ਮਹਿੰਗਾ ਸੌਦਾ

Published:

Rate this post

ਰੂਸੀ ਕਹਾਣੀ

ਲੇਖਕ : ਲੀਓ ਤੋਲਸਤੋਇ

ਫਰਾਂਸ ਅਤੇ ਇਟਲੀ ਦੀਆਂ ਸਰਹੱਦਾਂ ਨਾਲ ਲਗਦਾ ਮੱਧ ਸਾਗਰ ਦੇ ਕਿਨਾਰੇ ਇਕ ਨਿਕਾ ਜਿਹਾ ਦੇਸ ਮੋਨਾਕੋ ਹੈ। ਆਮ ਜਿਹੇ ਕਿਸੇ ਸ਼ਹਿਰ ਦਾ ਬੰਦਾ ਸ਼ੇਖੀ ਮਾਰ ਸਕਦੈ ਕਿ ਸਾਰੇ ਮੋਨਾਕੋ ਦੇਸ ਦੀ ਏਨੀ ਆਬਾਦੀ ਨੀਂ ਹੋਣੀ ਜਿੰਨੀ ਸਾਡੇ ਇਕੱਲੇ ਸ਼ਹਿਰ ਦੀ। ਕੇਵਲ ਸੱਤ ਹਜ਼ਾਰ ਨਾਗਰਿਕ, ਤੇ ਰਕਬਾ? ਜੇ ਸਾਰੇ ਦੇਸ ਦੀ ਜ਼ਮੀਨ ਨਾਗਰਿਕਾਂ ਵਿਚ ਵੰਡ ਦਈਏ ਤਾਂ ਇਕ ਬੰਦੇ ਨੂੰ ਇਕ ਏਕਵ ਮਸਾਂ ਆਵੇ। ਪਰ ਇਸ ਨਿਕੇ ਜਿਹੇ ਦੇਸ ਦੀ ਆਪਣੀ ਨਿਕੀ ਜਿਹੀ ਸਰਕਾਰ ਹੈ, ਨਿਕਾ ਜਿਹਾ ਮਹਿਲ, ਦਰਬਾਰੀ, ਵਜ਼ੀਰ, ਪਾਦਰੀ, ਜਰਨੈਲ ਤੇ ਫੌਜ। ਫੌਜ ਦੀ ਗਿਣਤੀ ਕੁੱਲ ਸੱਠ ਸਿਪਾਹੀ ! ਪਰ ਤਾਂ ਵੀ ਫੌਜ ਫੌਜ ਹੈ ਤੇ ਜਰਨੈਲ ਜਰਨੈਲ। ਬਾਕੀ ਦੇਸਾਂ ਵਾਂਗ ਲੋਕਾਂ ਤੋਂ ਟੈਕਸ ਉਗਰਾਹੇ ਜਾਂਦੇ – ਤਮਾਕੂ ਤੇ ਟੈਕਸ, ਸ਼ਰਾਬ ਤੇ ਟੈਕਸ ਪਰ ਇਹ ਟੈਕਸ ਇਨੇ ਥੋੜੇ ਸਨ ਕਿ ਇਨਾਂ ਨਾਲ ਸਟੇਟ ਦਾ ਖਰਚਾ ਨਾ ਨਿਕਲਦਾ। ਬਾਦਸ਼ਾਹ ਦੀ ਆਮਦਣ ਦਾ ਸਾਧਨ ਕੋਈ ਹੋਰ ਨਾ ਹੁੰਦਾ ਤਾਂ ਉਸਦੇ ਦਰਬਾਰੀ ਭੁਖੇ ਮਰ ਜਾਂਦੇ। ਸਿਆਣਿਆਂ ਨੇ ਇਸ ਦਾ ਹੱਲ ਖੋਜਿਆ ਕਿ ਜੂਏਖਾਨੇ ਚੱਲਣ ਦਿਉ।
ੋਕ ਜਿੱਤਣ ਭਾਵੇਂ ਹਾਰਨ, ਆਪਾਂ ਨੂੰ ਕੀ, ਆਪਾਂ ਟੈਕਸ ਰਾਹੀਂ ਵਡੀ ਰਕਮ ਵਸੂਲਾਂਗੇ। ਯੋਰਪ ਦੇ ਦੇਸਾਂ ਨੇ ਜੂਏ ਦੇ ਅੱਡੇ ਬੰਦ ਕਰ ਦਿੱਤੇ ਸਨ। ਜਰਮਨੀ ਵਿਚ ਦੇਰ ਤਕ ਜੂੲੈਬਾਜ਼ੀ ਚਲਦੀ ਰਹੀ ਪਰ ਲੋਕਾਂ ਦੇ ਦਬਾਅ ਅਗੇ ਝੁਕਦਿਆਂ ਇਥੋਂ ਦੇ ਬਾਦਸ਼ਾਹ ਨੂੰ ਵੀ ਬੰਦ ਕਰਨੀ ਪਈ। ਜੂਏਖਾਨੇ ਬੰਦ ਕਰਨ ਦਾ ਕਾਰਨ ਇਹ ਸੀ ਕਿ ਨੁਕਸਾਨ ਬੜਾ ਹੋਣ ਲੱਗ ਪਿਆ।
ਬੰਦਾ ਕਿਸਮਤ ਅਜਮਾਉਣ ਆਉਂਦਾ ਤੇ ਹਾਰ ਜਾਂਦਾ, ਫਿਰ ਉਧਾਰ ਲੈਕੇ ਖੇਡਦਾ, ਉਹ ਵੀ ਹਾਰ ਜਾਂਦਾ, ਏਨਾ ਦੁਖੀ ਹੋ ਜਾਂਦਾ ਕਿ ਖੁਦਕੁਸ਼ੀ ਕਰਦਾ। ਘਰਾਂ ਦੇ ਦੀਵੇ ਗੁਲ ਹੁੰਦੇ ਦੇਖ ਕੇ ਜਰਮਨਾ ਨੇ ਬਾਦਸ਼ਾਹ ਨੂੰ ਕਹਿ ਦਿੱਤਾ- ਬਸ ਹੋਰ ਨਹੀਂ, ਬੰਦ ਕਰੋ ਅੱਡੇ, ਪਾਪ ਦੀ ਕਮਾਈ ਠੀਕ ਨਹੀਂ। ਮੋਨਾਕੋ ਦੇ ਰਾਜੇ ਨੂੰ ਕਿਸੇ ਨਹੀਂ ਰੋਕਿਆ। ਯੋਰਪ ਦਾ ਕੋਈ ਬੰਦਾ ਜੂਆ ਖੇਡਣਾ ਚਾਹੁੰਦਾ ਤਾਂ ਮੋਨਾਕੋ ਜਾ ਵੜਦਾ। ਆਏ ਮਹਿਮਾਨ ਜਿਤਣ ਹਾਰਨ, ਬਾਦਸ਼ਾਹ ਨੂੰ ਆਮਦਣ ਹੀ ਆਮਦਣ।
ਕਦੀ ਕਦਾਈਂ ਆਪਣੇ ਕਿਸੇ ਵਜ਼ੀਰ ਨੂੰ ਬਾਦਸ਼ਾਹ ਕਹਿ ਵੀ ਦਿੰਦਾ – ਬਈ ਆਪ ਸੋਚੋ, ਈਮਾਨਦਾਰ ਬਣੇ ਰਹੀਏ ਤਾਂ ਮਹਿਲਾਂ ਵਿਚ ਕੌਣ ਰਹਿਣ ਦਏ ਆਪਾਂ ਨੂੰ। ਸਾਰੇ ਜਾਣਦੇ ਸਨ ਜੂਏਬਾਜ਼ੀ ਬੁਰੀ ਲਤ ਹੈ ਪਰ ਫਿਰ ਕੀਤਾ ਕੀ ਜਾਵੇ ? ਇਉਂ ਤਾਂ ਜੇ ਹਿਸਾਬ ਲਾਈਏ, ਰਾਜਾ ਕਿਹਾ ਕਰਦਾ, ਤਮਾਕੂ ਤੇ ਸ਼ਰਾਬ ਪੀਣੀ ਵੀ ਤਾਂ ਜੂਏਬਾਜ਼ੀ ਜਿੰਨੀ ਹੀ ਮਾੜੀ ਲਤ ਹੈ। ਯੋਰਪ ਇਨਾਂ ਚੀਜ਼ਾਂ ਦੇ ਸੇਵਨ ਤੇ ਪਾਬੰਦੀ ਕਿਉਂ ਨੀ ਲਾਉਂਦਾ? ਕਿਉਂਕਿ ਆਮਦਨ ਦੇ ਸਾਧਨ ਨੇ। ਤਾ ਫਿਰ ਜੂਆ ਵੀ ਆਮਦਨ ਦਾ ਸਾਧਨ ਹੈ, ਬੁਰਾ ਹੋਵੇ ਤਾਂ ਹੋਵੇ। ਰਾਜੇ ਨੇ ਜਿਉਣਾ ਸੀ ਤੇ ਹਕੂਮਤਕਰਨੀ ਸੀ। ਏਨੀ ਆਮਦਨ ਹੁੰਦੀ ਕਿ ਪੂਰੇ ਠਾਠ ਨਾਲ ਰਹਿੰਦਾ।

  1. ਉਹ ਸ਼ਾਨਦਾਰ ਲਿਬਾਸ ਪਹਿਨਕੇ ਤਾਜ ਸਜਾਉਂਦਾ, ਸਜ਼ਾਵਾਂ ਦਿੰਦਾ, ਇਨਾਮ ਦਿੰਦਾ, ਮੁਆਫੀਆਂ ਦਿੰਦਾ, ਕਾਨੂੰਨ ਸੀ, ਕਚਹਿਰੀਆਂ ਸਨ, ਜੱਜ ਸਨ, ਸਾਰਾ ਕੁਝ ਹੀ ਸੀ ਜੋ ਸਰਕਾਰਾਂ ਕੋਲ ਹੋਇਆ ਕਰਦੈ। ਬਸ ਏਨਾ ਕੁ ਫਰਕ ਸੀ ਕਿ ਇਥੇ ਛੋਟੇ ਪੱਧਰ ਦਾ ਹੰੁਦਾ। ਕੁਝ ਸਾਲ ਪਹਿਲਾਂ ਸੁਖੀ ਵਸਦੇ ਇਸ ਖਿਡੌਣੇ ਦੇਸ ਵਿਚ ਇਕ ਬੁਰੀ ਘਟਨਾ ਘਟ ਗਈ। ਜੂਆਘਰ ਵਿਚ ਕਤਲ ਹੋ ਗਿਆ।
    ਸ਼ਾਂਤ ਸਟੇਟ ਵਿਚ ਅਜਿਹੀ ਘਟਨਾ ਦੁਰਭਾਗ-ਪੂਰਨ ਸੀ। ਕਾਤਲ ਗਿ੍ਰਫਤਾਰ ਕਰ ਲਿਆ।
    ਜੱਜ ਬੈਠੇ। ਵਕੀਲ ਆ ਜੁੜੇ, ਸਬੂਤ ਪੇਸ਼ ਹੋਏ, ਬਿਆਨ ਹੋਏ, ਬਹਿਸਾਂ ਹੋਈਆਂ। ਸਾਰੇ ਸਹਿਮਤ ਸਨ ਕਿ ਬੁਰਾ ਹੋਇਆ, ਦੋਸ਼ੀ ਨੂੰ ਸਜ਼ਾ ਹੋਵੇ। ਮੌਤ ਦੀ ਸਜ਼ਾ ਸੁਣਾਈ ਗਈ। ਕਾਨੂੰਨਨ ਉਸਦਾ ਸਿਰ ਕੱਟਿਆ ਜਾਵੇ। ਬਾਦਸ਼ਾਹ ਕੋਲ ਕੇਸ ਗਿਆ, ਸਜ਼ਾ ਦੇਣ ਦੀ ਮਨਜ਼ੂਰੀ ਮਿਲ ਗਈ। ਇਥੇ ਤਕ ਸਭ ਠੀਕ ਰਿਹਾ ਪਰ ਇਸ ਤੋਂ ਅਗੇ ਗੜਬੜ ਹੋ ਗਈ।
    ਇਸ ਦੇਸ ਵਿਚ ਪਹਿਲਾਂ ਨਾ ਕਦੀ ਕਤਲ ਹੋਇਆ ਨਾਂ ਮੌਤ ਦੀ ਸਜ਼ਾ, ਸੋ ਨਾ ਜਲਾਦ ਸੀ ਨਾ ਸਿਰ ਕੱਟਣ ਵਾਲੀ ਮਸ਼ੀਨ ਗਿਲੋਟੀਨ ! ਗ੍ਰਹਿਮੰਤਰੀ ਨੇ ਮੀਟਿੰਗ ਬੁਲਾਈ, ਕੀ ਕਰੀਏ। ਅਫਸਰਾਂ ਨੇ ਕਿਹਾ – ਫਰਾਂਸ ਕੋਲ ਗਿਲੋਟੀਨ ਹੈ, ਜਲਾਦ ਵੀ। ਆਪਾਂ ਕਿਰਾਏ ਤੇ ਮੰਗਵਾ ਲੈਨੇ ਆਂ। ਵਜ਼ੀਰ ਨੇ ਪ੍ਰਵਾਨਗੀ ਦੇ ਦਿੱਤੀ। ਅਫਸਰਾਂ ਨੇ ਫਰਾਂਸ ਸਰਕਾਰ ਕੋਲ ਮਸ਼ੀਨ ਅਤੇ ਜਲਾਦ ਭੇਜਣ ਦੀ ਦਰਖਾਸਤ ਵਿਚ ਪੁਛ ਲਿਆ ਕਿ ਸਾਨੂੰ ਖਰਚਾ ਕਿੰਨਾ ਦੇਣਾ ਪਏਗਾ।
    ਫਰਾਂਸ ਸਰਕਾਰ ਦਾ ਜਵਾਬ ਆ ਗਿਆ ਕਿ ਅਸੀਂ ਪ੍ਰਸੰਨਤਾ ਨਾਲ ਮਸ਼ੀਨ ਅਤੇ ਜਲਾਦ ਭੇਜ ਦਿਆਂਗੇ, ਸੋਲਾਂ ਹਜ਼ਾਰ ਮੁਹਰਾਂ ਖਰਚ ਆਏਗਾ। ਕੇਸ ਬਾਦਸ਼ਾਹ ਕੋਲ ਗਿਆ, ਕੈਬਨਿਟ ਦੀ ਮੀਟਿੰਗ ਬੈਠੀ, ਖਰਚੇ ਤੇ ਵਿਚਾਰ ਵਟਾਂਦਰਾ ਹੋਣ ਲੱਗਾ। ਬਾਦਸ਼ਾਹ ਨੂੰ ਇਹ ਕੰਮ ਬੜਾ ਮਹਿੰਗਾ ਲੱਗਾ – ਇਸ ਬਦਮਾਸ਼ ਉਪਰ ਸਰਕਾਰ ਸੋਲਾਂ ਹਜ਼ਾਰ ਖਰਚੇ? ਇਕ ਇਕ ਨਾਗਰਿਕ ਉਪਰ ਸਵਾ ਦੋ ਮੁਹਰਾਂ ਦੇ ਟੈਕਸ ਦਾ ਫਾਲਤੂ ਬੋਝ ਪੈ ਜਾਵੇ। ਲੋਕ ਹੋਰ ਬੜਾ ਕੁਝ ਝਲੀ ਜਾ ਰਹੇ ਨੇ, ਕਹਿਣਗੇ ਇਹ ਨਾਹੱਕ ਭਾਰ ਅਸੀਂ ਨੀਂ ਝੱਲਣਾ। ਬਗਾਵਤ ਹੋ ਸਕਦੀ ਹੈ। ਮਸਲਾ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤਾ।
    ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿਚ ਫਿਰ ਮੁੱਦਾ ਵਿਚਾਰਿਆ ਗਿਆ। ਵਿਦੇਸ ਮੰਤਰੀ ਨੇ ਕਿਹਾ- ਹਜ਼ੂਰ ਫਰਾਂਸ ਦੀ ਸਰਕਾਰ ਲੋਕਤੰਤਰੀ ਹੈ ਇਸ ਲਈ ਖਰਚਾ ਜਿਆਦਾ ਮੰਗਦੀ ਹੈ। ਅਸੀਂ ਇਟਲੀ ਦੀ ਸਰਕਾਰ ਕੋਲ ਬੇਨਤੀ ਕਰ ਦੇਖੀਏ? ਸਾਡੇ ਦੇਸ ਵਾਂਗ ਉਥੇ ਸੁਲਤਾਨ ਦੀ ਹਕੂਮਤ ਹੈ। ਸੁਲਤਾਨ ਆਪਣੇ ਸੁਲਤਾਨ ਭਰਾ ਨਾਲ ਕੁਝ ਰਿਆਇਤ ਕਰੇਗਾ ਈ ਕਰੇਗਾ। ਬਾਦਸ਼ਾਹ ਦੀ ਆਗਿਆ ਨਾਲ ਇਟਲੀ ਦੇ ਸੁਲਤਾਨ ਨੂੰ ਪੱਤਰ ਲਿਖ ਭੇਜਿਆ। ਜਵਾਬ ਆ ਗਿਆ। ਲਿਖਿਆ ਸੀ – ਟੀਏ ਡੀਏ ਸਣੇ ਬਾਰਾਂ ਹਜ਼ਾਰ ਮੁਹਰਾਂ ਵਿਚ ਕੰਮ ਹੋ ਜਾਏਗਾ।
    ਫਿਰ ਮੰਤਰੀ ਮੰਡਲ ਦੀ ਮੀਟਿੰਗ ਹੋਈ। ਬਾਦਸ਼ਾਹ ਫਿਰ ਪਰੇਸ਼ਾਨ। ਇਹ ਹਰਾਮਜਾਦਾ ਬਾਰਾਂ ਹਜ਼ਾਰ ਦਾ ਕਿਥੇ ਐ ? ਹਰੇਕ ਨਾਗਰਿਕ ਤੇ ਪੌਣੇ ਦੋ ਮੁਹਰਾਂ ਦਾ ਬੋਝ ! ਤੋਬਾ। ਬਾਦਸ਼ਾਹ ਨੇ ਕਿਹਾ- ਅਗਲੇ ਮਹੀਨੇ ਮੀਟਿੰਗ ਕਰਾਂਗੇ। ਤਿਆਰੀ ਕਰਕੇ ਆਓ। ਏਨਾ ਖਰਚਾ ਕਰਨ ਜੋਗੇ ਨਹੀਂ ਅਸੀਂ। ਅਗਲੀ ਮੀਟਿੰਗ ਵਿਚ ਸਲਾਹ ਦਿੱਤੀ ਗਈ ਕਿ ਆਪਣੇ ਦੇਸ ਵਿਚ ਸੱਠ ਸਿਪਾਹੀਆਂ ਦੀ ਫੌਜ ਹੈ। ਜਰਨੈਲ ਨੂੰ ਕਹੋ ਕਿਸੇ ਫੌਜੀ ਤੋਂ ਗੋਲੀ ਮਰਵਾ ਦਏ। ਫੌਜੀਆਂ ਨੂੰ ਬੰਦੇ ਮਾਰਨ ਦੀ ਟਰੇਨਿੰਗ ਦਿੰਨੇ ਆਂ ਆਪਾਂ। ਕਿਸੇ ਦੇਸ ਨਾਲ ਨਾ ਹੁਣ ਤਕ ਲੜਾਈ ਹੋਈ ਨਾ ਹੋਣ ਦੀ ਆਸ।
    ਇਹ ਵਿਹਲੇ ਬੈਠੇ ਤਨਖਾਹ ਲਈ ਜਾਂਦੇ ਨੇ, ਸਟੇਟ ਦਾ ਮਾਮੂਲੀ ਕੰਮ ਨਹੀਂ ਕਰ ਸਕਦੇ? ਵਜ਼ਾਰਤ ਦਾ ਹੁਕਮ ਜਰਨੈਲ ਕੋਲ ਪੁੱਜਾ ਤਾ ਉਸਨੇ ਆਪਣੇ ਅਫਸਰਾਂ ਦੀ ਮੀਟਿੰਗ ਸੱਦ ਲਈ। ਸਲਾਹ ਮੰਗੀ। ਅਫਸਰਾਂ ਨੇ ਕਿਹਾ – ਅਸੀਂ ਦੁਸ਼ਮਣ ਦੇਸਾਂ ਦੇ ਸਿਪਾਹੀ ਮਾਰਨ ਵਾਸਤੇ ਹਾਂ, ਆਪਣੇ ਦੇਸ ਦਾ ਬੰਦਾ ਕਿਉਂ ਮਾਰੀਏ? ਜੇ ਉਹ ਕਾਤਲ ਵੀ ਹੈ, ਹੈ ਤਾਂ ਸਾਡਾ ਦੇਸੀ ਭਰਾ। ਅਸੀਂ ਤਾਂ ਬੰਦੀ ਕੀਤੇ ਦੁਸ਼ਮਣ ਦੇ ਫੌਜੀ ਨੂੰ ਵੀ ਨੀਂ ਮਾਰਦੇ। ਇਹ ਦੁਰਾਚਾਰ ਅਸੀਂ ਕਰਾਂਗੇ? ਤੌਬਾ।
    ਫਿਰ ਕਮੇਟੀਆ, ਸਬ ਕਮੇਟੀਆਂ ਬਣੀਆਂ, ਮੀਟਿੰਗਾਂ ਹੋਈਆਂ। ਆਖਰ ਸਿਆਣੇ ਵਜ਼ੀਰ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ – ਮਹਾਰਾਜ, ਇਹ ਜਰੂਰੀ ਤਾਂ ਨਹੀਂ ਕਿ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਤਾਂ ਅਸੀਂ ਬੰਦਾ ਮਾਰ ਈ ਦੇਣੈ। ਬਾਦਸ਼ਾਹ ਰਹਿਮਦਿਲ ਵੀ ਤਾਂ ਹੋ ਸਕਦੈ। ਤੁਸੀਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿਉ। ਇਸ ਨਾਲ ਖਰਚਾ ਵੀ ਬਚੇਗਾ, ਤੁਹਾਡੀ ਦਰਿਆਦਿਲੀ, ਰਹਿਮਦਿਲੀ ਦੀ ਵੀ ਧਾਂਕ ਬੈਠੇਗੀ। ਇਹੀ ਠੀਕ ਰਹੇਗਾ, ਬਾਦਸ਼ਾਹ ਨੇ ਕਿਹਾ – ਪੁੰਨ ਦਾ ਪੁੰਨ, ਫਲੀਆਂ ਦੀਆਂ ਫਲੀਆਂ। ਏਸ ਬਿੱਜੂ ਤੇ ਮੈਂ ਧੇਲਾ ਖਰਚਣ ਦੇ ਹੱਕ ਵਿਚ ਨਹੀਂ।
    ਇਥੇ ਮੁਸ਼ਕਲ ਇਹ ਆਈ ਕਿ ਮੌਤ ਦੀ ਸਜ਼ਾ ਉਮਰਕੈਦ ਵਿਚ ਬਦਲ ਦਿੱਤੀ ਪਰ ਦੇਸ ਵਿਚ ਕੈਦ ਕੱਟਣ ਲਈ ਜੇਲ ਕੋਈ ਨਹੀਂ। ਮਹਿਲ ਨੇੜੇ ਇਕ ਨਿਕੀ ਜਿਹੀ ਹਵਾਲਾਤ ਸੀ ਜਿਥੇ ਮੁਲਜ਼ਮਾਂ ਨੂੰ ਥੋੜੀ ਦੇਰ ਲਈ ਬੰਦ ਰਖ ਸਕਦੇ। ਇਸਨੇ ਸਾਰੀ ਉਮਰ ਇਥੇ ਕੱਟਣੀ ਹੈ। ਕੀ ਕਰੀਏ ? ਇਕ ਸੰਤਰੀ ਉਸਦੀ ਰਾਖੀ ਵਾਸਤੇ ਤੈਨਾਤ ਕਰ ਦਿੱਤਾ ਜਿਹੜਾ ਕੈਦੀ ਦੀ ਰਾਖੀ ਕਰਦਾ ਤੇ ਤਿੰਨ ਵਕਤ ਦਾ ਖਾਣਾ ਦੇ ਜਾਂਦਾ। ਦਿਨ, ਹਫਤੇ, ਮਹੀਨੇ ਬੀਤੇ, ਸਾਲ ਲੰਘ ਗਿਆ।
    ਬਾਦਸ਼ਾਹ ਨੇ ਬੀਤੇ ਸਾਲ ਦਾ ਬਜਟ ਦੇਖਿਆ ਤਾਂ ਹੈਰਾਨ ਹੋ ਗਿਆ। ਇਕ ਨਵੀਂ ਮਦ ਇਸ ਕੈਦੀ ਦੇ ਖਰਚੇ ਦੀ ਸੀ। ਸੰਤਰੀ ਦੀ ਤਨਖਾਹ, ਕੈਦੀ ਦੀ ਰੋਟੀ ਪਾਣੀ, ਸਾਬਣ ਤੇਲ ਕੱਪੜੇ ! ਇਹ ਤਾਂ ਸਾਲ ਵਿਚ ਛੇ ਸੌ ਮੁਹਰਾਂ ਤੋਂ ਵੀ ਉਪਰ ਖਰਚ ਹੋ ਰਿਹੈ। ਦੇਸ ਦੀ ਕਿਸਮਤ ਮਾੜੀ, ਕੈਦੀ ਹੱਟਾ ਕੱਟਾ ਹੈ, ਇਹਨੇ ਤਾਂ ਹੋਰ ਪੰਜਾਹ ਸਾਲ ਮਰਨ ਦਾ ਨਾਮ ਨੀਂ ਲੈਣਾ।
    ਬਾਦਸ਼ਾਹ ਨੂੰ ਮੰਤਰੀ ਮੰਡਲ ਦੀ ਬੈਠਕ ਫਿਰ ਸੱਦਣੀ ਪਈ। ਇਸ ਬਦਮਾਸ਼ ਦਾ ਕੀ ਇਲਾਜ ਕਰੀਏ। ਇਕ ਵਜ਼ੀਰ ਨੇ ਕਿਹਾ – ਮੇਰੀ ਸਲਾਹ ਹੈ ਸੰਤਰੀ ਨੂੰ ਹਟਾ ਦਈਏ। ਅੱਧਾ ਖਰਚਾ ਰਹਿ ਜਾਏਗਾ। ਦੂਜੇ ਵਜੀਰ ਨੇ ਕਿਹਾ- ਜੇ ਸੰਤਰੀ ਹਟਾ ਦਿੱਤਾ ਫੇੇਰ ਇਹਨੇ ਭੱਜ ਜਾਣੈ। ਤੀਜੇ ਨੇ ਕਿਹਾ- ਭਜਦੈ ਤਾਂ ਭੱਜ ਜਾਏ। ਦਫਾ ਕਰੋ ਇਹਨੂੰ। ਸਾਥੋਂ ਨੀ ਏਸ ਮਾਮੇ ਦਾ ਖਰਚਾ ਚੁੱਕ ਹੁੰਦਾ। ਕਿਥੋਂ ਬਿਮਾਰੀ ਗਲ ਪਾ ਲਈ ਖਾਹਮਖਾਹ। ਬਾਦਸ਼ਾਹ ਦੀ ਆਗਿਆ ਲੈਕੇ ਸੰਤਰੀ ਨੌਕਰਿਉਂ ਹਟਾ ਦਿੱਤਾ। ਸਾਰੇ ਸੋਚਦੇ ਰਹੇ, ਦੇਖਦੇ ਆਂ ਹੁਣ ਕੀ ਹੁੰਦੈ।
  2. ਕੈਦੀ ਨੇ ਦੇਖਿਆ ਸੰਤਰੀ ਖਾਣਾ ਲੈਕੇ ਨਹੀਂ ਆਇਆ। ਭੁਖ ਲਗੀ ਹੋਈ ਸੀ, ਜੰਦਰਾ ਵੀ ਨਹੀਂ ਮਾਰ ਕੇ ਗਿਆ। ਕੈਦੀ ਨੇ ਦਰਵਾਜ਼ਾ ਖੋਲਿਆ, ਮਹਿਲ ਦੀ ਰਸੋਈ ਵਿਚ ਗਿਆ, ਥਾਲੀ ਵਿਚ ਖਾਣਾ ਪਾਇਆ, ਆਰਾਮ ਨਾਲ ਖਾਧਾ ਤੇ ਜੇਲ ਅੰਦਰ ਚਲਾ ਗਿਆ। ਅੰਦਰ ਜਾਕੇ ਖੁਦ ਅੰਦਰੋਂ ਬਾਂਹ ਬਾਹਰ ਕੱਢ ਕੇ ਬਾਹਰਲਾ ਕੁੰਡਾ ਬੰਦ ਕਰ ਦਿੱਤਾ ਤੇ ਸੌਂ ਗਿਆ। ਫਿਰ ਤਾਂ ਹਰ ਰੋਜ਼ ਇਹੀ ਹੁੰਦਾ। ਖਾਣ ਦਾ ਸਮਾਂ ਹੁੰਦਾ, ਦਰਵਾਜ਼ਾ ਖੋਲਦਾ, ਰਸੋਈ ਵਿਚੋਂ ਲੋੜੀਂਦਾ ਖਾਣਾ ਖਾਂਦਾ ਤੇ ਫਿਰ ਕਮਰੇ ਵਿਚ ਬੰਦ ਹੋ ਜਾਂਦਾ। ਦੌੜਨ ਵਾਲਾ ਤਾਂ ਕੋਈ ਲੱਛਣ ਵੀ ਨਹੀਂ ਸੀ ਉਸਦਾ।
    ਹੁਣ ਕੀ ਕਰੀਏ? ਇਹ ਤਾਂ ਚੰਬੜ ਹੀ ਗਿਆ। ਵਜ਼ਾਰਤ ਦੀ ਮੀਟਿੰਗ ਫਿਰ ਸੱਦੀ। ਸਾਰਿਆਂ ਦੀ ਰਾਇ ਸੀ ਕਿ ਇਸ ਨਾਮੁਰਾਦ ਨੂੰ ਕਹੋ ਹੁਣ ਖਹਿੜਾ ਛੱਡੇ ਤੇ ਦਫਾ ਹੋਵੇ। ਕਾਨੂੰਨ ਮੰਤਰੀ ਨੂੰ ਕਿਹਾ ਗਿਆ ਕਿ ਕੈਦੀ ਨੂੰ ਇਥੇ ਪੇਸ਼ ਕਰੋ। ਕੈਦੀ ਲਿਆਂਦਾ ਗਿਆ। ਵਜ਼ੀਰਾਂ ਨੇ ਪੁੱਛਿਆ- ਤੂੰ ਇਥੇ ਬੈਠਾ ਕਿਉਂ ਰਹਿਨੈਂ ? ਭੱਜ ਕਿਉਂ ਨੀਂ ਜਾਂਦਾ ? ਸੰਤਰੀ ਦੀ ਅਸੀਂ ਛੁੱਟੀ ਕਰ ਦਿੱਤੀ। ਜਿਥੇ ਜੀ ਕਰਦੈ ਚਲਾ ਜਾਹ। ਬਾਦਸ਼ਾਹ ਸਲਾਮਤ ਬੜੇ ਦਿਆਲੂ ਨੇ। ਉਨਾਂ ਨੇ ਤੈਨੂੰ ਕੁੱਝ ਨੀ ਆਖਣਾ।
    ਕੈਦੀ ਨੇ ਕਿਹਾ – ਭੱਜ ਜਾਵਾਂ? ਇਹ ਕਹਿਣ ਦਾ ਹੌਸਲਾ ਤੁਹਾਨੂੰ ਕਿਵੇਂ ਹੋ ਗਿਆ ? ਮੌਤ ਦੀ ਸਜ਼ਾ ਸੁਣਾ ਕੇ ਤੁਸੀਂ ਤਾਂ ਮੈਨੂੰ ਜਹਾਨ ਵਿਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਮੇਰੇ ਨਾਲ ਕੌਣ ਗੱਲ ਕਰੇਗਾ ਸਜ਼ਾ ਯਾਫਤਾ ਭਗੌੜੇ ਕੈਦੀ ਨਾਲ ? ਮੇਰੇ ਨਾਲ ਤੁਸੀਂ ਏਨਾ ਦੁਰਵਿਹਾਰ ਕੀਤਾ ਕਿ ਜਿਹੜਾ ਕੰਮ ਮੈਨੂੰ ਆਉਂਦਾ ਸੀ ਮੈਂ ਉਹ ਵੀ ਭੁਲ ਗਿਆ। ਤੁਸੀਂ ਸਹੀ ਬੰਦੇ ਨਹੀਂ ਨਿਕਲੇੇ ਪਹਿਲੀ ਗੱਲ ਤਾਂ ਇਹ ਕਿ ਜੇ ਮੈਨੂੰ ਮੌਤ ਦੀ ਸਜ਼ਾ ਦੇ ਦਿੱਤੀ ਸੀ ਤਾਂ ਫੇਰ ਮਾਰ ਦਿੰਦੇ?
    ਤੁਸੀਂ ਗ਼ੈਰ ਜ਼ਿਮੇਵਾਰ ਬੰਦੇ ਨਿਕਲੇ। ਤਾਂ ਵੀ ਮੈਂ ਗਿਲਾ ਸ਼ਿਕਵਾ ਨੀਂ ਕੀਤਾ ਕੋਈ। ਫੇਰ ਤੁਸੀਂ ਮੈਨੂੰ ਉਮਰ ਕੈਦ ਸੁਣਾ ਕੇ ਸੰਤਰੀ ਬਿਠਾ ਦਿੱਤਾ। ਜਦੋਂ ਤੁਸੀਂ ਮੇਰੀ ਸਲਾਹ ਲਏ ਬਿਨਾ ਸੰਤਰੀ ਹਟਾ ਦਿੱਤਾ, ਤਾਂ ਇਹ ਨਹੀਂ ਸੋਚਿਆ ਕਿ ਮੈਨੂੰ ਰੋਟੀ ਕੌਣ ਖੁਆਏਗਾ ? ਓਹ ਜਾਣੀਏਂ ਕਹਿ ਕੇ ਮੈਂ ਮਜਬੂਰੀਵਸ ਰੋਟੀ ਵੀ ਆਪੇ ਲੈਕੇ ਆਉਂਦਾ ਤੇ ਆਪੇ ਅਪਣਾ ਦਰਵਾਜਾ ਬੰਦ ਕਰਦਾ।
    ਮੈਂ ਏਸ ਗੱਲ ਦੀ ਵੀ ਕੋਈ ਸ਼ਿਕਾਇਤ ਨੀ ਕੀਤੀ। ਹੁਣ ਤਾਂ ਤੁਸੀਂ ਹੱਦ ਹੀ ਕਰ ਦਿੱਤੀ, ਅਖੇ ਚਲਾ ਜਾਹ। ਹੁਣ ਮੇਰੀ ਵੀ ਆਖਰੀ ਗੱਲ ਕੰਨ ਖੋਲ ਕੇ ਸੁਣ ਲਵੋ। ਮੈਂ ਨੀ ਭੱਜਣਾ ਭੁੱਜਣਾ। ਸਮਝ ਗਏ ? ਜੋ ਕਰਨੈ ਕਰ ਲਉ। ਵਜ਼ੀਰ ਬਾਦਸ਼ਾਹ ਕੋਲ ਚਲੇ ਗਏ।
    ਬਾਦਸ਼ਾਹ ਨੇ ਕਿਹਾ – ਜਿਵੇਂ ਮਰਜ਼ੀ ਕਰੋ ਇਸ ਨਾਮੁਰਾਦ ਤੋਂ ਖਹਿੜਾ ਛੁਡਾਉ। ਪੈਨਸ਼ਨ ਲਾ ਦਿਉ। ਖਜ਼ਾਨਾ ਮੰਤਰੀ ਨੇ ਪੁੱਛਿਆ – ਜੀ ਛੇ ਸੌ ਮੁਹਰਾਂ ਤੋਂ ਘੱਟ ਪੈਨਸ਼ਨ ਲਾ ਦਿੱਤੀ ਬਦਨਾਮੀ ਹੋਏਗੀ ਕਿ ਇਸ ਸਰਕਾਰ ਦਾ ਤਾਂ ਦਿਵਾਲਾ ਨਿਕਲਣ ਵਾਲਾ ਹੈ। ਏਨੇ ਤੋਂ ਘੱਟ ਉਸ ਕੈਦੀ ਨੇ ਵੀ ਨੀ ਮੰਨਣਾ, ਹੰਢਿਆ ਹੋਇਐ ਪੂਰਾ।
    -ਠੀਕ ਹੈ, ਬਾਦਸ਼ਾਹ ਨੇ ਪੈਨਸ਼ਨ ਮਨਜੂਰ ਕਰ ਦਿੱਤੀ।
    ਕੈਦੀ ਨੂੰ ਪੈਨਸ਼ਨ ਦੀ ਖਬਰ ਦੱਸੀ ਤਾਂ ਉਹ ਬੋਲਿਆ – ਠੀਕ ਹੈ, ਠੀਕ ਹੈ। ਪਰ ਇਹ ਨਾ ਹੋਵੇ ਕਿ ਇਕ ਸਾਲ ਪੈਸੇ ਦੇਕੇ ਫੇਰ ਭੁਲ ਜਾਓ ਜਾਂ ਬਹਾਨੇਬਾਜ਼ੀ ਕਰੋਂ। ਨਾਲੇ ਐਡਵਾਂਸ ਚਾਹੀਦੈ। ਦੋ ਸੌ ਮੁਹਰਾਂ ਜੇਬ ਵਿਚ ਪਾਕੇ ਕੈਦੀ ਘਰ ਚਲਾ ਗਿਆ। ਘਰ ਕਿਹੜਾ ਦੂਰ ਸੀ ? ਰੇਲ ਨੇ ਪੰਦਰਾਂ ਮਿੰਟਾਂ ਵਿਚ ਪੁਚਾ ਦਿੱਤਾ। ਨਾਲ ਵਾਲਾ ਪਲਾਟ ਖਾਲੀ ਪਿਆ ਵਿਕਾਊ ਸੀ, ਖਰੀਦ ਦੇ ਉਥੇ ਸਬਜ਼ੀਆਂ ਉਗਾਈਆਂ। ਉਸਦੀ ਆਈ ਚਲਾਈ ਤਾਂ ਸਬਜ਼ੀਆਂ ਵਿਚੋਂ ਪੂਰੀ ਹੋਈ ਜਾਂਦੀ ਪਰ ਪੈਨਸ਼ਨ ਵਾਲੀ ਤਰੀਕ ਕਦੀ ਨਾ ਭੁਲਦਾ।
    ਮਹਿਲ ਵਿਚੋਂ ਪੈਨਸ਼ਨ ਜੇਬ ਵਿਚ ਪਾਕੇ ਸਿਧਾ ਜੂਏਖਾਨੇ ਜਾਂਦਾ, ਦੋ ਤਿੰਨ ਪੈੱਗ ਦਾਰੂ ਪੀਕੇ ਦੋ ਤਿੰਨ ਮੁਹਰਾਂ ਜੂਏ ਵਿਚ ਲਾ ਦਿੰਦਾ। ਕਦੀ ਜਿਤ ਜਾਂਦਾ ਕਦੀ ਹਾਰ ਜਾਂਦਾ ਪਰ ਏਦੂੰ ਵਧ ਪੈਸੇ ਕਦੀ ਨਹੀਂ ਲਾਏ।
    ਸੁੱਖੀ ਸਾਂਦੀ ਉਹ ਹੁਣ ਆਪਣੇ ਘਰ ਰਹਿ ਰਿਹੈ। ਕਦੀ ਕਦੀ ਸੋਚਿਆ ਕਰਦੈ – ਚੰਗਾ ਹੋਇਆ ਮੈਂ ਕਿਸੇ ਅਜਿਹੇ ਦੇਸ ਵਿਚ ਨਹੀਂ ਜੰਮਿਆਂ ਜਿੱਥੋਂ ਦੀ ਸਰਕਾਰ ਫਾਂਸੀ ਦੇਣ ਜਾਂ ਉਮਰ ਕੈਦ ਭੁਗਤਾਣ ਵਾਸਤੇ ਖਰਚੇ ਕਰਦੀ ਭੋਰਾ ਨੀਂ ਝਿਜਕਦੀ।

Read News Paper

Related articles

spot_img

Recent articles

spot_img