ਕਾਠਮੰਡੂ/ਪੰਜਾਬ ਪੋਸਟ
ਨੇਪਾਲ ਦੇ ਉੱਤਰੀ ਖੇਤਰ ਵਿੱਚ ਤਿੱਬਤ ਸਰਹੱਦ ਨੇੜੇ ਭੂਟੋ ਕੋਸ਼ੀ ਨਦੀ ਵਿੱਚ ਅਚਾਨਕ ਆਏ ਭਿਆਨਕ ਹੜ੍ਹ ਕਾਰਨ ਵੱਡੇ ਪੱਧਰ ‘ਤੇ ਤਬਾਹੀ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੁਦਰਤੀ ਆਫ਼ਤ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੁਰੱਖਿਆ ਕਰਮਚਾਰੀਆਂ ਸਮੇਤ ਕਈ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਸੂਵਾ ਜ਼ਿਲ੍ਹੇ ਦੇ ਸਿਆਪਰੂ ਬੇਸੀ ਅਤੇ ਤਿਮੁਰੇ ਇਲਾਕਿਆਂ ਵਿੱਚ ਹੜ੍ਹ ਦਾ ਪਾਣੀ ਅਚਾਨਕ 8 ਤੋਂ 10 ਮੀਟਰ ਉੱਚੀਆਂ ਲਹਿਰਾਂ ਦੇ ਰੂਪ ਵਿੱਚ ਆਇਆ, ਜਿਸ ਨਾਲ ਪੂਰੇ ਦੇ ਪੂਰੇ ਬਾਜ਼ਾਰ, ਸੜਕਾਂ, ਪੁਲ, ਅਤੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਪਾਣੀ ਵਿੱਚ ਰੁੜ੍ਹ ਗਏ। ਮੁੱਢਲੀ ਜਾਣਕਾਰੀ ਮੁਤਾਬਕ ਇਸ ਹੜ੍ਹ ਦੀ ਲਪੇਟ ਵਿੱਚ ਆਉਣ ਕਾਰਨ ਤਿਮੁਰੇ ਕਸਟਮ ਦਫ਼ਤਰ, ਪੁਲਿਸ ਚੌਕੀਆਂ ਅਤੇ ਕਈ ਵਾਹਨ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ।
ਮੌਸਮ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਕੋਈ ਭਾਰੀ ਮੀਂਹ ਨਹੀਂ ਪਿਆ ਸੀ, ਜਿਸ ਕਾਰਨ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹੜ੍ਹ ਤਿੱਬਤ ਵਾਲੇ ਪਾਸੇ ਕਿਸੇ ਗਲੇਸ਼ੀਅਰ ਝੀਲ ਦੇ ਫਟਣ ਜਾਂ ਉੱਪਰਲੇ ਇਲਾਕਿਆਂ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਧਾਨ ਮੰਤਰੀ ਦਫ਼ਤਰ ਦੀ ਹਦਾਇਤ ‘ਤੇ ਨੇਪਾਲ ਆਰਮੀ, ਹਥਿਆਰਬੰਦ ਪੁਲਿਸ ਅਤੇ ਨੇਪਾਲ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਹੈਲੀਕਾਪਟਰਾਂ ਰਾਹੀਂ ਮੈਡੀਕਲ ਟੀਮਾਂ ਭੇਜੀਆਂ ਗਈਆਂ ਹਨ।
ਸਰਕਾਰ ਨੇ ਭੂਟੋ ਕੋਸ਼ੀ ਅਤੇ ਤ੍ਰਿਸ਼ੂਲਾ ਨਦੀ ਕੰਢੇ ਵਸੇ ਲੋਕਾਂ ਲਈ ਹਾਈ ਅਲਰਟ ਜਾਰੀ ਕਰਦਿਆਂ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ, ਕਿਉਂਕਿ ਪਾਣੀ ਦਾ ਤੇਜ਼ ਵਹਾਅ ਹੇਠਲੇ ਇਲਾਕਿਆਂ ਜਿਵੇਂ ਕਿ ਨੁਵਾਕੋਟ, ਧਾਦਿੰਗ ਅਤੇ ਚਿਤਵਾਨ ਵੱਲ ਵੀ ਵਧ ਰਿਹਾ ਹੈ।
ਨੇਪਾਲ ਵਿੱਚ ਭਾਰੀ ਤਬਾਹੀ: ਭੂਟੋ ਕੋਸ਼ੀ ਨਦੀ ਵਿੱਚ ਅਚਾਨਕ ਆਏ ਹੜ੍ਹ ਕਾਰਨ 8 ਲੋਕਾਂ ਦੀ ਮੌਤ, ਦਰਜਨਾਂ ਲਾਪਤਾ

Published:






