ਡਾ. ਜਸਦੀਪ ਸਿੰਘ ਜੈਸੀ ਐਨ.ਸੀ.ਏ.ਆਈ.ਏ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਪ੍ਰਮੁੱਖ ਸੰਸਥਾ ‘ਸਿੱਖਸ ਆਫ਼ ਅਮੈਰਿਕਾ’ ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ ਨੂੰ ਨੈਸ਼ਨਲ ਕਾਊਂਸਿਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ (ਐਨ.ਸੀ.ਏ.ਆਈ.ਏ) ਵੱਲੋਂ ਆਪਣੀ 20ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਵੱਕਾਰੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਹਨਾਂ ਨੂੰ ਮੈਰੀਲੈਂਡ ਵਿੱਚ ਆਯੋਜਿਤ ਇੱਕ ਬਹੁਤ ਸ਼ਾਨਦਾਰ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ, ਜਿੱਥੇ ਐਨ.ਸੀ.ਏ.ਆਈ.ਏ ਸੰਸਥਾ ਨੇ ਆਪਣੇ 20 ਸਾਲਾਂ ਦੇ ਸੇਵਾ, ਏਕਤਾ ਅਤੇ ਸਸ਼ਕਤੀਕਰਨ ਦੇ ਗੌਰਵਸ਼ਾਲੀ ਸਫ਼ਰ ਦਾ ਜਸ਼ਨ ਵੀ ਮਨਾਇਆ। ਇਸ ਵਿਸ਼ੇਸ਼ ਅਤੇ ਵੱਕਾਰੀ ਸਮਾਰੋਹ ਵਿੱਚ ਭਾਈਚਾਰੇ ਦੇ ਉੱਘੇ ਆਗੂ, ਸੱਭਿਆਚਾਰਕ ਕਲਾਕਾਰ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਏਸ਼ੀਆਈ ਭਾਰਤੀ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਪ ਮਾਲਾ ਕਰਕੇ ਹੋਈ, ਜਿਸ ਤੋਂ ਬਾਅਦ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਭਾਰਤੀ ਸ਼ਾਸਤਰੀ ਨ੍ਰਿਤ, ਸੰਗੀਤ ਅਤੇ ਲੋਕ ਨਾਚ ਮੁੱਖ ਖਿੱਚ ਦਾ ਕੇਂਦਰ ਰਹੇ ਅਤੇ ਇਸ ਨੇ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।
ਸਮਾਰੋਹ ਦੌਰਾਨ ਐਨ.ਸੀ.ਏ.ਆਈ.ਏ ਦੇ ਅਹੁਦੇਦਾਰਾਂ ਨੇ ਡਾ. ਜਸਦੀਪ ਸਿੰਘ ਜੱਸੀ ਦੇ ਰਾਜਨੀਤਿਕ ਅਤੇ ਭਾਈਚਾਰਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਨੇ ਪ੍ਰਵਾਸੀ ਭਾਰਤੀਆਂ, ਵਿਸ਼ੇਸ਼ ਤੌਰ ‘ਤੇ ਸਿੱਖ ਭਾਈਚਾਰੇ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਅਣਥੱਕ ਮਿਹਨਤ ਕੀਤੀ ਹੈ। ਨੌਜਵਾਨਾਂ ਨੂੰ ਲੀਡਰਸ਼ਿਪ ਲਈ ਪ੍ਰੇਰਿਤ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਉਹਨਾਂ ਨੇ ਕਈ ਅਹਿਮ ਉਪਰਾਲੇ ਸ਼ੁਰੂ ਕੀਤੇ ਹਨ। ਉਨਾਂ ਦੀ ਯੋਗ ਅਗਵਾਈ ਹੇਠ ਸੰਸਥਾ ਨੇ ਪਿਛਲੇ 20 ਸਾਲਾਂ ਵਿੱਚ ਸਮਾਜਿਕ ਜਾਗਰੂਕਤਾ, ਨਾਗਰਿਕ ਭਾਈਵਾਲੀ ਅਤੇ ਸਮਾਜਿਕ ਨਿਆਂ ਦੇ ਖੇਤਰ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸ਼ਲਾਘਾਯੋਗ ਕੰਮ ਕੀਤੇ ਹਨ। ਐਨ.ਸੀ.ਏ ਦੇ ਪ੍ਰਬੰਧਕਾਂ ਨੇ ਆਪਣੀ ਸੰਸਥਾ ਦੀ ਇਸ ਸ਼ਾਨਦਾਰ ਸਫਲਤਾ ਅਤੇ 20 ਸਾਲਾਂ ਦੇ ਇਤਿਹਾਸਕ ਸਫ਼ਰ ਦਾ ਸਿਹਰਾ ਵੀ ਡਾ. ਜਸਦੀਪ ਸਿੰਘ ਜੈਸੀ ਸਣੇ ਉਨਾਂ ਸਾਰੇ ਵਲੰਟੀਅਰਾਂ, ਸਮਰਥਕਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਦਿੱਤਾ, ਜਿਨ੍ਹਾਂ ਨੇ ਇਸ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਦਿਨ-ਰਾਤ ਯੋਗਦਾਨ ਪਾਇਆ ਹੈ।

ਜ਼ਿਕਰਯੋਗ ਹੈ ਕਿ ਡਾ. ਜਸਦੀਪ ਸਿੰਘ ਜੱਸੀ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਸਿੱਖ ਕੌਮ ਅਤੇ ਸਮਾਜ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਹਨ ਅਤੇ ਉਹਨਾਂ ਨੂੰ ਭਾਈਚਾਰੇ ਦੇ ਇੱਕ ਵੱਡੇ ਪ੍ਰੇਰਨਾ ਸਰੋਤ ਵਜੋਂ ਦੇਖਿਆ ਜਾਂਦਾ ਹੈ। ‘ਸਿੱਖਸ ਆਫ਼ ਅਮੈਰਿਕਾ’ ਦੇ ਸਫਲ ਅਤੇ ਸੁਯੋਗ ਮੁਖੀ ਵਜੋਂ ਉਨਾਂ ਨੇ ਇਸ ਸੰਸਥਾ ਦੀ ਅਗਵਾਈ ਕਰਦਿਆਂ ਅਮਰੀਕਾ ਵਿੱਚ ਸਿੱਖਾਂ ਦੀ ਇੱਕ ਮਜ਼ਬੂਤ ਪਛਾਣ ਸਥਾਪਿਤ ਕੀਤੀ ਹੈ। ਉਹ ਸਮਾਜਿਕ ਸੇਵਾ, ਭਾਈਚਾਰਕ ਏਕਤਾ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਦੇ ਬਹੁਤ ਵੱਡੇ ਸਮਰਥਕ ਹਨ। ਇਸ ਤੋਂ ਇਲਾਵਾ ਸਿੱਖਿਆ, ਸਿਹਤ, ਨਸ਼ਾ ਮੁਕਤੀ, ਆਫ਼ਤ ਰਾਹਤ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਉਹਨਾਂ ਦਾ ਮਾਨਵਤਾਵਾਦੀ ਯੋਗਦਾਨ ਬੇਮਿਸਾਲ ਰਿਹਾ ਹੈ। ਉਨਾਂ ਨੇ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਵਿੱਚ ਆਪਸੀ ਸਾਂਝ, ਅੰਤਰ-ਧਰਮ ਸਦਭਾਵਨਾ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਹਮੇਸ਼ਾ ਮੋਹਰੀ ਅਤੇ ਸਰਗਰਮ ਭੂਮਿਕਾ ਨਿਭਾਈ ਹੈ।

ਇਸ ਵੱਕਾਰੀ ਸਨਮਾਨ ਨੂੰ ਹਾਸਲ ਕਰਨ ਤੋਂ ਬਾਅਦ ਡਾ. ਜਸਦੀਪ ਸਿੰਘ ਜੱਸੀ ਨੇ ਭਾਵੁਕ ਅਲਫ਼ਾਜ਼ਾਂ ਜ਼ਰੀਏ ਸੰਸਥਾ ਅਤੇ ਸਾਰੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ। ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਨਮਾਨ ਕੇਵਲ ਉਨਾਂ ਦਾ ਨਿੱਜੀ ਸਨਮਾਨ ਨਹੀਂ ਹੈ, ਬਲਕਿ ਪੂਰੇ ਸਿੱਖ ਭਾਈਚਾਰੇ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਅਣਥੱਕ ਯਤਨਾਂ ਨੂੰ ਸਮਰਪਿਤ ਹੈ। ਉਨਾਂ ਅੱਗੇ ਕਿਹਾ ਕਿ ਇਹ ਪੁਰਸਕਾਰ ਉਹਨਾਂ ਨੂੰ ਭਵਿੱਖ ਵਿੱਚ ਹੋਰ ਵੀ ਵੱਧ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਉਹ ਸਾਰੇ ਮਿਲ ਕੇ ਸਮਾਜ ਸੇਵਾ, ਆਪਸੀ ਏਕਤਾ ਅਤੇ ਮਾਨਵਤਾ ਦੇ ਭਲੇ ਲਈ ਹਮੇਸ਼ਾ ਨਿਰੰਤਰ ਕਾਰਜ ਕਰਦੇ ਰਹਿਣਗੇ। ਇਸ ਮੌਕੇ ‘ਸਿੱਖਸ ਆਫ਼ ਅਮੈਰਿਕਾ’ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਉੱਪ ਪ੍ਰਧਾਨ ਬਲਜਿੰਦਰ ਸਿੰਘ ਵੀ ਉਚੇਚੇ ਤੌਰ ‘ਤੇ ਮੌਜੂਦ ਸਨ।

Read News Paper

Related articles

spot_img

Recent articles

spot_img