ਲੁਧਿਆਣਾ/ਪੰਜਾਬ ਪੋਸਟ
ਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਸਾਬਕਾ ਚੀਫ਼ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਕੇ.ਡੀ. ਚੌਧਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਇੱਕ ਨਿੱਜੀ ਕਲੋਨੀ ਵਿੱਚ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਦੀ ਲਾਗਤ ਨਾਲ 66 ਕੇ.ਵੀ. ਦਾ ਬਿਜਲੀ ਸਬ-ਸਟੇਸ਼ਨ ਸਥਾਪਿਤ ਕਰਨ ਦੇ ਆਰੋਪ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਨੇ ਇਹ ਕਾਰਵਾਈ ਲੁਧਿਆਣਾ ਵਿਖੇ ਸਾਬਕਾ ਅਧਿਕਾਰੀ ਦੇ ਨਿਵਾਸ ਸਥਾਨ ‘ਤੇ ਕੀਤੀ। ਇਸ ਮਾਮਲੇ ਵਿੱਚ ਪਾਵਰਕੌਮ ਦੇ ਹੀ ਇੱਕ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਇੱਕ ਨਿੱਜੀ ਬਿਲਡਰ ਅਮਿਤ ਗਰਗ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਲੁਧਿਆਣਾ ਦੀ ਇੱਕ ਨਿੱਜੀ ਰਿਹਾਇਸ਼ੀ ਕਲੋਨੀ ‘ਬਸੰਤ ਸਿਟੀ’ (ਬਸੰਤ ਐਵੇਨਿਊ) ਨਾਲ ਜੁੜਿਆ ਹੋਇਆ ਹੈ। ਨਿਯਮਾਂ ਅਨੁਸਾਰ ਕਿਸੇ ਵੀ ਨਿੱਜੀ ਕਲੋਨੀ ਵਿੱਚ ਬਿਜਲੀ ਸਬ-ਸਟੇਸ਼ਨ ਲਗਾਉਣ ਦਾ ਪੂਰਾ ਖ਼ਰਚਾ ਸਬੰਧਤ ਬਿਲਡਰ ਜਾਂ ਕਲੋਨਾਈਜ਼ਰ ਵੱਲੋਂ ਖ਼ੁਦ ਚੁੱਕਿਆ ਜਾਣਾ ਹੁੰਦਾ ਹੈ। ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਿਲਡਰ ਅਮਿਤ ਗਰਗ ਨੇ ਪਾਵਰਕੌਮ ਦੇ ਤਤਕਾਲੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ। ਤਤਕਾਲੀ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਵੱਲੋਂ ਭੇਜੀ ਗਈ ਤਜਵੀਜ਼ ਨੂੰ ਤਤਕਾਲੀ ਸੀ.ਐਮ.ਡੀ. ਕੇ.ਡੀ. ਚੌਧਰੀ ਨੇ ਸਾਰੀਆਂ ਖਾਮੀਆਂ ਅਤੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮਨਜ਼ੂਰੀ ਦੇ ਦਿੱਤੀ, ਜਿਸ ਕਾਰਨ ਸਰਕਾਰੀ ਫੰਡਾਂ ਵਿੱਚੋਂ ਲਗਭਗ 10 ਕਰੋੜ ਰੁਪਏ ਖ਼ਰਚ ਕੇ ਇਹ ਸਬ-ਸਟੇਸ਼ਨ ਲਗਾਇਆ ਗਿਆ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਵੀ ਘੋਰ ਉਲੰਘਣਾ ਕੀਤੀ ਗਈ। ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਇਹ ਸਬ-ਸਟੇਸ਼ਨ ਪੱਖੋਵਾਲ ਲਿੰਕ ਰੋਡ ਤੋਂ ਲਗਭਗ 3 ਕਿਲੋਮੀਟਰ ਦੂਰ ਖੇਤਾਂ ਅਤੇ ਅਣ-ਵਿਕਸਤ ਇਲਾਕੇ ਵਿੱਚ ਬਣਾਇਆ ਗਿਆ ਹੈ, ਜਿੱਥੇ ਪਹੁੰਚਣ ਲਈ ਕੋਈ ਪੱਕੀ ਸੜਕ ਤੱਕ ਮੌਜੂਦ ਨਹੀਂ ਹੈ। ਇਸ ਮਹੱਤਵਪੂਰਨ ਤੱਥ ਨੂੰ ਵੀ ਸਰਕਾਰੀ ਫਾਈਲਾਂ ਅਤੇ ਦਫ਼ਤਰੀ ਨੋਟਿੰਗ ਵਿੱਚ ਜਾਣਬੁੱਝ ਕੇ ਛੁਪਾਇਆ ਗਿਆ ਤਾਂ ਜੋ ਨਿੱਜੀ ਬਿਲਡਰ ਨੂੰ ਸਿੱਧਾ ਵਿੱਤੀ ਲਾਭ ਪਹੁੰਚਾਇਆ ਜਾ ਸਕੇ।
ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਦੀ ਜਾਂਚ ਸਾਲ 2021 ਤੋਂ ਕੀਤੀ ਜਾ ਰਹੀ ਸੀ। ਪੂਰੇ ਸਬੂਤ ਜੁਟਾਉਣ ਤੋਂ ਬਾਅਦ ਲੁਧਿਆਣਾ ਦੇ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈ.ਪੀ.ਸੀ. ਦੀ ਧਾਰਾ 409, 120-ਬੀ ਤਹਿਤ ਮੁਕੱਦਮਾ ਨੰਬਰ 6/26 ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਤਿੰਨੋਂ ਆਰੋਪੀਆਂ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਲਈ ਆਰੋਪੀਆਂ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਇਸ ਘੁਟਾਲੇ ਵਿੱਚ ਸ਼ਾਮਲ ਕੁੱਝ ਹੋਰ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਉਣ ਦੀ ਉਮੀਦ ਹੈ।
ਪਾਵਰਕੌਮ ਦੇ ਸਾਬਕਾ ਸੀ.ਐਮ.ਡੀ. ਕੇ.ਡੀ. ਚੌਧਰੀ ਵਿਜੀਲੈਂਸ ਵੱਲੋਂ ਮਿਲੀਭੁਗਤ ਅਤੇ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ

Published:






