ਰਿਆਧ/ਪੰਜਾਬ ਪੋਸਟ
ਯੂਕਰੇਨ ’ਚ ਜੰਗਬੰਦੀ ਲਈ ਅਮਰੀਕੀ ਅਤੇ ਰੂਸੀ ਵਾਰਤਾਕਾਰਾਂ ਵਿਚਕਾਰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ’ਚ ਵਾਰਤਾ ਸ਼ੁਰੂ ਹੋ ਗਈ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਯੂਕਰੇਨੀ ਵਫ਼ਦ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਵੱਖੋ-ਵੱਖਰੀਆਂ ਮੀਟਿੰਗਾਂ ਦਾ ਮਕਸਦ ਰੂਸ ਅਤੇ ਯੂਕਰੇਨ ਵੱਲੋਂ ਇਕ-ਦੂਜੇ ਦੇ ਮੁਲਕ ’ਤੇ ਊਰਜਾ ਤੇ ਸ਼ਹਿਰੀ ਟਿਕਾਣਿਆਂ ’ਤੇ ਹਮਲੇ ਰੋਕਣਾ ਹੈ। ਇਸ ਦੇ ਨਾਲ ਕਾਲੇ ਸਾਗਰ ’ਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਗੱਲਬਾਤ ਕੀਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋਵੇਂ ਮੁਲਕਾਂ ਦੇ ਮੁਖੀਆਂ ਨਾਲ ਫੋਨ ’ਤੇ ਗੱਲਬਾਤ ਮਗਰੋਂ ਯੂਕਰੇਨ ਅਤੇ ਰੂਸ ਸੀਮਤ ਜੰਗਬੰਦੀ ਲਈ ਸਿਧਾਂਤਕ ਤੌਰ ’ਤੇ ਰਾਜ਼ੀ ਹੋਏ ਸਨ। ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ਼ ਨੇ ਆਸ ਜਤਾਈ ਹੈ ਕਿ ਸਾਊਦੀ ਅਰਬ ’ਚ ਗੱਲਬਾਤ ਦੇ ਕੁਝ ਸਿੱਟੇ ਜ਼ਰੂਰ ਨਿਕਲਣਗੇ।