ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੇ ਬਾਵਜੂਦ ਬਗ਼ਾਵਤ ਦੀਆਂ ਸੁਰਾਂ ਬਰਕਰਾਰ

Published:

Rate this post

ਚੰਡੀਗੜ੍ਹ/ਲੁਧਿਆਣਾ/ਪੰਜਾਬ ਪੋਸਟ
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਜਥੇਬੰਦਕ ਰੂਪ-ਰੇਖਾ ਨੂੰ ਲੈ ਕੇ ਚੱਲ ਰਹੀ ਜੰਗ ਹੁਣ ਪੂਰੀ ਤਰ੍ਹਾਂ ਭੜਕ ਗਈ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੇ ਬਾਵਜੂਦ ਪਾਰਟੀ ਦੇ ਬਾਗੀ ਧੜੇ ਨੇ ਖੁੱਲ੍ਹਾ ਮੋਰਚਾ ਖੋਲ੍ਹ ਦਿੱਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵੇਂ ਬਣੇ ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠਲੇ ਨਾਰਾਜ਼ ਧੜੇ ਨੇ ਨਾ ਸਿਰਫ਼ ਭੂਪੇਸ਼ ਬਘੇਲ ਦੀ ਅਧਿਕਾਰਤ ਬੈਠਕ ਤੋਂ ਦੂਰੀ ਬਣਾਈ, ਬਲਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਤੁਰੰਤ ਹਟਾਉਣ ਦੀ ਮੰਗ ਨੂੰ ਲੈ ਕੇ ਹਾਈਕਮਾਂਡ ਕੋਲ ਪਹੁੰਚ ਕਰਨ ਲਈ ਦਿੱਲੀ ਦਾ ਰੁਖ਼ ਕਰ ਲਿਆ ਹੈ।
ਇਸ ਵੱਡੇ ਸਿਆਸੀ ਘਮਾਸਾਨ ਦੀ ਸ਼ੁਰੂਆਤ ਬੀਤੇ ਦਿਨ ਸਵੇਰੇ ਮੋਹਾਲੀ/ਖਰੜ ਵਿਖੇ ਬਾਗੀ ਧੜੇ ਦੀ ਇੱਕ ਉੱਚ-ਪੱਧਰੀ ਰਣਨੀਤਕ ਬੈਠਕ ਨਾਲ ਹੋਈ। ਇਸ ਬੈਠਕ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਭਰਤ ਭੂਸ਼ਣ ਆਸ਼ੂ, ਰਜ਼ੀਆ ਸੁਲਤਾਨਾ, ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸ਼ਾਮਲ ਹੋਏ। ਬੈਠਕ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਇੱਕ ਸਮੂਹਿਕ ਤਸਵੀਰ ਸਾਂਝੀ ਕਰਦਿਆਂ ‘ਏਕਤਾ ਹੀ ਸ਼ਕਤੀ ਹੈ’ ਦਾ ਸੁਨੇਹਾ ਲਿਖ ਕੇ ਰਾਜਾ ਵੜਿੰਗ ਖ਼ਿਲਾਫ਼ ਆਪਣੀ ਤਾਕਤ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਸੂਤਰਾਂ ਮੁਤਾਬਕ ਇਸ ਧੜੇ ਨੇ ਫੈਸਲਾ ਕੀਤਾ ਹੈ ਕਿ ਉਹ ਰਾਜਾ ਵੜਿੰਗ ਦੀ ਅਗਵਾਈ ਹੇਠ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਅਤੇ ਜਦੋਂ ਤੱਕ ਲੀਡਰਸ਼ਿਪ ਨਹੀਂ ਬਦਲੀ ਜਾਂਦੀ, ਉਹ ਸੂਬਾ ਪ੍ਰਧਾਨ ਦੇ ਪ੍ਰੋਗਰਾਮਾਂ ਦਾ ਬਾਈਕਾਟ ਜਾਰੀ ਰੱਖਣਗੇ।
ਦੂਜੇ ਪਾਸੇ, ਪੰਜਾਬ ਇੰਚਾਰਜ ਭੂਪੇਸ਼ ਬਘੇਲ ਜਦੋਂ ਦੁਪਹਿਰ 3:30 ਵਜੇ ਚੰਡੀਗੜ੍ਹ ਪਹੁੰਚੇ ਤਾਂ ਹਵਾਈ ਅੱਡੇ ‘ਤੇ ਰਾਜਾ ਵੜਿੰਗ ਅਤੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਘੇਲ ਨੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ‘ਤੇ ਲੰਮੀ ਗੱਲਬਾਤ ਕੀਤੀ ਅਤੇ ਫਿਰ ਦੇਰ ਸ਼ਾਮ ਕਾਂਗਰਸ ਭਵਨ ਵਿਖੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਅਤੇ ਇਲੈਕਸ਼ਨ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵਿਜੇ ਇੰਦਰ ਸਿੰਗਲਾ ਨਾਲ ਮੀਟਿੰਗ ਕੀਤੀ। ਚੰਨੀ ਅਤੇ ਰੰਧਾਵਾ ਦੇ ਮੀਟਿੰਗ ਵਿੱਚ ਨਾ ਪਹੁੰਚਣ ‘ਤੇ ਬਘੇਲ ਨੇ ਮੀਡੀਆ ਸਾਹਮਣੇ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੋਵਾਂ ਆਗੂਆਂ ਨਾਲ ਫ਼ੋਨ ‘ਤੇ ਗੱਲ ਹੋਈ ਹੈ ਅਤੇ ਉਹ ਪਹਿਲਾਂ ਤੋਂ ਤੈਅ ਰੁਝੇਵਿਆਂ ਕਾਰਨ ਬਾਹਰ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਮਿਲਣਗੇ।

Read News Paper

Related articles

spot_img

Recent articles

spot_img