ਇਕੱਨੀ

Published:

Rate this post

ਲੇਖਕ – ਦੇਵਿੰਦਰ ਸਤਿਆਰਥੀ

‘‘ਇਹਨੂੰ ਰਖ ਲੈ। ਨਾਂਹ ਨਾ ਕਰ। ਵੇਖਣ ਵਿੱਚ ਇਹ ਇਕੱਨੀ ਹੈ ਪਰ ਇਸ ਦੀ ਕੀਮਤ ਸਚ ਮੁਚ ਇਸ ਤੋਂ ਕਿਤੇ ਵਧੇਰੇ ਹੈ। ਬਸ, ਰੱਖ ਲੈ ਇਹਨੂੰ। ਮੇਰੇ ਕੋਲ ਲੈ ਦੇ ਇਹੋ ਇਕੱਨੀ ਹੈ, ਭਾਵੇਂ ਇਹ ਤੇਰੀ ਮਜ਼ਦੂਰੀ ਨਹੀਂ ਚੁਕਾ ਸਕਦੀ…।’’ ਇਹ ਕਹਿ ਕੇ ਮੈਂ ਰਾਮੂ ਮੋਚੀ ਦੀ ਹਥੇਲੀ ਤੇ ਇਕੱਨੀ ਰੱਖ ਦਿੱਤੀ। ਪੂਰਾ ਅੱਧਾ ਘੰਟਾ ਲਾ ਕੇ ਉਸ ਨੇ ਮੇਰੇ ਬੂਟ ਦੀ ਮੁਰੰਮਤ ਕੀਤੀ ਸੀ। ਇਕੱਨੀ ਜੇਬ ਵਿੱਚ ਪਾਉਦਿਆਂ ਉਸ ਨੇ ਅੱਖਾਂ ਪਾੜ ਕੇ ਮੇਰੇ ਵਲ ਤੱਕਿਆ ਤੇ ਫਿਰ ਸ਼ਾਇਦ ਖੀਜੇ ਵਿੱਚ ਇਸ ਨੂੰ ਮਲਣ ਲੱਗ ਪਿਆ। ਉਸ ਨੂੰ ਕੀ ਪਤਾ ਸੀ ਕਿ ਇਸ ਇਕੱਥ ਨਾਲ ਮੇਰੀ ਇੱਕ ਕਹਾਣੀ ਜੁੜੀ ਹੋਈ ਹੈ : ਮੈ ਦਿੱਲੀ ਤੋਂ ਕੁੰਡੇਸ਼ਰ ਜਾਣਾ ਸੀ। ਲਲਤਪੁਰ ਤੀਕ ਰੇਲ ਦਾ ਸਫਰ ਸੀ। ਅੱਗੇ ਲਾਰੀ ਜਾਂਦੀ ਸੀ। ਕਈ ਦਿਨ ਤਾਂ ਇਸੇ ਖਿਚੋਤਾਣ ਵਿੱਚ ਲੰਘ ਗਏ ਕਿ ਅੱਜ ਰੁਪਿਆ ਮਿਲੇ, ਭਲਕ ਮਿਲੇ। ਦਿੱਲੀ ਵਿੱਚ ਅਖ਼ਬਾਰ ਨਵੀਸਾਂ ਦੀ ਕਾਨਫਰੰਸ ਹੋ ਰਹੀ ਸੀ। ਮੇਰਾ ਇੱਕ ਮਿੱਤਰ ਜੋ ਕੁੰਡੇੇਸ਼ਰ ਤੋਂ ਨਿਕਲਣ ਵਾਲੇ ‘ਮਧੁਕਰ’ ਵਿੱਚ ਕੰਮ ਕਰਦਾ ਸੀ, ਇਸ ਸਿਲਸਿਲੇ ਵਿੱਚ ਦਿੱਲੀ ਆਇਆ। ਉਸ ਨੇ ਮੈਨੂੰ ਆਪਣੇ ਨਾਲ ਚਲਣ ਲਈ ਮਜ਼ਬੂਰ ਕੀਤਾ। ਮੈਂ ਕੰਮ ਦਾ ਪੱਜ ਲਾ ਕੇ ਗੱਲ ਟਾਲ ਛੱਡੀ। ਉਹ ਮੰਨ ਗਿਆ। ਪਰ ਲੱਗਦੇ ਹੱਥ ਉਹ ਮੈਨੂੰ ਦੱਸ ਗਿਆ ਕਿ ਲਲਤਪੁਰ ਤੀਕ ਪੰਜ ਰੁਪਏ ਦਾ ਟਿਕਟ ਲਗਦਾ ਹੈ ਤੇ ਅਗੇ ਕੁਲ ਪੰਦਰਾਂ ਆਨੇ ਲਾਰੀ ਲਈ ਕਾਫ਼ੀ ਹਨ। ਇੱਕ ਹਫਤਾ ਲੰਘ ਗਿਆ। ਮੈਂ ਕੁੰਡੇਸ਼ਰ ਦੀ ਤਿਆਰੀ ਨਾ ਕਰ ਸਕਿਆ। ਰੁਪਏ ਦੀ ਉਡੀਕ ਸੀ। ਸਹੁਰਾ ਰੁਪਿਆ ਵੀ ਕਦੀ ਕਦੀ ਬਹੁਤਾ ਤਰਸਾਉਦਾ ਹੈ ਤੇ ਭਾਵੇਂ ਮੇਰੇ ਸਫ਼ਰ ਦੇ ਹਾਲ ਪੈਸੇ ਦੀ ਤੰਗੀ ਨਾਲ ਭਰਪੂਰ ਹਨ, ਦਿੱਲੀ ਦੀ ਉਹ ਤੰਗੀ ਮੈਨੂੰ ਸਦਾ ਯਾਦ ਰਹੇਗੀ। ਜਿਸ ਦਿਨ ਮੈਂ ਦਿੱਲੀ ਪਹੁੰਚਿਆ, ਮੇਰੇ ਕੋਲ ਕੁਲ ਚਾਰ ਪੰਜ ਆਨੇ ਸਨ। ਉਹ ਨਿੱਕੀਆਂ ਨਿੱਕੀਆਂ ਲੋੜਾਂ ਤੇ ਖਰਚ ਗਏ। ਜਿੱਥੋਂ ਰੁਪਿਆ ਮਿਲਣਾ ਸੀ, ਨਾ ਮਿਲਿਆ। ਪਰ ਮੈਂ ਆਪਣੇ ਇੱਕ ਮਿੱਤਰ ਕੋਲ ਠਹਿਰਿਆ ਹੋਇਆ ਸੀ, ਮੈਂ ਅਕਸਰ ਪੈਦਲ ਹੀ ਸ਼ਹਿਰ ਪਹੁੰਚਦਾ ਤੇ ਫੇਰ ਪੈਦਲ ਹੀ ਆਪਣੇ ਟਿਕਾਣੇ ਤੇ ਮੁੜਦਾ। ਨਿੱਤ ਮੈਨੂੰ ਵਾਪਸ ਆਉਦਿਆਂ ਦੇਰ ਹੋ ਜਾਂਦੀ। ਮੇਰਾ ਮਿੱਤਰ ਹਸ ਕੇ ਇਸ ਦਾ ਕਾਰਨ ਪੁੱਛਦਾ। ਮੈਂ ਵੀ ਹੱਸ ਕੇ ਗੱਲ ਆਈ ਗਈ ਕਰ ਛੱਡਦਾ। ਕਿਵੇਂ ਕਹਿੰਦਾ ਕਿ ਮੇਰੀ ਜੇਬ ਖਾਲੀਪਈ ਖਾਲੀ ਜੇਬ ਦੀ ਕੋਈ ਖਾਸ ਚਿੰਤਾ ਮੈਨੂੰ ਕਦੀ ਕਦਾਈਂ ਹੀ ਹੁੰਦੀ ਹੈ। ਹੁਣ ਇਹ ਇਕੱਨੀ ਇਸ ਮੋਚੀ ਨੂੰ ਦੇ ਕੇ ਮੇਰੀ ਜੇਬ ਖਾਲੀ ਹੋ ਗਈ। ਫੇਰ ਕੀ ਹੋਇਆ ਮੈਂ ਖੁਸ਼ ਹਾਂ। ਇੱਕ ਦਿਨ ਰਾਤ ਨੂੰ ਦਿੱਲੀ ਵਿੱਚ ਇੱਕ ਮਿੱਤਰ ਦੇ ਘਰ ਮੇਰੀ ਦਾਅਵਤ ਸੀ। ਇਸੇ ਵਿੱਚ ਦਸ ਵਜ ਗਏ। ਹੁਣ ਵਾਪਸ ਨਵੀਂ ਦਿੱਲੀ ਮੁੜਨਾ ਸੀ। ਮੈਂ ਪੈਦਲ ਹੀ ਤੁਰ ਪਿਆ। ਹੌਂਸਲਾ ਹਾਰਨਾ ਮੈਂ ਸਿੱਖਿਆ ਹੀ ਨਹੀਂ। ਕੋਲੋਂ ਦੀ ਇੱਕ ਤਾਂਗਾ ਲੰਘਿਆ। ਮੈਂ ਵਾਜ ਮਾਰੀ… ‘ਤਾਂਗਾ।’ ਤਾਂਗਾ ਰੁਕ ਗਿਆ। ਇੱਕ ਸਵਾਰੀ ਪਹਿਲਾਂ ਬੈਠੀ ਸੀ। ਤਾਂਗੇ ਵਾਲਾ ਬੋਲਿਆ, ਕਿੱਥੇ ਜਾਓਗੇ?’ ‘ਜਿੱਥੇ ਵੀ ਲੈ ਚੱਲੇਂ।’ ‘ਵਾਹ! ਜਿੱਥੇ ਵੀ ਲੈ ਚੱਲਾਂ’… ਕਿੱਥੇ ਲੈ ਚੱਲਾਂ?….. ਮੈਂ ਤਾਂ ਨਵੀਂ ਦਿੱਲੀ ਬਾਰਾਂ ਖੰਬੇ ਜਾ ਰਿਹਾ ਹਾਂ।’ ‘ਮੈਨੂੰ ਵੀ ਉੱਥੇ ਹੀ ਲੈ ਚੱਲ।’ ਤਿੰਨ ਆਨੇ ਲੱਗਣਗੇ। ਰਾਤ ਬਹੁਤ ਲੰਘ ਗਈ ਏ। ਹੋਰ ਤਾਂਗਾ ਮਿਲਣੋ ਰਿਹਾ।’’ ‘ਪਰ ਭਰਾਵਾਂ, ਮੇਰੇ ਕੋਲ ਤਾਂ ਪੈਸੇ ਹਨ ਹੀ ਨਹੀਂ।’ ‘ਹਨ ਹੀ ਨਹੀਂ! ਜੀ, ਇਹ ਮਖੌਲ ਨਾ ਕਰੋ। ਇਹ ਠੀਕ ਨਹੀਂ।’ ‘ਮੈਂ ਮਖੌਲ ਨਹੀਂ ਕਰਦਾ। ਮੇਰੇ ਕੋਲ ਸਚ ਮੁਚ ਪੈਸੇ ਨਹੀਂ ਹਨ।’ ਤਾਂਗੇ ਵਾਲਾ ਕੋਈ ਭਲਾ ਲੋਕ ਸੀ। ਉਸ ਨੂੰ ਤਰਸ ਆ ਗਿਆ। ਕਹਿਣ ਲੱਗਾ, ‘ਚੰਗਾ, ਬੈਠ ਜਾਓ ਤੁਹਾਡੇ ਤਿੰਨ ਆਨੇ ਮੈਂ ਰੱਬ ਕੋਲ ਮੰਗ ਲਵਾਂਗਾ।’ ‘ਬਹੁਤ ਹੱਛਾ।’ ਤਾਂਗਾ ਤੁਰਿਆ ਜਾ ਰਿਹਾ ਸੀ। ਮੈਂ ਸੋਚ ਰਿਹਾ ਸਾਂ ਕਿ ਜਦ ਰੱਬ ਨੇ ਖੁਦ ਮੈਨੂੰ ਤਿੰਨ ਆਨੇ ਨਹੀਂ ਦਿੱਤੇ ਤਾਂ ਉਹ ਮੇਰੇ ਹਿਸਾਬ ਵਿੱਚੋਂ ਇਸ ਤਾਂਗੇ ਵਾਲੇ ਨੂੰ ਤਿੰਨ ਆਨੇ ਕਿੱਥੋਂ ਦੇਵੇਗਾ? ਮੇਰੇ ਦਿਲ ਵਿੱਚ ਕਈ ਤਰਾਂ ਦੇ ਖਿਆਲ ਉੱਠ_ ਉੱਠ ਕੇ ਬੈਠਦੇ ਗਏ। ਰੱਬ ਕੀ ਬਲਾ ਹੈ? ਕੁਝ ਲੋਕ ਆਖਦੇ ਹਨ ਕਿ ਰੱਬ ਦਾ ਖਿਆਲ ਕੇਵਲ ਇੱਕ ਵਹਿਮ ਹੈ… ਕੀ ਇਹ ਸਚਮੁਚ ਇੱਕ ਵਹਿਮ ਹੈ?… ਕੀ ਮੈਂ ਰੱਬ ਵਿੱਚ ਉਤਨਾ ਹੀ ਯਕੀਨ ਰੱਖਦਾ ਹਾਂ ਜਿਤਨਾ ਇਹ ਗ਼ਰੀਬ ਤਾਂਗੇ ਵਾਲਾ? ਜੇ ਨਹੀਂ ਤਾਂ ਮੈਂ ਕਿਵੇਂ ਮੰਨ ਲਿਆ ਕਿ ਉਹ ਜ਼ਰੂਰ ਮੇਰੇ ਹਿਸਾਬ ਵਿੱਚੋਂ ਰੱਬ ਤਿੰਨ ਆਨੇ ਵਸੂਲ ਕਰ ਸਕੇਗਾ?… ਉਸ ਵੇਲੇ ਮੈਨੂੰ ਉਹ ਘਟਨਾਂ ਵੀ ਯਾਦ ਆਈ ਜਦ ਮੈਂ ਇੱਕ ਸਵਾਲ ਦੇ ਜਵਾਬ ਵਿੱਚ ਆਪਣੇ ਇੱਕ ਲਿਖਾਰੀ ਮਿੱਤਰ ਨੂੰ ਦੱਸਿਆ ਸੀ ਕਿ ਜੇ ਰਬ ਨਾ ਵੀ ਹੋਵੇ ਤਾਂ ਕੇਵਲ ਆਪਣੀ ਓਟ ਲਈ ਇੱਕ ਰਬ ਫ਼ਰਜ਼ ਜ਼ਰੂਰ ਲੈਣਾ ਚਾਹੀਦਾ ਹੈ। ਫੇਰ ਸੋਚਿਆ ਕਿ ਇਸ ਤਾਂਗੇ ਵਾਲੇ ਨੇ ਜ਼ਰੂਰ ਮੈਨੂੰ ਕੋਈ ਸਾਧੂ ਸਮਝ ਲਿਆ ਹੈ। ਸਿਰ ਦੇ ਲੰਮੇ ਵਾਲ ਤੇ ਦਾੜੀ ਸਦਕਾ ਅਕਸਰ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ। ਤੇ ਜਦੋਂ ਉਸ ਨੂੰ ਪਤਾ ਲਗ ਜਾਵੇ ਕਿ ਸਚ ਮੁਚ ਰੱਬ ਉੱਤੇ ਯਕੀਨ ਰੱਖਣ ਦੀ ਥਾਂ ਮੈਂ ਕੇਵਲ ਇੱਕ ਫ਼ਰਜ਼ੀ ਰੱਬ ਨੂੰ ਮੰਨਦਾ ਹਾਂ ਤਾਂ ਉਹ ਝਟ ਮੈਨੂੰ ਆਪਣੇ ਤਾਂਗਿਓਂ ਲਾਹ ਦੇਵੇ। ਨਾਲ ਦਾ ਮੁਸਾਫ਼ਿਰ ਕਹਿਣ ਲੱਗਾ, ‘ਤੁਸੀਂ ਕੀ ਕੰਮ ਕਰਦੇ ਹੋ?’ ਮੈਂ ਉੱਤਰ ਦਿੱਤਾ, ਮੈਂ ਲੋਕਗੀਤ ਇਕੱਠੇ ਕਰਦਾ ਹਾਂ।’ ‘ਕਿਸੇ ਕੰਪਨੀ ਵਲੋਂ?’ ‘ਨਹੀਂ ਜੀ, ਇਹ ਮੇਰਾ ਆਪਣਾ ਸ਼ੌਕ ਹੈ।’ ‘ਆਪਣਾ ਸ਼ੌਕ ਹੈ’… ਪਰ ਦੁਨੀਆਂ ਹੈ ਜੀ! ਪੈਸਾ ਕਮਾਉਣ ਲਈ ਹੀ ਨਹੀਂ ਕਰ ਰਿਹਾ।’’ ‘ਘਰੋਂ ਮੈਂ ਰੁਪਿਆ ਨਹੀਂ ਲੈਂਦਾ।’ ‘ਤਾਂ ਰੋਟੀ ਤੇ ਸਫ਼ਰ ਦਾ ਖ਼ਰਚ ਕਿੱਥੋਂ ਕਰਦੇ ਹੋ?’ ਕਿ ਜੇ ਇਹ ਪੈਸੇ ਮਿਲਣੋਂ ਬੰਦ ਵੀ ਹੋ ਜਾਣ ਤਾਂ ਵੀ ਮੈਂ ਇਹ ਕੰਮ ਛੱਡਾਂਗਾ ਨਹੀਂ।’ ‘ਆਪ ਜ਼ਰੂਰ ਕੋਈ ਸਾਧੂ ਹੋਵੋਗੇ?’ ‘ਨਹੀਂ ਜੀ, ਮੈਂ ਤਾਂ ਇੱਕ ਗਿ੍ਰਹਸਥੀ ਹਾਂ। ਮੇਰੀ ਪਤਨੀ ਤੇ ਬੱਚੀ ਜੋ ਅਕਸਰ ਸਫ਼ਰ ਵਿੱਚ ਮੇਰੇ ਨਾਲ ਰਹਿੰਦੀਆਂ ਹਨ, ਅੱਜ ਕੱਲ ਪਿੰਡ ਗਈਆਂ ਹੋਈਆਂ ਹਨ।’ ‘ਠੀਕ।’ ‘ਠੀਕ ਭਾਵੇਂ ਬੇਠੀਕ, ਕੁਝ ਵੀ ਕਹਿ ਲਵੋ। ਇਸ ਵੇਲੇ ਤੇ ਮੈਂ ਵੀ ਇਸ ਤਾਂਗੇ ਵਾਲੇ ਵਾਂਗ ਇੱਕ ਮਜ਼ਦੂਰ ਹਾਂ। ਫ਼ਰਕ ਕੇਵਲ ਇਤਨਾ ਹੈ ਕਿ ਉਹਨੂੰ ਨਕਦ ਮਜ਼ਦੂਰੀ ਮਿਲਦੀ ਹੈ ਤੇ ਇਹ ਗ਼ਰੀਬ ਲਿਖਾਰੀ ਨੂੰ ਕਦੀ ਕਦੀ ਅਖ਼ਬਾਰ ਜਾਂ ਰਸਾਲੇ ਵਾਲੇ ਟਾਲਦੇੇ ਚਲੇ ਜਾਂਦੇ ਹਨ।… ਨਹੀਂ ਤਾਂ ਅੱਜ ਇਹ ਹਾਲਤ ਨਾ ਹੁੰਦੀ ਕਿ ਮੈਂ ਮੁਫਤ ਤਾਂਗੇ ਦੀ ਸਵਾਰੀ ਮੰਗਾਂ। ਇਹ ਤਾਂ ਇਸ ਆਦਮੀ ਦੀ ਦਯਾ ਹੈ ਕਿ ਇਸਨੇ ਮੇਰੇ ਹਿਸਾਬ ਦੇ ਤਿੰਨ ਆਨੇ ਰੱਬ ਕੋਲੋਂ ਲੈ ਲੈਣ ਦੀ ਗੱਲ ਆਖ ਕੇ ਮੈਨੂੰ ਅਹਿਸਾਨ ਦੇ ਭਾਰ ਤੋਂ ਵੀ ਸੁਰਖਰੂ ਕਰ ਦਿੱਤਾ ਹੈ।’ ਸੜਕ ਤੇ ਬਿਜਲੀ ਦੀ ਰੋਸ਼ਨੀ ਸੀ। ਪਰ ਇਸ ਦੇ ਮੁਕਾਬਲੇ ਵਿੱਚ ਗ਼ਰੀਬ ਤਾਂਗੇ ਵਾਲੇ ਦਾ ਲੈਂਪ ਬਹੁਤ ਮੱਧਮ ਜਾਪਦਾ ਸੀ। ਤਾਂਗੇ ਵਾਲਾ ਸਾਡੀਆਂ ਗੱਲਾਂ ਬੜੇ ਸਵਾਦ ਨਾਲ ਸੁਣ ਰਿਹਾ ਸੀ। ਉਸ ਨੂੰ ਖ਼ੁਸ਼ ਕਰਨ ਲਈ ਮੈਂ ਆਖਿਆ, ‘ਜੀ, ਮੈਂ ਤਾਂ ਸਮਝਦਾ ਹਾਂ ਕਿ ਤਾਂਗੇ ਵਾਲਿਆਂ ਦੀ ਕਮਾਈ ਲਹੂ ਪਸੀਨੇ ਦੀ ਕਮਾਈ ਹੈ। ਜੇ ਮੈਨੂੰ ਕਦੀ ਫੇਰ ਇਸ ਦੁਨੀਆਂ ਵਿੱਚ ਆਦਮੀ ਦੀ ਜੂਨ ਮਿਲੇ ਤਾਂ ਮੈਂ ਚਾਹੁੰਦਾ ਹਾਂ ਕਿ ਕਿਸੇ ਤਾਂਗੇ ਵਾਲੇ ਦੇ ਘਰ ਜਨਮ ਲਵਾਂ।’ ਤਾਂਗੇ ਵਾਲੇ ਨੇ ਕਿਹਾ, ‘ਜੀ, ਇੰਝ ਨਾ ਆਖੋ। ਅਸੀਂ ਤਾਂ ਦਿਨ ਵਿੱਚ ਸੌ ਝੂਠ ਬੋਲਦੇ ਹਾਂ। ਤੇ ਮੈਂ ਤਾਂ ਚਾਹੁੰਦਾ ਹਾਂ ਕਿ ਤੁਹਾਨੂੰ ਨਜਾਤ ਮਿਲੇ। ਜੰਮਣਾ ਤੇ ਮਰ ਜਾਣਾ…ਜੀ, ਇਹ ਤਾਂ ਬਹੁਤ ਸਖ਼ਤ ਇਮਤਿਹਾਨ ਹੈ। ਦਿੱਲੀ ਵਿੱਚ ਉਹ ਦੋ ਹਫ਼ਤੇ ਮੈਂ ਬੜੀ ਨੱਠਭੱਜ ਵਿੱਚ ਗੁਜ਼ਾਰੇ। ਖਾਣ ਪੀਣ ਦੀ ਕੋਈ ਤਕਲੀਫ਼ ਨਹੀਂ ਸੁਖਾਲਾ ਕੰਮ ਨਹੀਂ ਸੀ। ਮਿੱਤਰਾਂ ਨੂੰ ਮਿਲਣ ਤੇ ਗੀਤਾਂ ਦੀ ਭਾਲ ਵਿੱਚ ਥਾਂਥਾਂ ਜਾਣਾ ਤਾਂ ਜ਼ਰੂਰੀ ਸੀ। ਕੁੰਡੇਸ਼ਰ ਤੋਂ ਖ਼ਤ ਆਇਆ। ਲਿਖਿਆ ਸੀ…ਛੇਤੀ ਆ ਜਾਓ। ਇਹ ਚੋਬੇ ਜੀ ਦਾ ਖ਼ਤ ਸੀ। ਹੁਣ ਉਹ ਜਾਣਾ ਹੋਰ ਵੀ ਜ਼ਰੂਰੀ ਹੋ ਗਿਆ। ਆਪਣੇ ਮਿੱਤਰ ਕੋਲੋਂ ਮੈਂ ਸੱਤ ਰੁਪਏ ਹੁਦਾਰੇ ਲਏ। ਪੰਜ ਰੁਪਏ ਪੰਦਰਾਂ ਆਨੇ ਕਿਰਾਏ ਲਈ ਤੇ ਇ ੱਕ ਰੁਪਇਆ ਅਤੇ ਇੱਕ ਇਕੱਨੀ ਉੱਪਰਲੇ ਖ਼ਰਚ ਲਈ……..ਅੱਠ ਆਨੇ ਤਾਂ ਸਟੇਸ਼ਨ ਤੀਕ ਤਾਂਗੇ ਵਾਲੇ ਨੂੰ ਦੇਣੇ ਪਏ। ਬਾਕੀ ਬਚੇ ਸਾਢੇ ਛੇ ਰੁਪਏ। ਟਿਕਟ ਘਰ ਦੀ ਖਿੜਕੀ ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਲਲਤਪੁਰ ਤੀਕ ਪੰਜ ਰੁਪਏ ਦਾ ਨਹੀਂ ਸਗੋਂ ਪੰਜ ਰੁਪਏ ਗਿਆਰਾਂ ਆਨੇ ਦਾ ਟਿਕਟ ਲੱਗਦਾ ਹੈ। ‘ਇਹ ਵੀ ਚੰਗੀ ਹੋਈ।’ ਤਾਂ ਕੀ ਉਸ ਕੰੁਡੇਸ਼ਰ ਵਾਲੇ ਮਿੱਤਰ ਨੇ ਮਖੌਲ ਕੀਤਾ ਸੀ?…… ਆਪਣੇ ਕਮਜ਼ੋਰ ਚੇਤੇ ਉੱਤੇ ਮੈਂ ਬੜਾ ਛਿੱਥਾ ਪਿਆ। ਹੋਰ ਕੋਈ ਰਾਹ ਵੀ ਨਹੀਂ ਸੀ। ਜੋ ਹਊ, ਵੇਖੀ ਜਾਊ। ਮੈਂ ਲਲਤਪੁਰ ਟਿਕਟ ਲੈ ਲਿਆ ਤੇ ਕੁਲੀ ਤੋਂ ਅਸਬਾਬ ਚੁਕਾ ਕੇ ਗੱਡੀ ਵਿੱਚ ਜਾ ਬੈਠਾ। ਇੱਕ ਇਕੱਨੀ ਕੁਲੀ ਨੂੰ ਦਿੱਤੀ। ਹੁਣ ਜਦ ਬਾਕੀ ਦੇ ਪੈਸੇ ਗਿਣੇ ਤਾਂ ਕੁਲ ਸਾਢੇ ਦਸ ਆਨੇ ਨਿਕਲੇ। ਹੁਣ ਯਾਦ ਆਇਆ ਕਿ ਡੇਢ ਆਨਾ ਦਿਨ ਵਿੱਚ ਤਾਂਗੇ ਤੇ ਖ਼ਰਚ ਹੋ ਗਿਆ ਸੀ। ਸਾਢੇ ਦਸ ਆਨੇ…. ਕਲ ਸਾਢੇ ਦਸ ਆਨੇ! ਦਿਲ ਵਿੱਚ ਕਈ ਉਤਾਰ ਚੜਾ ਆਏ। ਫੇਰ ਕਿਸੇ ਤਰਾਂ ਦਿਲ ਨੂੰ ਦਿਲਾਸਾ ਦਿੱਤਾ। ਲਲਤਪੁਰ ਤਾਂ ਪਹੁੰਚਾਂ, ਵੇਖੀ ਜਾਊ। ਰਾਤ ਭਰ ਰੇਲ ਗੱਡੀ ਦਾ ਸਫ਼ਰ ਰਿਹਾ। ਨੀਂਦ ਨਾ ਆਈ। ਅਗਲੀ ਸਵੇਰ ਲਲਤਪੁਰ ਆ ਗਿਆ। ਕੁਲੀ ਅਸਬਾਬ ਬਾਹਰ ਲੈ ਆਇਆ। ਪਤਾ ਲੱਗਾ ਕਿ ਲਾਰੀ ਦੇ ਅੱਡੇ ਤੀਕ ਤਾਂਗੇ ਵਾਲੇ ਨੂੰ ਇੱਕ ਦੁਆਨੀ ਦੇਣੀ ਪਵੇਗੀ। ਮੇਰੀ ਜੇਬ ਵਿੱਚ ਤਾਂ ਕੁਲ ਸਾਢੇ ਦਸ ਆਨੇ ਸਨ। ਬੜੀ ਮੁਸ਼ਕਿਲ ਨਾਲ ਕੁਲੀ ਨੂੰ ਦੋ ਪੈਸੇ ਵਿੱਚ ਭੁਗਤਾਇਆ ਤੇ ਤਾਂਗੇ ਵਾਲਾ ਇੱਕ ਇਕੱਨੀ ਉੱਤੇ ਮੰਨ ਗਿਆ। ਤਾਂਗਾ ਤੁਰਿਆ ਜਾ ਰਿਹਾ ਸੀ। ਨਾਲ ਦੀ ਸੀਟ ਵਾਲੇ ਇੱਕ ਨੌਜੁਆਨ ਨੂੰ ਮੈਂ ਪੁੱਛਿਆ, ‘‘ਕਿਉ ਭਰਾਵਾ, ਕੁੰਡੇਸ਼ਰ ਦਾ ਏਥੋਂ ਕੀ ਲੱਗੇਗਾ?’’ ਇਹ ਸਵਾਲ ਮੈਂ ਅਜੇਹੇ ਲਹਿਜੈ ਵਿੱਚ ਕੀਤਾ ਸੀ ਕਿ ਉਸਨੂੰ ਇਹੀ ਮਹਿਸੂਸ ਹੋਵੇ ਕਿ ਮੈਂ ਇਸ ਸਿਲਸਿਲੇ ਵਿੱਚ ਬਿਲਕੁਲ ਅਣਜਾਣ ਹਾਂ। ਉਹ ਬੋਲਿਆ, ‘‘ਕੇਵਲ ਪੰਦਰਾਂ ਆਨੇ।’’ ‘ਪੰਦਰਾਂ ਆਨੇ !……ਪਰ ਭਰਾਵਾਂ, ਮੇਰੀ ਜੇਬ ਵਿੱਚ ਤਾਂ ਕੇਵਲ ਦਸ ਆਨੇ ਰਹਿ ਗਏ ਹਨ ਤੇ ਇਨਾਂ ’ਚੋਂ ਇੱਕ ਇਕੱਨੀ ਇਸ ਤਾਂਗੇ ਵਾਲੇ ਦੀ ਹੋਈ ਸਮਝੋ। ਤੇ ਮੇਰੇ ਕੋਲ ਰਹਿ ਗਏ ਕੇਵਲ ਨੌਂ ਆਨੇ………‘ਨੌਂ ਆਨੇ!…..ਤਾਂ ਬਾਕੀ ਦੇ ਛੇ ਆਨੇ ਕਿੱਥੋਂ ਲਿਆਓਗੇ?’’ ‘ਏਹੀ ਤਾਂ ਚਿੰਤਾ ਹੈ, ਕੋਈ ਉਪਾਅ ਹੋਵੇ ਤਾਂ ਦੱਸੋ?’ ‘ਹੁਣ ਮੈਂ ਕੀ ਜਾਣਾ ਭਰਾਵਾਂ? ਮੈਂ ਤਾਂ ਅਜੇ ਵਿਦਿਆਰਥੀ ਹਾਂ। ਸਚ ਜਾਣੋ।, ਮੇਰੇ ਕੋਲ ਹੁੰਦੇ ਤਾਂ ਮੈਂ ਟਿਕਟ ਲੈ ਦੇਂਦਾ।….. ਤੇ ਮੁਸ਼ਕਿਲ ਤਾਂ ਇਹ ਹੈ ਕਿ ਮੈਂ ਬਾਹਰੋ ਪੜਨ ਆਉਦਾ ਹਾਂ, ਕਿਸੇ ਮੈਨੂੰ ਉਧਾਰ ਦੇਣਾ ਨਹੀਂ।’ ਮੈਂ ਚੁੱਪ ਹੋ ਗਿਆ। ਤੇ ਸਚ ਮੰਨੋ, ਏਥੇ ਪਹੁੰਚ ਕੇ ਇੰਝ ਇੱਕ ਦਮ ਚੁੱਪ ਹੋ ਜਾਣ ਦੇ ਸਦਕੇ ਹੀ ਮੈਂ ਉਸ ਵਿਦਿਆਰਥੀ ਤੇ ਅਸਰ ਪਾ ਸਕਿਆ। ਉਹ ਵੀ ਕੁਝ ਮਿੰਟ ਤੀਕ ਚੁੱਪ ਬੈਠਾ ਰਿਹਾ। ਤਾਂਗਾ ਤੁਰਿਆ ਜਾ ਰਿਹਾ ਸੀ ਤੇ ਮੈਂ ਤਾਂਗੇ ਵਾਲੇ ਨੂੰ ਆਖਿਆ, ਭਰਾਵਾ, ਜੇ ਤੂੰ ਆਪਣੀ ਇਕੱਨੀ ਮੈਥੋਂ ਨਾ ਲਵੇਂ ਤਾਂ ਮੇਰੀ ਮੁਸ਼ਕਿਲ ਘੱਟ ਕੇ ਛੇ ਆਨੇ ਦੀ ਥਾਂ ਪੰਜ ਆਨੇ ਦੀ ਹੀ ਰਹਿ ਜਾਂਦੀ ਹੈ।’ ਉਹ ਬੋਲਿਆ, ‘ਨਹੀਂ ਜੀ, ਮੈਂ ਆਪਣੀ ਇਕੱਨੀ ਜ਼ਰੂਰ ਲਵਾਂਗਾ। ਇੰਝ ਇਕੱਨੀਆਂ ਛੱਡਣ ਲੱਗਾ ਤਾਂ ਮੇਰਾ ਘੋੜਾ ਭੱੁਖਾ ਮਰ ਜਾਏ। ਤੇ ਘਰ ਜਾ ਕੇ ਤੀਵੀਂ ਦੀਆਂ ਗਾਲਾਂ ਵੱਖ ਖਾਵਾਂ।’ ਉਸਨੂੰ ਇਹ ਸ਼ੱਕ ਪੈ ਗਿਆ ਕਿ ਮੈਂ ਅੱਡੇ ਉੱਤੇ ਪਹੁੰਚ ਕੇ ਇਕੱਨੀ ਦੇਣੋ ਨਾਂਹ ਕਰ ਦਿਆਂਗਾ। ਉਸ ਨੇ ਟਾਂਗਾ ਰੋਕ ਲਿਆ। ਬੋਲਿਆ, ਅੱਡਾ, ਹੁਣ ਦੂਰ ਨਹੀਂ , ਇਕੱਨੀ ਦੇ ਦਿਓ।’ ਮੈਂ ਇਕੱਨੀ ਉਸ ਦੇ ਹੱਥ ਰੱਖੀ ਤਦ ਉਹ ਕਿਤੇ ਅਗੇ ਤੁਰਿਆ। ਉਸ ਵਿਦਿਆਰਥੀ ਨੇ ਪੁਛਿਆ, ‘ਕੰਮ ਕੀ ਕਰਦੇ ਹੋ?’ ‘ਮੈਂ ਹਰ ਭਾਸ਼ਾ ਦੇ ਲੋਕਗੀਤ ਇਕੱਠੇ ਕਰਦਾ ਹਾਂ।’ ‘ਠੀਕ, ਠੀਕ, ਵਿਸ਼ਵਮਿੱਤਰ ਵਿੱਚ ਮੈਂ ਗੀਤਾਂ ਤੇ ਇੱਕ ਲੇਖ ਪੜਿਆ ਸੀ। ਤੁਹਾਡਾ ਕੀ ਹੋਵੇਗਾ।’ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਕੰਮ ਬਣਦਾ ਵੇਖ ਕੇ ਮੈਂ ਉਸ ਨੂੰ ਵਿਗਾੜਨਾ ਠੀਕ ਨਾ ਸਮਝਿਆ। ਨਹੀਂ ਤਾਂ ਮੈਂ ਪੁੱਛਦਾ, ਕਿਸ ਮਹੀਨੇ ਦੇ ਵਿਸ਼ਵਮਿੱਤਰ ਦੀ ਗੱਲ ਤੇ ਲੇਖ ਦਾ ਨਾਂ ਕੀ ਸੀ। ਉਹ ਪੁੱਛਣ ਲੱਗਾ, ‘ਤੁਹਾਡਾ ਨਾਂ?’ ਮੈਂ ਆਪਣਾ ਨਾਂ ਦੱਸਿਆ ਤੇ ਉਹ ਬੋਲਿਆ, ‘ਉਹ ਲੇਖ ਮੈਂ ਬੜੇ ਸ਼ੌਂਕ ਨਾਲ ਪੜਿਆ ਸੀ। ਉਹ ਜ਼ਰੂਰ ਤੁਹਾਡਾ ਹੀ ਹੋਵੇਗਾ….. ਇਹ ਬਹੁੁਤ ਵੱਡਾ ਕੰਮ ਹੈ ਜੀ। ਇਸ ਪ੍ਰਸ਼ੰਸਾ ਨੇ ਮੈਨੂੰ ਹੋਰ ਵੀ ਸ਼ਰਮਿੰਦਾ ਕਰ ਦਿੱਤਾ। ਇਹ ਬਹੁਤ ਵੱਡਾ ਕੰਮ ਹੈ……ਜੇ ਇਹ ਵੱਡਾ ਕੰਮ ਹੈ ਤਾਂ ਮੇਰੀ ਮਾਲੀ ਹਾਲਤ ਐਨੀ ਖ਼ਰਾਬ ਕਿਉ ਹੈ?….. ਲਾਰੀ ਦਾ ਟਿਕਟ ਲਗਦਾ ਹੈ ਪੰਦਰਾਂ ਆਨੇ ਤੇ ਮੇਰੇ ਪਾਸ ਹਨ ਕੇਵਲ ਨੌਂ ਆਨੇ। ਉਹ ਬੋਲਿਆ, ‘ਹੁਣ ਤੁਸੀਂ ਚਿੰਤਾ ਨਾ ਕਰੋ। ਮੈਂ ਤੁਹਾਡਾ ਬੰਦੋਬਸਤ ਆਪਣੇ ਜ਼ਿੰਮੇ ਲੈਂਦਾ ਹਾਂ। ਤੁਸੀਂ ਕਿਸੇ ਨੂੰ ਇਹ ਨਾ ਕਹਿਣਾ ਕਿ ਤੁਹਾਡੇ ਪਾਸ ਪੈਸੇ ਥੋੜੇ ਸਨ। ਲਾਰੀ ਉੱਤੇ ਬੈਠ ਜਾਣਾ, ਹਾਲੀ ਲਾਰੀ ਦੋ ਘੰਟਿਆਂ ਤੀਕ ਚਲੇਗੀ, ਓਦੋਂ ਤੀਕ ਮੈਂ ਵੇਖ ਲਵਾਂਗਾ।’ ਅੱਡੇ ਉੱਤੇ ਪਹੁੰਚ ਕੇ ਉਸ ਨੇ ਮੈਨੂੰ ਆਰਾਮ ਨਾਲ ਲਾਰੀ ਵਿੱਚ ਬਿਠਾ ਦਿੱਤਾ। ਉਹ ਆਪ ਟਿਕਟ ਕਨਡੱਕਟਰ ਨੂੰ ਜਾ ਕੇ ਮਿਲਿਆ। ਕੀ ਪਤਾ, ਉਸ ਨੇ ਉਸ ਕੋਲ ਕੀ ਕੀ ਸਚ ਝੂਠ ਬੋਲਿਆ। ਮੈਂ ਤਾਂ ਇਤਨਾ ਹੀ ਜਾਣਦਾ ਹਾਂ ਕਿ ਉਹ ਉਸ ਨੂੰ ਨਾਲ ਲੈ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ‘ਉਹ ਨੌਂ ਆਨੇ ਇਨਾਂ ਨੂੰ ਦੇ ਦਿਓ। ਇਹ ਤੁਹਾਨੂੰ ਕੁੰਡੇਸ਼ਰ ਦਾ ਟਿਕਟ ਦੇਂਦੇ ਹਨ।’ ਮੈਂ ਬਟੂਆ ਖੋਲਿਆ। ਨੌਂ ਦੇ ਨੌਂ ਆਨੇ ਮੈਂ ਬੜੇ ਗਹੁ ਨਾਲ ਵੇਖੇ ਪਰ ਬਾਹਰ ਕੇਵਲ ਅੱਠ ਆਨੇ ਕੱਢੇ। ਇਹ ਉਸ ਨੂੰ ਫੜਾਂਦਿਆਂ ਹੋਇਆਂ ਮੈਂ ਆਖਿਆ, ‘ਤੁਸੀਂ ਆਗਿਆ ਦਿਓ ਤਾਂ ਮੈਂ ਇਕੱਨੀ ਰੱਖ ਲੈਂਦਾ ਹਾਂ। ਕੁੰਡੇਸ਼ਰ ਵਿੱਚ ਲੋੜ ਪਵੇਗੀ। ਸੜਕ ਤੋਂ ਚੋਬੇ ਜੀ ਦੇ ਮਕਾਨ ਤੀਕ ਅਸਬਾਬ ਲੈ ਜਾਣ ਵਾਲੇ ਕੁਲੀ ਨੂੰ ਦੇ ਦੇਵਾਂਗਾ। ਉੱਥੇ ਪਹੁੰਚਦਿਆਂ ਹੀ ਇਹ ਤਾਂ ਮੈਂ ਜ਼ਾਹਰ ਕਰਨੋਂ ਰਿਹਾ ਕਿ ਮੇਰੀ ਜੇਬ ਵਿੱਚ ਇੱਕ ਇਕੱਨੀ ਵੀ ਨਹੀਂ ਹੈ। ‘ਹਾਂ, ਹਾਂ, ਇਕੱਨੀ ਤੁਸੀਂ ਖੁਸ਼ੀ ਨਾਲ ਰੱਖ ਲਵੋ।’ ਕੁੰਡੇਸ਼ਰ ਪਹੁੰਚਿਆ ਤਾਂ ਸੜਕ ਉੱਤੇ ਚੌਬੇ ਜੀ ਦਾ ਇੱਕ ਮਿੱਤਰ ਮੌਜੂਦ ਸੀ। ਉਸ ਨੇ ਅਸਬਾਬ ਘਰ ਪੁਚਾਣ ਦਾ ਪ੍ਰਬੰਧ ਕਰ ਦਿੱਤਾ। ਉਹ ਇਕੱਨੀ ਮੇਰੇ ਪਾਸ ਬਚ ਰਹੀ : ਇਸ ਨੂੰ ਮੈਂ ਸੰਭਾਲ ਕੇ ਜੇਬ ਵਿੱਚ ਰੱਖ ਲਿਆ। ਜਦ ਕਦੀ ਚੋਬੇ ਜੀ ਨੂੰ ਪਾਨ ਦੀ ਲੋੜ ਹੁੰਦੀ, ਮੈਂ ਝਟ ਆਪਣੀ ਜੇਬ ਵਿੱਚੋਂ ਕੱਢ ਕੇ ਵਿਖਾਂਦਾ ਤੇ ਕਹਿੰਦਾ, ‘ਪੈਸੇ ਮੈਂ ਦਿਆਂਗਾ।’ ਚੋਬੇ ਜੀ ਨਾਂਹ ਨਾਂਹ ਕਹਿੰਦੇ ਹੋਏ ਇਸ ਨੂੰ ਵਾਪਸ ਕਰ ਦੇਂਦੇ। ਤੇ ਜਦ ਮੈਂ ਰਾਮੂ ਤੋਂ ਬੂਟ ਮੁਰੰਮਤ ਕਰਵਾ ਕੇ ਉਸ ਨੂੰ ਇਹ ਇਕੱਨੀ ਦੇਂਦਿਆਂ ਹੋਇਆਂ ਕਿਹਾ, ‘ਇਸ ਨੂੰ ਰੱਖ ਲੈ। ਨਾਂਹ ਨਾ ਕਰ। ਵੇਖਣ ਵਿੱਚ ਇਹ ਇਕੱਨੀ ਹੈ, ਪਰ ਇਸ ਦੀ ਕੀਮਤ ਸਚ ਮੁਚ ਇਸ ਤੋਂ ਕਿਤੇ ਵਧੇਰੇ ਹੈ।’…..ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ। ਮੈਂ ਵੇਖਿਆ ਕਿ ਰਾਮੂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਸਨ…. ਉਸ ਨੂੰ ਸਾਰੇ ਦਿਨ ਵਿੱਚ ਉਸ ਇਕੱਨੀ ਤੋਂ ਛੁਟ ਹੋਰ ਕੁਝ ਨਹੀਂ ਸੀ ਮਿਲਿਆ। ਉਸ ਨੇ ਸੋਚਿਆ ਹੋਵੇਗਾ ਕਿ ਉਸ ਨੇ ਇੱਕ ਅੰਤਰਜ਼ਾਮੀ ਸਾਧੂ ਦਾ ਬੂਟ ਮੁਰੰਮਤ ਕੀਤਾ ਹੈ, ਨਹੀਂ ਤਾਂ ਉਹ ਕਿਵੇਂ ਜਾਣਦਾ ਹੈ ਕਿ ਘਰ ਵਿੱਚ ਉਸ ਦੀ ਭੁੱਖੀ ਤੀਵੀਂ ਤੇ ਬੱਚੇ ਇਸੇ ਇਕੱਨੀ ਦੀ ਰਾਹ ਤੱਕ ਰਹੇ ਹਨ।

Read News Paper

Related articles

spot_img

Recent articles

spot_img