ਨਵੀਂ ਦਿੱਲੀ/ਪੰਜਾਬ ਪੋਸਟ :
ਭਾਰਤੀ ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ ਵਿੱਚ ਪਾਈ ਗਈ ਸੁਰੱਖਿਆ ਖ਼ਾਮੀ ਨੂੰ ਠੀਕ ਕਰ ਦਿੱਤਾ ਹੈ। ਇਸ ਖ਼ਾਮੀ ਕਾਰਨ ਵੋਟਰਾਂ ਦੇ ਨਾਂ, ਫ਼ੋਨ ਨੰਬਰ, ਈਮੇਲ, ਜਨਮ ਮਿਤੀ, ਘਰ ਦੇ ਪਤੇ ਅਤੇ ਪਾਸਪੋਰਟ ਵਰਗੇ ਪਛਾਣ ਦਸਤਾਵੇਜ਼ਾਂ ਤੱਕ ਪਹੁੰਚ ਸੰਭਵ ਸੀ। ਰਾਇਟਰਜ਼ ਦੀ ਜਾਂਚ ਮਗਰੋਂ ਕਮਿਸ਼ਨ ਨੇ ਆਪਣੇ ਸੂਚਨਾ ਤਕਨਾਲੋਜੀ ਵਿਭਾਗ ਨੂੰ ਮਾਮਲੇ ਦੀ ਜਾਂਚ ਸੌਂਪੀ ਅਤੇ ਕੁਝ ਘੰਟਿਆਂ ਵਿੱਚ ਖ਼ਾਮੀ ਦੂਰ ਕਰ ਦਿੱਤੀ। ਸਾਈਬਰ ਮਾਹਿਰਾਂ ਨੇ ਖ਼ਦਸ਼ਾ ਜਤਾਇਆ ਕਿ ਇਸ ਰਾਹੀਂ ਵੱਡੀ ਗਿਣਤੀ ਵਿੱਚ ਵੋਟਰਾਂ ਦਾ ਨਿੱਜੀ ਡਾਟਾ ਇਕੱਠਾ ਕੀਤਾ ਜਾ ਸਕਦਾ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਖ਼ਾਮੀ ਦਾ ਪਹਿਲਾਂ ਕਿਸੇ ਨੇ ਗ਼ਲਤ ਫ਼ਾਇਦਾ ਉਠਾਇਆ ਸੀ ਜਾਂ ਨਹੀਂ।







