ ਨੇ ਪੱਟੀ ਵਾਲੀ ਜ਼ਮੀਨ ਦੇ ਨਾਲ-ਨਾਲ ਇੱਥੇ ਯੂ. ਪੀ. ਵਿੱਚ ਵੀ ਸਖਤ ਮਿਹਨਤ ਨਾਲ ਜੰਗਲ ਆਬਾਦ ਕਰਕੇ ਖੇਤੀਬਾੜੀ ਸ਼ੁਰੂ ਕੀਤੀ ਅਤੇ ਜ਼ਮੀਨ ਆਪਣੇ ਪਰਿਵਾਰ ਲਈ ਖੁਸ਼ਹਾਲ ਜ਼ਿੰਦਗੀ ਦਾ ਆਧਾਰ ਰੱਖਿਆ। ਸਿਰਫ ਇਹੀ ਨਹੀਂ ਰਣਜੀਤ ਸਿੰਘ ਧਨੋਆ ਦੇ ਪਿਤਾ ਸ. ਕੁੰਦਨ ਸਿੰਘ ਜਿੱਥੇ ਗ੍ਰਾਮ ਪ੍ਰਧਾਨ, ਜ਼ਿਲ੍ਹਾ ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦ ਵਿੱਚ ਆਪਣੇ ਇਲਾਕੇ ਦੇ ਵਿਕਾਸ ਲਈ ਸਰਗਰਮ ਰਹੇ, ਉੱਥੇ ਉਨ੍ਹਾਂ ਚਾਹੜ ਵਾਲਾ ਫਾਰਮ ਵਿਖੇ ਗੁਰਦੁਆਰਾ ਸਾਹਿਬ, ਸਕੂਲ, ਸ਼ੂਗਰ ਮਿਲ ਕੰਡਾ, ਸੜਕ ਅਤੇ ਹੋਰ ਵਿਕਾਸ ਕਾਰਜਾਂ ਦੇ ਨਾਲ-ਨਾਲ ਯੂ. ਪੀ. ਪ੍ਰਤੀਨਿਧ ਬੋਰਡ ਦੇ ਮੈਂਬਰ ਵਜੋਂ ਸਿੱਖ ਮਸਲਿਆਂ ਅਤੇ ਸਿੱਖਾਂ ਦੀ ਜ਼ਮੀਨੀ ਮਾਲਕੀ ਦੇ ਹੱਕਾਂ ਲਈ ਕਈ ਕਾਰਜ ਕੀਤੇ।

ਸ. ਰਣਜੀਤ ਸਿੰਘ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਪੁੱਤਰ ਅਤੇ ਇੱਕ ਪੋਤਰਾ ਜਰਮਨੀ ਵਿੱਚ ਰੈਸਟੋਰੈਂਟ ਖੇਤਰ ਦਾ ਸਫਲ ਕਾਰੋਬਾਰੀ ਹੈ ਅਤੇ ਬਾਕੀ ਤਿੰਨ ਪਿਤਾ ਪੁਰਖੀ ਕਿੱਤੇ ਕਿਸਾਨੀ ਨਾਲ ਜੁੜੇ ਹੋਏ ਹਨ, ਜਦੋਂਕਿ ਉਨ੍ਹਾਂ ਦੇ ਤਿੰਨ ਪੋਤਰੇ ਭਾਰਤੀ ਫੌਜ ਵਿੱਚ ਸਿੱਖੀ ਸਰੂਪ ਵਿੱਚ ਸੇਵਾ ਨਿਭਾਅ ਰਹੇ ਹਨ। ਜਦੋਂਕਿ ਰਣਜੀਤ ਸਿੰਘ ਧਨੋਆ ਦੇ ਸਭ ਤੋਂ ਛੋਟੇ ਭਰਾ ਅੰਮਿ੍ਰਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕਰਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਤੌਰ ਲੈਕਚਰਾਰ ਅਤੇ ਹੁਣ ਵਾਈਟ ਹਾਊਸ ਦੇ ਪਹਿਲੇ ਸਿੱਖ ਦਸਤਾਰਧਾਰੀ ਪੱਤਰਕਾਰ ਵਜੋਂ ਵਾਸ਼ਿੰਗਟਨ ਡੀ. ਸੀ. ਤੋਂ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਹਨ।
ਰਣਜੀਤ ਸਿੰਘ ਧਨੋਆ ਦੇ ਪਰਿਵਾਰ ਨੇ ਇਸ ਸਮਾਗਮ ਵਿੱਚ ਪਹੁੰਚੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ, ‘‘ਉਨ੍ਹਾਂ ਦੇ ਪਰਿਵਾਰ ਦੇ ਸਭ ਤੋਂ ਵੱਡੇ ਜੀਅ ਦੇ ਤੁਰ ਜਾਣ ਦਾ ਉਨ੍ਹਾਂ ਨੂੰ ਬੇਹੱਦ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਉਨ੍ਹਾਂ ਦਾ ਪਰਿਵਾਰ ਵਾਹਿਗੁਰੂ ਦੇ ਇਸ ਭਾਣੇ ਨੂੰ ਮੰਨਦਿਆਂ, ਆਪਣੇ ਵੱਡਿਆਂ ਵਲੋਂ ਕੀਤੇ ਜਾਂਦੇ ਭਾਈਚਾਰਕ ਕਾਰਜਾਂ ਲਈ ਹਮੇਸ਼ਾ ਤਤਪਰ ਰਹਿਣਗੇ।’’

Read News Paper

Related articles

spot_img

Recent articles

spot_img