ਏਰੀਜ਼ੋਨਾ/ਪੰਜਾਬ ਪੋਸਟ
ਅਮਰੀਕਾ ਦੇ ਏਰੀਜ਼ੋਨਾ ਸੂਬੇ ਤੋਂ ਇੱਕ ਬਹੁਤ ਹੀ ਅਹਿਮ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅਮਰੀਕੀ ਬਾਰਡਰ ਪੈਟਰੋਲ (ਯੂ.ਐਸ ਬਾਰਡਰ ਪ੍ਰੋਟੈਕਸ਼ਨ) ਵੱਲੋਂ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ‘ਓਪਰੇਸ਼ਨ ਚੈੱਕਮੇਟ’ ਤਹਿਤ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਅਤੇ ਕਮਰਸ਼ੀਅਲ ਵਾਹਨ ਚਲਾ ਰਹੇ 30 ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੈਡਰਲ ਏਜੰਸੀਆਂ ਮੁਤਾਬਕ ਫੜੇ ਗਏ ਇਹ ਸਾਰੇ ਵਿਅਕਤੀ ਭਾਰਤੀ ਮੂਲ ਦੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਦੱਸੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਇਮੀਗ੍ਰੇਸ਼ਨ ਕਾਨੂੰਨਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਅਮਰੀਕਾ ਤੋਂ ਡਿਪੋਰਟ (ਦੇਸ਼ ਨਿਕਾਲਾ) ਕਰਕੇ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।
ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ) ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਇਹ ਕਾਰਵਾਈ ਏਰੀਜ਼ੋਨਾ ਦੇ ਯੂਮਾ ਸੈਕਟਰ ਵਿੱਚ ਅੰਜਾਮ ਦਿੱਤੀ ਗਈ ਹੈ। ਏਜੰਸੀ ਨੇ 11 ਮਈ ਤੋਂ 15 ਮਈ ਦਰਮਿਆਨ ਹਾਈਵੇਅ ‘ਤੇ ਵਿਸ਼ੇਸ਼ ਨਾਕੇਬੰਦੀ ਅਤੇ ਚੈਕਿੰਗ ਅਭਿਆਨ ਚਲਾਇਆ ਸੀ, ਜਿਸ ਦੌਰਾਨ ਕੁੱਲ 52 ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦੇ ਦੋਸ਼ਾਂ ਹੇਠ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ 52 ਵਿਅਕਤੀਆਂ ਵਿੱਚੋਂ 36 ਲੋਕ ਵਪਾਰਕ ਸੈਮੀ-ਟਰੱਕ (ਕਮਰਸ਼ੀਅਲ ਹਾਈਵੇਅ ਟਰੱਕ) ਚਲਾ ਰਹੇ ਸਨ, ਜਿਨ੍ਹਾਂ ਵਿੱਚੋਂ 30 ਡਰਾਈਵਰ ਇਕੱਲੇ ਭਾਰਤ ਨਾਲ ਸਬੰਧਤ ਨਿਕਲੇ, ਜਦੋਂ ਕਿ ਬਾਕੀ ਦੇ 6 ਡਰਾਈਵਰ ਮੈਕਸੀਕੋ, ਐਲ ਸਾਲਵਾਡੋਰ ਅਤੇ ਰੂਸ ਦੇ ਨਾਗਰਿਕ ਹਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫੜੇ ਗਏ ਕਈ ਡਰਾਈਵਰਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਵੱਡੇ ਸੂਬਿਆਂ ਦੇ ਬਣਾਏ ਹੋਏ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮੌਜੂਦ ਸਨ, ਜਦੋਂ ਕਿ 3 ਡਰਾਈਵਰ ਬਿਨਾਂ ਕਿਸੇ ਲਾਇਸੈਂਸ ਦੇ ਹੀ ਇੰਨੇ ਵੱਡੇ ਵਾਹਨ ਦੌੜਾ ਰਹੇ ਸਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿੱਚੋਂ ਬਹੁਤਿਆਂ ਕੋਲ ਪਿਛਲੇ ਪ੍ਰਸ਼ਾਸਨ ਦੇ ਸਮੇਂ ਜਾਰੀ ਹੋਏ ਵਰਕ ਪਰਮਿਟ (ਰੁਜ਼ਗਾਰ ਦਸਤਾਵੇਜ਼) ਸਨ, ਜੋ ਹੁਣ ਪੂਰੀ ਤਰ੍ਹਾਂ ਖ਼ਤਮ (ਐਕਸਪਾਇਰ) ਹੋ ਚੁੱਕੇ ਹਨ। ਯੂਮਾ ਸੈਕਟਰ ਦੇ ਐਕਟਿੰਗ ਚੀਫ਼ ਪੈਟਰੋਲ ਏਜੰਟ ਡਸਟਿਨ ਕੌਡਲ ਨੇ ਆਖਿਆ ਕਿ ‘ਓਪਰੇਸ਼ਨ ਚੈੱਕਮੇਟ’ ਦਾ ਮਕਸਦ ਅਮਰੀਕੀ ਸੜਕਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਕਿਉਂਕਿ ਗੈਰ-ਕਾਨੂੰਨੀ ਅਤੇ ਅਣਸਿੱਖਿਅਤ ਡਰਾਈਵਰਾਂ ਕਾਰਨ ਹਾਈਵੇਅ ‘ਤੇ ਕਈ ਭਿਆਨਕ ਅਤੇ ਜਾਨਲੇਵਾ ਹਾਦਸੇ ਵਾਪਰ ਚੁੱਕੇ ਹਨ। ਅਮਰੀਕਾ ਵਿੱਚ ਨਵੇਂ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਵੀਜ਼ਾ ਨਿਯਮਾਂ ਨੂੰ ਲੈ ਕੇ ਵਰਤੀ ਜਾ ਰਹੀ ਇਸ ਸਖ਼ਤੀ ਕਾਰਨ ਟ੍ਰਾਂਸਪੋਰਟ ਕਾਰੋਬਾਰ ਨਾਲ ਜੁੜੇ ਭਾਰਤੀ ਭਾਈਚਾਰੇ ਵਿੱਚ ਕਾਫੀ ਹਲਚਲ ਮਚ ਗਈ ਹੈ।
ਅਮਰੀਕਾ ਵਿੱਚ ਵੱਡੀ ਕਾਰਵਾਈ: ਗੈਰ-ਕਾਨੂੰਨੀ ਤੌਰ ‘ਤੇ ਟਰੱਕ ਚਲਾ ਰਹੇ 30 ਪੰਜਾਬੀ ਅਤੇ ਭਾਰਤੀ ਡਰਾਈਵਰ ਗ੍ਰਿਫ਼ਤਾਰ, ਜਲਦ ਹੋਵੇਗੀ ਡਿਪੋਰਟੇਸ਼ਨ

Published:






