ਅੱਜ ਜਦੋਂ ਅਸੀਂ ਆਸਟ੍ਰੇਲੀਆ ਦਾ ਨਾਮ ਸੁਣਦੇ ਹਾਂ ਤਾਂ ਸਿਡਨੀ, ਮੈਲਬਰਨ, ਵੱਡੇ ਸ਼ਹਿਰ, ਆਧੁਨਿਕ ਸੜਕਾਂ ਅਤੇ ਉੱਚੀਆਂ ਇਮਾਰਤਾਂ ਅੱਖਾਂ ਸਾਹਮਣੇ ਆਉਂਦੀਆਂ ਹਨ। ਪਰ ਲਗਭਗ 250 ਸਾਲ ਪਹਿਲਾਂ ਇਹ ਧਰਤੀ ਬਿਲਕੁਲ ਵੱਖਰੀ ਸੀ। ਇੱਥੇ ਯੂਰਪੀ ਸ਼ਹਿਰ ਨਹੀਂ ਸਨ, ਨਾ ਰੇਲਾਂ ਸਨ, ਨਾ ਵੱਡੇ ਖੇਤ ਅਤੇ ਨਾ ਹੀ ਬਿ੍ਰਟਿਸ਼ ਬਸਤੀਵਾਦੀ ਰਾਜ। ਇਸ ਵਿਸ਼ਾਲ ਮਹਾਂਦੀਪ ਵਿੱਚ ਵੱਖ-ਵੱਖ ਮੂਲ-ਨਿਵਾਸੀ ਕੌਮਾਂ ਆਪਣੇ-ਆਪਣੇ ਇਲਾਕਿਆਂ, ਭਾਸ਼ਾਵਾਂ, ਰਸਮਾਂ ਅਤੇ ਜੀਵਨ-ਢੰਗ ਨਾਲ ਰਹਿੰਦੀਆਂ ਸਨ। ਪੁਰਾਤਨ ਸਬੂਤ ਦੱਸਦੇ ਹਨ ਕਿ ਮੂਲਨਿਵਾਸੀ ਲੋਕਾਂ ਦੀ ਆਸਟ੍ਰੇਲੀਆ ਵਿੱਚ ਮੌਜੂਦਗੀ ਘੱਟੋ-ਘੱਟ 65,000 ਸਾਲ ਪੁਰਾਣੀ ਹੈ।
ਇਹ ਲੋਕ ਕਿਸੇ ਇੱਕ ਥਾਂ ’ਤੇ ਸਦਾ ਲਈ ਟਿਕੇ ਰਹਿਣ ਵਾਲੇ ਨਹੀਂ ਸਨ। ਆਸਟ੍ਰੇਲੀਆ ਦਾ ਭੂਗੋਲ ਬਹੁਤ ਵੱਖਰਾ ਸੀ ਕਿਤੇ ਘਣਾ ਜੰਗਲ, ਕਿਤੇ ਸਮੁੰਦਰੀ ਤੱਟ, ਕਿਤੇ ਪਹਾੜ ਅਤੇ ਕਿਤੇ ਸੁੱਕਾ ਰੇਗਿਸਤਾਨ। ਇਸ ਲਈ ਹਰ ਇਲਾਕੇ ਦੇ ਲੋਕਾਂ ਨੇ ਆਪਣੇ ਵਾਤਾਵਰਣ ਦੇ ਅਨੁਸਾਰ ਜੀਊਣ ਦੇ ਤਰੀਕੇ ਵਿਕਸਿਤ ਕੀਤੇ। ਕਿਸੇ ਥਾਂ ਮੱਛੀ ਮੁੱਖ ਭੋਜਨ ਸੀ, ਕਿਸੇ ਥਾਂ ਕੰਗਾਰੂ ਅਤੇ ਹੋਰ ਜਾਨਵਰ, ਤੇ ਕਿਤੇ ਬੀਜ, ਫਲ, ਜੜ੍ਹਾਂ ਅਤੇ ਜੰਗਲੀ ਪੌਦੇ ਜੀਵਨ ਦਾ ਆਧਾਰ ਸਨ। ਅਸਟ੍ਰੇਲੀਅਨ ਮਿਊਜ਼ੀਅਮ ਦੇ ਅਨੁਸਾਰ ਮੂਲਨਿਵਾਸੀ ਲੋਕਾਂ ਕੋਲ ਪੌਦਿਆਂ ਅਤੇ ਜਾਨਵਰਾਂ ਤੋਂ ਮਿਲਣ ਵਾਲੇ ਭੋਜਨ ਅਤੇ ਦਵਾਈਆਂ ਬਾਰੇ ਬਹੁਤ ਵਿਸ਼ਾਲ ਗਿਆਨ ਸੀ।
ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਸ਼ਾਇਦ ਕੋਈ ਇੱਕ ਹਥਿਆਰ ਨਹੀਂ, ਸਗੋਂ ਧਰਤੀ ਨੂੰ ਸਮਝਣ ਦੀ ਕਲਾ ਸੀ। ਉਹ ਜਾਣਦੇ ਸਨ ਕਿ ਕਿਹੜੇ ਮੌਸਮ ਵਿੱਚ ਕਿਹੜਾ ਪੌਦਾ ਮਿਲੇਗਾ, ਕਿੱਥੇ ਪਾਣੀ ਹੋ ਸਕਦਾ ਹੈ, ਕਿਹੜੇ ਰਸਤੇ ਰਾਹੀਂ ਜਾਨਵਰ ਲੰਘਦੇ ਹਨ ਅਤੇ ਕਿਹੜੇ ਤਰੀਕੇ ਨਾਲ ਮੱਛੀ ਫੜ੍ਹੀ ਜਾ ਸਕਦੀ ਹੈ। ਰੇਗਿਸਤਾਨ ਵਰਗੇ ਕਠਿਨ ਇਲਾਕਿਆਂ ਵਿੱਚ ਪਾਣੀ ਦੀ ਸਹੀ ਜਾਣਕਾਰੀ ਜੀਵਨ ਅਤੇ ਮੌਤ ਵਿਚਕਾਰ ਫਰਕ ਪੈਦਾ ਕਰ ਸਕਦੀ ਸੀ।
ਉਨ੍ਹਾਂ ਦੇ ਜੀਵਨ ਨੂੰ ਸਿਰਫ ‘‘ਜੰਗਲ ਵਿੱਚ ਰਹਿਣ ਵਾਲੇ ਲੋਕ” ਕਹਿਣਾ ਵੀ ਗਲਤ ਹੋਵੇਗਾ। ਉਨ੍ਹਾਂ ਕੋਲ ਆਪਣੀ ਤਕਨੀਕ ਸੀ। ਪੱਥਰਾਂ ਤੋਂ ਧਾਰਦਾਰ ਔਜਾਰ ਬਣਾਏ ਜਾਂਦੇ ਸਨ। ਕੁਝ ਪੱਥਰਾਂ ਨੂੰ ਘੜ ਕੇ ਕੁਹਾੜੀਆਂ ਬਣਾਈਆਂ ਜਾਂਦੀਆਂ ਸਨ। ਅਸਟ੍ਰੇਲੀਅਨ ਮਿਊਜ਼ੀਅਮ ਦੇ ਰਿਕਾਰਡ ਵਿੱਚ ਅਜਿਹੀਆਂ ਕੁਹਾੜੀਆਂ ਦਾ ਜ਼ਿਕਰ ਹੈ ਜੋ ਲੱਕੜ ਕੱਟਣ, ਸ਼ਿਕਾਰ ਅਤੇ ਆਸਰਾ ਬਣਾਉਣ ਲਈ ਵਰਤੀਆਂ ਜਾਂਦੀਆਂ ਸਨ। ਕੁਝ ਪੱਥਰ ਦੇ ਔਜਾਰ ਸੈਂਕੜੇ ਕਿਲੋਮੀਟਰ ਦੂਰ ਤੱਕ ਵਪਾਰ ਰਾਹੀਂ ਪਹੁੰਚਦੇ ਸਨ।
ਫਿਰ ਆਉਂਦਾ ਹੈ ਉਹ ਹਥਿਆਰ ਜਿਸ ਨਾਲ ਦੁਨੀਆ ਆਸਟ੍ਰੇਲੀਆ ਦੇ ਮੂਲ ਲੋਕਾਂ ਨੂੰ ਸਭ ਤੋਂ ਵੱਧ ਜੋੜਦੀ ਹੈ ‘ਬੂਮਰੈਂਗ’। ਪਰ ਇੱਥੇ ਵੀ ਇੱਕ ਦਿਲਚਸਪ ਗੱਲ ਹੈ। ਹਰ ਬੂਮਰੈਂਗ ਵਾਪਸ ਸੁੱਟਣ ਵਾਲੇ ਵਿਅਕਤੀ ਕੋਲ ਨਹੀਂ ਆਉਂਦਾ ਸੀ। ਨੈਸ਼ਨਲ ਮਿਊਜ਼ੀਅਮ ਆਫ ਅਸਟ੍ਰੇਲੀਆ ਦੇ ਅਨੁਸਾਰ ਬੂਮਰੈਂਗ ਦੀਆਂ ਬਹੁਤ ਸਾਰੀਆਂ ਕਿਸਮਾਂ ਸਨ ਅਤੇ ਬਹੁਤੇ ਬੂਮਰੈਂਗ ਵਾਪਸ ਆਉਣ ਲਈ ਨਹੀਂ ਬਣੇ ਹੁੰਦੇ ਸਨ। ਉਹ ਸ਼ਿਕਾਰ, ਹਥਿਆਰ, ਖੁਦਾਈ ਅਤੇ ਹੋਰ ਕੰਮਾਂ ਲਈ ਵਰਤੇ ਜਾਂਦੇ ਸਨ। ਵੱਖ-ਵੱਖ ਸਮੂਹਾਂ ਵਿੱਚ ਬੂਮਰੈਂਗਾਂ ਦਾ ਵਪਾਰ ਵੀ ਹੁੰਦਾ ਸੀ।
ਉਨ੍ਹਾਂ ਕੋਲ ਭਾਲੇ, ਭਾਲੇ ਸੁੱਟਣ ਵਾਲੇ ਸਾਧਨ, ਲੱਕੜ ਦੇ ਡੰਡੇ, ਢਾਲਾਂ, ਜਾਲ ਅਤੇ ਫੰਦੇ ਵੀ ਸਨ। ਸਮੁੰਦਰੀ ਅਤੇ ਦਰਿਆਈ ਇਲਾਕਿਆਂ ਵਿੱਚ ਮੱਛੀ ਫੜ੍ਹਨ ਲਈ ਵਿਸ਼ੇਸ਼ ਭਾਲੇ, ਕੰਡੇ ਅਤੇ ਜਾਲ ਵਰਤੇ ਜਾਂਦੇ ਸਨ। ਅਸਟ੍ਰੇਲੀਅਨ ਮਿਊਜ਼ੀਅਮ ਦੱਸਦਾ ਹੈ ਕਿ ਕੁਝ ਇਲਾਕਿਆਂ ਵਿੱਚ ਬਹੁ-ਨੁਕੀਲੇ ਭਾਲੇ ਮੱਛੀ ਫੜ੍ਹਨ ਲਈ ਵਰਤੇ ਜਾਂਦੇ ਸਨ ਅਤੇ ਉਨ੍ਹਾਂ ਦੇ ਨੁਕੀਲੇ ਹਿੱਸੇ ਲੱਕੜ, ਹੱਡੀ, ਮੱਛੀ ਦੇ ਦੰਦ ਜਾਂ ਹੋਰ ਕੁਦਰਤੀ ਸਮੱਗਰੀ ਨਾਲ ਬਣਾਏ ਜਾਂਦੇ ਸਨ। ਉਨ੍ਹਾਂ ਦੀਆਂ ਢਾਲਾਂ ਵੀ ਸਿਰਫ ਇੱਕੋ ਕਿਸਮ ਦੀਆਂ ਨਹੀਂ ਸਨ। ਕੁਝ ਛੋਟੀਆਂ ਢਾਲਾਂ ਨੇੜਲੀ ਲੜਾਈ ਲਈ ਅਤੇ ਕੁਝ ਵੱਡੀਆਂ ਢਾਲਾਂ ਭਾਲਿਆਂ ਅਤੇ ਹੋਰ ਸੁੱਟੇ ਜਾਣ ਵਾਲੇ ਹਥਿਆਰਾਂ ਤੋਂ ਬਚਾਅ ਲਈ ਵਰਤੀਆਂ ਜਾਂਦੀਆਂ ਸਨ। ਉਨ੍ਹਾਂ ਦੀ ਬਣਤਰ ਅਤੇ ਸਜਾਵਟ ਇਲਾਕੇ ਅਤੇ ਸਮੂਹ ਅਨੁਸਾਰ ਬਦਲਦੀ ਸੀ।
ਹੁਣ ਸਵਾਲ ਆਉਂਦਾ ਹੈ ਜੇ ਉਨ੍ਹਾਂ ਕੋਲ ਇੰਨੀ ਆਪਣੀ ਤਕਨੀਕ ਅਤੇ ਧਰਤੀ ਦਾ ਗਿਆਨ ਸੀ ਤਾਂ ਫਿਰ ਬਿ੍ਰਟਿਸ਼ ਉਨ੍ਹਾਂ ਉੱਤੇ ਕਾਬੂ ਕਿਵੇਂ ਪਾ ਗਏ?
ਇਸ ਦਾ ਜਵਾਬ ਇੱਕ ਹੀ ਜੰਗ ਵਿੱਚ ਨਹੀਂ ਮਿਲਦਾ।
26 ਜਨਵਰੀ 1788 ਨੂੰ ਬਿ੍ਰਟਿਸ਼ ਬਸਤੀ ਦੀ ਸਥਾਈ ਸ਼ੁਰੂਆਤ ਨਾਲ ਹਾਲਾਤ ਬਦਲਣ ਲੱਗੇ। ਯੂਰਪੀ ਵਸਨੀਕਾਂ ਨੂੰ ਜ਼ਮੀਨ ਚਾਹੀਦੀ ਸੀ ਖੇਤੀ ਲਈ, ਪਸ਼ੂ ਪਾਲਣ ਲਈ ਅਤੇ ਨਵੀਆਂ ਬਸਤੀਆਂ ਲਈ। ਪਰ ਜਿਸ ਧਰਤੀ ਨੂੰ ਬਿ੍ਰਟਿਸ਼ ਆਪਣੇ ਕਬਜ਼ੇ ਵਿੱਚ ਲੈ ਰਹੇ ਸਨ, ਉਹ ਪਹਿਲਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ, ਰਸਮਾਂ, ਪਾਣੀ ਦੇ ਸਰੋਤਾਂ ਅਤੇ ਭੋਜਨ ਦੇ ਰਸਤਿਆਂ ਨਾਲ ਜੁੜੀ ਹੋਈ ਸੀ। ਜਦੋਂ ਵਸਨੀਕਾਂ ਨੇ ਜ਼ਮੀਨ ’ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤਾਂ ਟਕਰਾਅ ਪੈਦਾ ਹੋਇਆ।
ਇਹ ਟਕਰਾਅ ਸਿਰਫ ਇੱਕ ਥਾਂ ਨਹੀਂ ਹੋਇਆ। ਬਿ੍ਰਟਿਸ਼ ਬਸਤੀਆਂ ਹੌਲੀ-ਹੌਲੀ ਨਵੀਆਂ ਦਿਸ਼ਾਵਾਂ ਵੱਲ ਫੈਲਦੀਆਂ ਗਈਆਂ ਅਤੇ ਉਨ੍ਹਾਂ ਦੇ ਨਾਲ ਹੀ ਸੰਘਰਸ਼ ਦੀ ਸਰਹੱਦ ਵੀ ਅੱਗੇ ਵਧਦੀ ਗਈ। ਮੂਲਨਿਵਾਸੀ ਲੋਕਾਂ ਨੇ ਕਈ ਥਾਵਾਂ ’ਤੇ ਵਿਰੋਧ ਕੀਤਾ। ਖੇਤਾਂ ਨੂੰ ਨੁਕਸਾਨ ਪਹੁੰਚਾਉਣਾ, ਪਸ਼ੂ ਭਜਾਉਣਾ ਅਤੇ ਵਸਨੀਕਾਂ ਉੱਤੇ ਹਮਲੇ ਕਰਨਾ ਇਸ ਵਿਰੋਧ ਦਾ ਹਿੱਸਾ ਬਣਿਆ। ਇਸ ਦੇ ਜਵਾਬ ਵਿੱਚ ਕਈ ਬਸਤੀਵਾਦੀ ਗਰੁੱਪਾਂ ਨੇ ਹਥਿਆਰਬੰਦ ਕਾਰਵਾਈਆਂ ਕੀਤੀਆਂ ਅਤੇ ਲੋਕਾਂ ਨੂੰ ਮਾਰਿਆ। ਨੈਸ਼ਨਲ ਮਿਊਜ਼ੀਅਮ ਆਫ ਅਸਟ੍ਰੇਲੀਆ ਇਸ ਪੂਰੇ ਦੌਰ ਨੂੰ ਸਰਹੱਦੀ ਇਲਾਕਿਆਂ ਵਿੱਚ ਹਿੰਸਾ ਦੇ ਸੰਦਰਭ ਵਿੱਚ ਦਰਜ ਕਰਦਾ ਹੈ।
ਬਿ੍ਰਟਿਸ਼ਾਂ ਕੋਲ ਇੱਕ ਹੋਰ ਵੱਡਾ ਫਾਇਦਾ ਸੀ ਹਥਿਆਰਾਂ ਦੀ ਤਕਨੀਕ ਅਤੇ ਸੰਗਠਿਤ ਸੈਨਿਕ ਤਾਕਤ। ਮੂਲਨਿਵਾਸੀ ਯੋਧੇ ਆਪਣੇ ਭਾਲਿਆਂ, ਬੂਮਰੈਂਗਾਂ, ਡੰਡਿਆਂ ਅਤੇ ਢਾਲਾਂ ਨਾਲ ਬਹੁਤ ਨਿਪੁੰਨ ਹੋ ਸਕਦੇ ਸਨ, ਪਰ ਬਿ੍ਰਟਿਸ਼ਾਂ ਕੋਲ ਬੰਦੂਕਾਂ, ਗੋਲਾ-ਬਾਰੂਦ, ਘੋੜਸਵਾਰ ਦਸਤੇ ਅਤੇ ਬਾਅਦ ਵਿੱਚ ਹੋਰ ਸੰਗਠਿਤ ਫੌਜੀ ਅਤੇ ਪੁਲਿਸੀ ਤਾਕਤ ਸੀ।
ਪਰ ਸਿਰਫ ਹਥਿਆਰ ਹੀ ਕਾਰਨ ਨਹੀਂ ਸਨ।
ਯੂਰਪੀ ਲੋਕਾਂ ਨਾਲ ਬਿਮਾਰੀਆਂ ਵੀ ਆਈਆਂ। ਮੂਲਨਿਵਾਸੀ ਸਮੂਹਾਂ ਕੋਲ ਯੂਰਪ ਵਿੱਚ ਫੈਲੀਆਂ ਕਈ ਬਿਮਾਰੀਆਂ ਦੇ ਵਿਰੁੱਧ ਪਹਿਲਾਂ ਤੋਂ ਰੋਗ-ਰੋਕੂ ਸਮਰੱਥਾ ਨਹੀਂ ਸੀ। ਕੁਝ ਇਲਾਕਿਆਂ ਵਿੱਚ ਬਿਮਾਰੀਆਂ ਨੇ ਆਬਾਦੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਨੈਸ਼ਨਲ ਮਿਊਜ਼ੀਅਮ ਆਫ ਅਸਟ੍ਰੇਲੀਆ ਦੇ ਕੋਰੈਂਡਰਕ ਸਬੰਧੀ ਇਤਿਹਾਸਕ ਰਿਕਾਰਡ ਦੱਸਦੇ ਹਨ ਕਿ ਸਰਹੱਦੀ ਇਲਾਕਿਆਂ ਵਿੱਚ ਹਿੰਸਾ ਅਤੇ ਯੂਰਪੀ ਬਿਮਾਰੀਆਂ ਨੇ ਵਿਕਟੋਰੀਆ ਦੇ ਮੂਲਨਿਵਾਸੀ ਲੋਕਾਂ ਦੀ ਗਿਣਤੀ ਨੂੰ ਵੱਡੀ ਗਿਣਤੀ ’ਚ ਘਟਾਇਆ।
ਇਸ ਤੋਂ ਬਾਅਦ ਇੱਕ ਹੋਰ ਵੱਡੀ ਸਮੱਸਿਆ ਆਈ ਜ਼ਮੀਨ ਤੋਂ ਬੇਦਖਲੀ।
ਜਿਨ੍ਹਾਂ ਲੋਕਾਂ ਦਾ ਜੀਵਨ ਆਪਣੇ ਖਿੱਤੇ ਨਾਲ ਜੁੜਿਆ ਹੋਇਆ ਸੀ, ਉਨ੍ਹਾਂ ਨੂੰ ਹੌਲੀ-ਹੌਲੀ ਆਪਣੀਆਂ ਰਵਾਇਤੀ ਧਰਤੀਆਂ ਤੋਂ ਹਟਾਇਆ ਗਿਆ। ਜੰਗਲ, ਪਾਣੀ ਦੇ ਸਰੋਤ ਅਤੇ ਸ਼ਿਕਾਰ ਵਾਲੇ ਇਲਾਕੇ ਨਵੀਆਂ ਬਸਤੀਆਂ, ਖੇਤਾਂ ਅਤੇ ਪਸ਼ੂਆਂ ਲਈ ਵਰਤੇ ਜਾਣ ਲੱਗੇ। ਅਸਟ੍ਰੇਲੀਅਨ ਮਿਊਜ਼ੀਅਮ ਦੇ ਅਨੁਸਾਰ ਬਸਤੀਵਾਦ ਨੇ ਮੂਲਨਿਵਾਸੀ ਲੋਕਾਂ ਨੂੰ ਉਨ੍ਹਾਂ ਦੀਆਂ ਧਰਤੀਆਂ ਤੋਂ ਬੇਦਖਲ ਕੀਤਾ ਅਤੇ ਉਨ੍ਹਾਂ ਦੇ ਰਵਾਇਤੀ ਭੋਜਨ, ਰਸਮਾਂ ਅਤੇ ਪਵਿੱਤਰ ਸਥਾਨਾਂ ਉੱਤੇ ਡੂੰਘਾ ਪ੍ਰਭਾਵ ਪਾਇਆ।
ਕਈ ਥਾਵਾਂ ’ਤੇ ਇਹ ਸੰਘਰਸ਼ ਬੇਹੱਦ ਹਿੰਸਕ ਹੋ ਗਿਆ। 1838 ‘ਦਾ ਮਾਇਲ ਕ੍ਰੀਕ ਕਤਲੇਆਮ’ ਇਸ ਦਾ ਇੱਕ ਦਰਦਨਾਕ ਉਦਾਹਰਨ ਸੀ, ਜਦੋਂ ਬਿ੍ਰਟਿਸ਼ ਵਸਨੀਕਾਂ ਦੇ ਇੱਕ ਸਮੂਹ ਨੇ ਵਿਰਾਯਾਰਾਏ ਮੂਲ ਵਾਸੀ ਲੋਕਾਂ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਮਾਮਲਾ ਬਿ੍ਰਟਿਸ਼ ਅਦਾਲਤ ਤੱਕ ਪਹੁੰਚਿਆ ਅਤੇ ਕਤਲ ਵਿੱਚ ਸ਼ਾਮਲ ਸੱਤ ਵਸਨੀਕਾਂ ਨੂੰ ਦੋਸ਼ੀ ਠਹਿਰਾ ਕੇ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਘਟਨਾ ਇਸ ਲਈ ਵੀ ਇਤਿਹਾਸਕ ਬਣੀ ਕਿ ਬਸਤੀਵਾਦੀ ਦੌਰ ਵਿੱਚ ਮੂਲ ਵਾਸੀ ਲੋਕਾਂ ਦੇ ਕਤਲ ਲਈ ਬਿ੍ਰਟਿਸ਼ ਵਸਨੀਕਾਂ ਨੂੰ ਕਾਨੂੰਨੀ ਤੌਰ ’ਤੇ ਸਜ਼ਾ ਦਿੱਤੀ ਜਾਣ ਦੀ ਇਹ ਇੱਕ ਬਹੁਤ ਮਹੱਤਵਪੂਰਨ ਮਿਸਾਲ ਸੀ।
ਇਸ ਪੂਰੇ ਦੌਰ ਨੂੰ ਸਮਝਣ ਲਈ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮੂਲਨਿਵਾਸੀ ਲੋਕ ਗਾਇਬ ਨਹੀਂ ਹੋਏ। ਉਨ੍ਹਾਂ ਨੇ ਵਿਰੋਧ ਕੀਤਾ, ਆਪਣੇ ਗਿਆਨ ਅਤੇ ਸੱਭਿਆਚਾਰ ਨੂੰ ਬਚਾਇਆ ਅਤੇ ਬਦਲਦੀਆਂ ਹਾਲਾਤਾਂ ਵਿੱਚ ਨਵੀਆਂ ਰਣਨੀਤੀਆਂ ਅਪਣਾਈਆਂ। ਕਈ ਲੋਕਾਂ ਨੇ ਯੂਰਪੀ ਔਜਾਰਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕੀਤਾ। ਕੁਝ ਥਾਵਾਂ ’ਤੇ ਮੂਲਨਿਵਾਸੀ ਲੋਕਾਂ ਨੇ ਬੰਦੂਕਾਂ ਦੀ ਵਰਤੋਂ ਸਿੱਖੀ ਅਤੇ ਬਸਤੀਵਾਦੀ ਅਰਥ-ਵਿਵਸਥਾ ਵਿੱਚ ਮਜ਼ਦੂਰੀ ਵੀ ਕੀਤੀ। ਪਰ ਇਹ ਸਭ ਕੁਝ ਉਨ੍ਹਾਂ ਦੀ ਆਪਣੀ ਚੋਣ ਨਾਲ ਨਹੀਂ ਹੋਇਆ; ਬਹੁਤ ਵਾਰ ਹਾਲਾਤਾਂ ਨੇ ਉਨ੍ਹਾਂ ਨੂੰ ਮਜ਼ਬੂਰ ਕੀਤਾ।
ਇਸੇ ਲਈ ਆਸਟ੍ਰੇਲੀਆ ਦੇ ਮੂਲ ਲੋਕਾਂ ਦੀ ਕਹਾਣੀ ਨੂੰ ਸਿਰਫ “ਬਿ੍ਰਟਿਸ਼ ਆਏ ਅਤੇ ਕਬਜ਼ਾ ਕਰ ਲਿਆ” ਕਹਿ ਦੇਣਾ ਵੀ ਅਧੂਰਾ ਹੈ। ਇਹ ਹਜ਼ਾਰਾਂ ਸਾਲਾਂ ਦੀਆਂ ਸੱਭਿਆਚਾਰਾਂ, ਧਰਤੀ ਦੇ ਗਿਆਨ, ਸ਼ਿਕਾਰ ਅਤੇ ਮੱਛੀ ਫੜਨ ਦੀਆਂ ਤਕਨੀਕਾਂ, ਵਪਾਰਕ ਰਸਤਿਆਂ, ਕਲਾ, ਭਾਸ਼ਾਵਾਂ ਅਤੇ ਆਤਮਿਕ ਪ੍ਰੰਪਰਾਵਾਂ ਦੀ ਕਹਾਣੀ ਹੈ ਜਿਸ ਦੇ ਉੱਪਰ 1788 ਤੋਂ ਬਾਅਦ ਬਸਤੀਵਾਦ, ਬਿਮਾਰੀਆਂ, ਹਿੰਸਾ ਅਤੇ ਬੇਦਖਲੀ ਦਾ ਇੱਕ ਬਹੁਤ ਵੱਡਾ ਦੌਰ ਆ ਗਿਆ।
ਅੱਜ ਵੀ ਬੂਮਰੈਂਗ, ਭਾਲਾ ਜਾਂ ਢਾਲ ਸਿਰਫ ਅਜਾਇਬਘਰ ਦੀਆਂ ਚੀਜਾਂ ਨਹੀਂ ਹਨ। ਇਹ ਇੱਕ ਅਜਿਹੀ ਸੱਭਿਆਚਾਰਕ ਯਾਦ ਦੇ ਪ੍ਰਤੀਕ ਹਨ ਜੋ ਹਜ਼ਾਰਾਂ ਸਾਲਾਂ ਦੀ ਯਾਤਰਾ ਤੋਂ ਬਾਅਦ ਵੀ ਜਿੰਦਾ ਹੈ। ਨੈਸ਼ਨਲ ਮਿਊਜ਼ੀਅਮ ਆਫ ਅਸਟ੍ਰੇਲੀਆ ਬੂਮਰੈਂਗ ਨੂੰ ਮੂਲਨਿਵਾਸੀ ਸੱਭਿਆਚਾਰ ਦੀ ਲੰਬੀ ਮੌਜੂਦਗੀ ਅਤੇ ਸੱਭਿਆਚਾਰਕ ਦਿ੍ਰੜਤਾ ਨਾਲ ਜੋੜਦਾ ਹੈ।
ਅਸਲ ਵਿੱਚ ਆਸਟ੍ਰੇਲੀਆ ਦੀ ਇਹ ਕਹਾਣੀ ਸਾਨੂੰ ਇੱਕ ਵੱਡਾ ਸਵਾਲ ਪੁੱਛਦੀ ਹੈ ਜਿਸ ਧਰਤੀ ਨੂੰ ਕੋਈ ਬਾਹਰੋਂ ਖਾਲੀ ਸਮਝੇ, ਕੀ ਉਹ ਸੱਚਮੁੱਚ ਖਾਲੀ ਹੁੰਦੀ ਹੈ?
– ਪੰਜਾਬ ਪੋਸਟ
ਸਰੋਤ/ਹਵਾਲੇ
- ਆਸਟ੍ਰੇਲੀਆਈ ਅਜਾਇਬਘਰ: ਆਸਟ੍ਰੇਲੀਆ ਦੇ ਮੂਲ ਵਾਸੀ-ਪਹਿਲੇ ਲੋਕਾਂ ਦਾ ਇਤਿਹਾਸ ਅਤੇ ਸੱਭਿਆਚਾਰ ਅਤੇ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਸੰਗ੍ਰਹਿ ਦਾ ਇਤਿਹਾਸ
- ਆਸਟ੍ਰੇਲੀਆ ਦਾ ਰਾਸ਼ਟਰੀ ਅਜਾਇਬਘਰ: ਬੂਮਰੈਂਗ ਅਤੇ ਪਹਿਲੇ ਆਸਟ੍ਰੇਲੀਆਈ ਲੋਕ ਅਤੇ ਬਸਤੀਵਾਦ ਅਤੇ ਸਰਹੱਦੀ ਹਿੰਸਾ
- ਆਸਟ੍ਰੇਲੀਆਈ ਮਨੁੱਖੀ ਅਧਿਕਾਰ ਕਮਿਸ਼ਨ: ਬਿ੍ਰਟਿਸ਼ ਬਸਤੀਵਾਦ ਅਤੇ ਮੂਲ ਵਾਸੀਆਂ ਨਾਲ ਸੰਘਰਸ਼ ਸਬੰਧੀ ਇਤਿਹਾਸਕ ਰਿਪੋਰਟਾਂ







