ਅਹਿਮਦਾਬਾਦ/ਪੰਜਾਬ ਪੋਸਟ
ਇੰਡੀਅਨ ਪ੍ਰੀਮੀਅਰ ਲੀਗ 2026 ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ) ਨੇ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ ਟਰਾਫੀ ਆਪਣੇ ਨਾਂਅ ਕਰ ਲਈ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮਹਾਂ-ਮੁਕਾਬਲੇ ਵਿੱਚ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਤੂਫ਼ਾਨੀ ਪਾਰੀ ਖੇਡ ਕੇ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ। ਆਰ.ਸੀ.ਬੀ ਹੁਣ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਤੋਂ ਬਾਅਦ ਲਗਾਤਾਰ ਦੋ ਖਿਤਾਬ ਜਿੱਤਣ ਵਾਲੀ ਆਈ.ਪੀ.ਐਲ ਇਤਿਹਾਸ ਦੀ ਤੀਜੀ ਟੀਮ ਬਣ ਗਈ ਹੈ।
ਮੈਚ ਵਿੱਚ ਆਰ.ਸੀ.ਬੀ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਆਰ.ਸੀ.ਬੀ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ (10 ਦੌੜਾਂ) ਅਤੇ ਸਾਈ ਸੁਦਰਸ਼ਨ (12 ਦੌੜਾਂ) ਨੂੰ ਪਾਵਰਪਲੇ ਵਿੱਚ ਹੀ ਪੈਵੇਲੀਅਨ ਭੇਜ ਦਿੱਤਾ। ਗੁਜਰਾਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਵੱਧ ਨਾਬਾਦ 50 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਆਰ.ਸੀ.ਬੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਰਸਿਖ ਦਾਰ ਸਲਾਮ ਨੇ 3 ਵਿਕਟਾਂ ਝਟਕਾਈਆਂ, ਜਦਕਿ ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ਨੇ 2-2 ਵਿਕਟਾਂ ਹਾਸਲ ਕੀਤੀਆਂ।
156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਰ.ਸੀ.ਬੀ ਟੀਮ ਨੂੰ ਵਿਰਾਟ ਕੋਹਲੀ ਅਤੇ ਵੈਂਕਟੇਸ਼ ਅਈਅਰ (32 ਦੌੜਾਂ) ਨੇ ਧਮਾਕੇਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 62 ਦੌੜਾਂ ਜੋੜੀਆਂ। ਹਾਲਾਂਕਿ, ਗੁਜਰਾਤ ਦੇ ਸਪਿਨਰ ਰਾਸ਼ਿਦ ਖਾਨ ਨੇ ਵਿਚਕਾਰਲੇ ਓਵਰਾਂ ਵਿੱਚ ਲਗਾਤਾਰ ਦੋ ਝਟਕੇ ਦੇ ਕੇ ਮੈਚ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਰ.ਸੀ.ਬੀ ਦਾ ਸਕੋਰ 5 ਵਿਕਟਾਂ ‘ਤੇ 132 ਦੌੜਾਂ ਕਰ ਦਿੱਤਾ। ਇੱਕ ਸਮੇਂ ਮੈਚ ਫਸਦਾ ਹੋਇਆ ਨਜ਼ਰ ਆ ਰਿਹਾ ਸੀ ਅਤੇ ਵਿਰਾਟ ਕੋਹਲੀ ਵੀ ਖੇਡਦੇ ਹੋਏ ਮਾਸਪੇਸ਼ੀਆਂ ਦੇ ਖਿਚਾਅ (ਕ੍ਰੈਂਪਸ) ਨਾਲ ਜੂਝ ਰਹੇ ਸਨ, ਪਰ ਆਪਣੇ ਆਈਪੀਐਲ ਕਰੀਅਰ ਦਾ ਸਭ ਤੋਂ ਤੇਜ਼ ਅਰਧ-ਸੈਂਕੜਾ ਸਿਰਫ਼ 25 ਗੇਂਦਾਂ ਵਿੱਚ ਪੂਰਾ ਕੀਤਾ ਅਤੇ 18 ਓਵਰਾਂ ਵਿੱਚ ਹੀ 161 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਪਾਰ ਪਹੁੰਚਾਇਆ। ਕੋਹਲੀ ਨੇ 18ਵੇਂ ਓਵਰ ਦੀ ਆਖਰੀ ਗੇਂਦ ‘ਤੇ ਸ਼ਾਨਦਾਰ ਛੱਕਾ ਜੜ ਕੇ ਮੈਚ ਖਤਮ ਕੀਤਾ। ਵਿਰਾਟ ਕੋਹਲੀ ਨੂੰ ਉਨ੍ਹਾਂ ਦੀ ਮੈਚ ਜਿਤਾਊ ਪਾਰੀ ਲਈ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ। ਟਰਾਫੀ ਜਿੱਤਣ ਤੋਂ ਬਾਅਦ ਆਰ.ਸੀ.ਬੀ ਦੇ ਖੇਮੇ ਅਤੇ ਪ੍ਰਸ਼ੰਸਕਾਂ ਵਿੱਚ ਜਸ਼ਨ ਦਾ ਮਾਹੌਲ ਹੈ।
ਆਰ.ਸੀ.ਬੀ ਨੇ ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਜਿੱਤੀ ਆਈ.ਪੀ.ਐਲ

Published:






