ਉੱਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਪੰਜਾਬ ਭਾਰਤੀ ਉੱਪ-ਮਹਾਂਦੀਪ ਦੀਆਂ ਸਭ ਤੋਂ ਤਾਕਤਵਰ ਰਾਜਨੀਤਿਕ ਤਾਕਤਾਂ ਵਿੱਚੋਂ ਇੱਕ ਸੀ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਰਾਜ ਨੇ ਪੱਛਮ ਵੱਲ ਪੇਸ਼ਾਵਰ ਅਤੇ ਅਫਗਾਨ ਸਰਹੱਦ ਤੱਕ ਅਤੇ ਉੱਤਰ ਵੱਲ ਕਸ਼ਮੀਰ ਤੱਕ ਆਪਣਾ ਪ੍ਰਭਾਵ ਕਾਇਮ ਕੀਤਾ ਹੋਇਆ ਸੀ। ਪੰਜਾਬ ਦੀ ਖਾਲਸਾ ਫੌਜ ਨੂੰ ਉਸ ਸਮੇਂ ਉੱਪ-ਮਹਾਂਦੀਪ ਦੀਆਂ ਸਭ ਤੋਂ ਮਜ਼ਬੂਤ ਫੌਜਾਂ ਵਿੱਚ ਗਿਣਿਆ ਜਾਂਦਾ ਸੀ। ਇਸ ਦੇ ਤੋਪਖਾਨੇ ਨੂੰ ਖਾਸ ਤੌਰ ’ਤੇ ਬੇਹੱਦ ਤਾਕਤਵਰ ਮੰਨਿਆ ਜਾਂਦਾ ਸੀ ਅਤੇ ਫੌਜ ਵਿੱਚ ਭਾਰਤੀ ਸਿਪਾਹੀਆਂ ਦੇ ਨਾਲ ਯੂਰਪੀ ਸਿਖਲਾਈ ਪ੍ਰਾਪਤ ਦਸਤੇ ਵੀ ਮੌਜੂਦ ਸਨ। ਦੂਜੇ ਪਾਸੇ ਅੰਗਰੇਜੀ ਈਸਟ ਇੰਡੀਆ ਕੰਪਨੀ ਆਪਣਾ ਰਾਜ ਲਗਾਤਾਰ ਵਧਾ ਰਹੀ ਸੀ। 1830ਵਿਆਂ ਤੱਕ ਅੰਗਰੇਜੀ ਇਲਾਕਾ ਪੰਜਾਬ ਦੀ ਸਰਹੱਦ ਨਾਲ ਲੱਗ ਚੁੱਕਾ ਸੀ। ਦੋਵਾਂ ਤਾਕਤਾਂ ਵਿਚਕਾਰ ਇੱਕ ਅਜਿਹਾ ਸੰਤੁਲਨ ਬਣਿਆ ਹੋਇਆ ਸੀ ਜਿਸ ਵਿੱਚ ਜੰਗ ਤੋਂ ਬਚਣਾ ਦੋਵਾਂ ਲਈ ਜ਼ਰੂਰੀ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿੱਚ ਹੋਈ ਅਤੇ ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਲਗਾਤਾਰ ਉਥਲ-ਪੁਥਲ ਸ਼ੁਰੂ ਹੋ ਗਈ। ਥੋੜ੍ਹੇ ਸਮੇਂ ਵਿੱਚ ਕਈ ਹਾਕਮ ਬਦਲੇ, ਦਰਬਾਰੀ ਧੜੇ ਆਪਸ ਵਿੱਚ ਟਕਰਾਉਂਦੇ ਰਹੇ ਅਤੇ ਖਾਲਸਾ ਫੌਜ ਦੀ ਰਾਜਨੀਤਿਕ ਤਾਕਤ ਵੀ ਵਧਦੀ ਗਈ। ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ’ਤੇ ਬਿਠਾਇਆ ਗਿਆ। ਇਸ ਦੌਰਾਨ ਅੰਗਰੇਜਾਂ ਨੇ ਪੰਜਾਬ ਦੀ ਸਰਹੱਦ ਨੇੜੇ ਆਪਣੀਆਂ ਫੌਜੀ ਤਿਆਰੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰੋਜ਼ਪੁਰ ਦੀ ਛਾਉਣੀ ਨੂੰ ਮਜ਼ਬੂਤ ਕੀਤਾ। ਪੰਜਾਬ ਦੇ ਅੰਦਰ ਇਹ ਗਤੀਵਿਧੀਆਂ ਸੱਕ ਅਤੇ ਬੇਚੈਨੀ ਦਾ ਕਾਰਨ ਬਣ ਰਹੀਆਂ ਸਨ।
ਆਖਰਕਾਰ ਦਸੰਬਰ 1845 ਵਿੱਚ ਹਾਲਾਤ ਉਸ ਮੋੜ ’ਤੇ ਪਹੁੰਚ ਗਏ, ਜਿੱਥੋਂ ਵਾਪਸ ਮੁੜਨਾ ਔਖਾ ਸੀ। 11 ਦਸੰਬਰ ਨੂੰ ਖਾਲਸਾ ਫੌਜ ਨੇ ਸਤਲੁਜ ਦਰਿਆ ਪਾਰ ਕੀਤਾ ਅਤੇ ਅੰਗਰੇਜੀ ਇਲਾਕੇ ਵਿੱਚ ਦਾਖਲ ਹੋਈ। ਇਸ ਕਦਮ ਦੇ ਪਿੱਛੇ ਕਾਰਨਾਂ ਬਾਰੇ ਇਤਿਹਾਸਕਾਰਾਂ ਵਿੱਚ ਵੱਖ-ਵੱਖ ਵਿਚਾਰ ਮਿਲਦੇ ਹਨ। ਉਸ ਸਮੇਂ ਪੰਜਾਬ ਦਰਬਾਰ ਅਤੇ ਖਾਲਸਾ ਫੌਜ ਦੇ ਕੁਝ ਧੜਿਆਂ ਵਿੱਚ ਡੂੰਘੇ ਮਤਭੇਦ ਸਨ ਅਤੇ ਕੁਝ ਇਤਿਹਾਸਕ ਸਰੋਤ ਇਹ ਵੀ ਦੱਸਦੇ ਹਨ ਕਿ ਕੁਝ ਦਰਬਾਰੀ ਤਾਕਤਾਂ ਨੇ ਫੌਜ ਨੂੰ ਜੰਗ ਵੱਲ ਧੱਕਣ ਵਿੱਚ ਭੂਮਿਕਾ ਨਿਭਾਈ। ਪਰ ਜੰਗ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਹੁਣ ਮੈਦਾਨ ਵਿੱਚ ਕਿਹੜੀ ਤਾਕਤ ਭਾਰੀ ਪਵੇਗੀ।
ਪਹਿਲੀ ਵੱਡੀ ਟੱਕਰ 18 ਦਸੰਬਰ 1845 ਨੂੰ ਮੁਦਕੀ ਨੇੜੇ ਹੋਈ। ਲਾਲ ਸਿੰਘ ਦੀ ਅਗਵਾਈ ਹੇਠ ਲਗਭਗ 16,000 ਸਿਪਾਹੀਆਂ ਵਾਲੀ ਖਾਲਸਾ ਫੌਜ ਦਾ ਸਾਹਮਣਾ ਅੰਗਰੇਜੀ-ਭਾਰਤੀ ਫੌਜ ਨਾਲ ਹੋਇਆ। ਅੰਗਰੇਜੀ ਫੌਜ ਗਿਣਤੀ ਅਤੇ ਤੋਪਖਾਨੇ ਦੇ ਮਾਮਲੇ ਵਿੱਚ ਮਜ਼ਬੂਤ ਸੀ, ਪਰ ਖਾਲਸਾ ਫੌਜ ਨੇ ਕੜਾ ਮੁਕਾਬਲਾ ਕੀਤਾ। ਲੜਾਈ ਰਾਤ ਤੱਕ ਚੱਲੀ। ਅੰਗਰੇਜੀ ਘੁੜਸਵਾਰ ਹਮਲੇ ਤੋਂ ਬਾਅਦ ਖਾਲਸਾ ਫੌਜ ਨੂੰ ਪਿੱਛੇ ਹਟਣਾ ਪਿਆ, ਪਰ ਉਸ ਦੀ ਤੋਪਬਾਰੀ ਨੇ ਅੰਗਰੇਜੀ ਫੌਜ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। ਮੁਦਕੀ ਦੀ ਲੜਾਈ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਦੀ ਫੌਜ ਨੂੰ ਆਸਾਨੀ ਨਾਲ ਹਰਾਉਣਾ ਸੰਭਵ ਨਹੀਂ ਸੀ।
ਮੁਦਕੀ ਤੋਂ ਬਾਅਦ ਅਗਲਾ ਵੱਡਾ ਮੈਦਾਨ ਫਿਰੋਜ਼ਸਾਹ ਬਣਿਆ। ਇੱਥੇ ਖਾਲਸਾ ਫੌਜ ਨੇ ਮਜ਼ਬੂਤ ਮੋਰਚਾਬੰਦੀ ਕੀਤੀ ਹੋਈ ਸੀ। 21 ਦਸੰਬਰ ਨੂੰ ਅੰਗਰੇਜੀ ਫੌਜ ਨੇ ਹਮਲਾ ਕੀਤਾ। ਮੈਦਾਨ ਵਿੱਚ ਖਾਲਸਾ ਤੋਪਾਂ ਨੇ ਭਾਰੀ ਗੋਲਾ-ਬਾਰੀ ਕੀਤੀ ਅਤੇ ਪਹਿਲੇ ਹਮਲੇ ਵਿੱਚ ਅੰਗਰੇਜੀ ਫੌਜ ਨੂੰ ਉਮੀਦ ਤੋਂ ਕਿਤੇ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਦਿਨ ਢਲਣ ਤੱਕ ਅੰਗਰੇਜੀ ਫੌਜ ਖਾਲਸਾ ਮੋਰਚਿਆਂ ਦਾ ਸਿਰਫ ਕੁਝ ਹਿੱਸਾ ਹੀ ਕਬਜ਼ੇ ਵਿੱਚ ਲੈ ਸਕੀ। ਰਾਤ ਦਾ ਸਮਾਂ ਦੋਵਾਂ ਪਾਸਿਆਂ ਲਈ ਬਹੁਤ ਤਣਾਅਪੂਰਨ ਸੀ। ਅਗਲੇ ਦਿਨ ਦੁਬਾਰਾ ਹਮਲਾ ਹੋਇਆ ਅਤੇ ਆਖਰ ਖਾਲਸਾ ਫੌਜ ਨੂੰ ਮੈਦਾਨ ਛੱਡਣਾ ਪਿਆ, ਪਰ ਅੰਗਰੇਜਾਂ ਨੂੰ ਵੀ ਭਾਰੀ ਜਾਨੀ ਨੁਕਸਾਨ ਝੱਲਣਾ ਪਿਆ।
ਫਿਰੋਜਸ਼ਾਹ ਦੀ ਲੜਾਈ ਤੋਂ ਬਾਅਦ ਇੱਕ ਬਹੁਤ ਮਹੱਤਵਪੂਰਨ ਮੌਕਾ ਵੀ ਆਇਆ। ਖਾਲਸਾ ਫੌਜ ਦੀ ਇੱਕ ਹੋਰ ਤਾਕਤ ਮੈਦਾਨ ਵਿੱਚ ਪਹੁੰਚੀ ਸੀ ਅਤੇ ਅੰਗਰੇਜੀ ਫੌਜ ਵੀ ਥੱਕ ਚੁੱਕੀ ਸੀ। ਉਸ ਕੋਲ ਰਸਦ ਦੀ ਕਮੀ ਹੋ ਰਹੀ ਸੀ। ਜੇ ਉਸ ਸਮੇਂ ਖਾਲਸਾ ਫੌਜ ਪੂਰੀ ਤਾਕਤ ਨਾਲ ਹਮਲਾ ਕਰਦੀ ਤਾਂ ਹਾਲਾਤ ਬਹੁਤ ਗੰਭੀਰ ਹੋ ਸਕਦੇ ਸਨ। ਪਰ ਅਜਿਹਾ ਨਹੀਂ ਹੋਇਆ ਅਤੇ ਅੰਗਰੇਜੀ ਫੌਜ ਨੂੰ ਇੱਕ ਵੱਡੇ ਖਤਰੇ ਤੋਂ ਬਚ ਨਿਕਲਣ ਦਾ ਮੌਕਾ ਮਿਲ ਗਿਆ। ਇਸ ਘਟਨਾ ਨੂੰ ਪਹਿਲੀ ਐਂਗਲੋ-ਸਿੱਖ ਜੰਗ ਦੇ ਸਭ ਤੋਂ ਚਰਚਿਤ ਪੱਖਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਜੰਗ ਅਜੇ ਖਤਮ ਨਹੀਂ ਹੋਈ ਸੀ। ਦੋਵਾਂ ਪਾਸਿਆਂ ਨੇ ਨਵੀਂ ਤਿਆਰੀ ਸ਼ੁਰੂ ਕੀਤੀ। ਖਾਲਸਾ ਫੌਜ ਨੇ ਸਤਲੁਜ ਦੇ ਨੇੜੇ ਸਾਬਰਾਓਂ ਵਿੱਚ ਮਜ਼ਬੂਤ ਮੋਰਚਾਬੰਦੀ ਕੀਤੀ। ਇਸੇ ਦੌਰਾਨ ਪੰਜਾਬੀ ਫੌਜ ਦੇ ਇੱਕ ਹੋਰ ਦਸਤੇ ਨੇ ਅੰਗਰੇਜਾਂ ਦੀਆਂ ਰਸਦ ਲਾਈਨਾਂ ਨੂੰ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦਾ ਜਵਾਬ ਦੇਣ ਲਈ ਅੰਗਰੇਜੀ ਫੌਜ ਨੇ ਹੈਰੀ ਸਮਿਥ ਦੀ ਅਗਵਾਈ ਹੇਠ ਦਸਤੇ ਭੇਜੇ। ਦੋਵਾਂ ਫੌਜਾਂ ਵਿਚਕਾਰ 28 ਜਨਵਰੀ 1846 ਨੂੰ ਅਲੀਵਾਲ ਵਿੱਚ ਜੰਗ ਹੋਈ। ਇੱਥੇ ਅੰਗਰੇਜੀ ਫੌਜ ਨੇ ਖਾਲਸਾ ਫੌਜ ਨੂੰ ਹਰਾ ਦਿੱਤਾ ਅਤੇ ਉਸ ਦੇ ਕਈ ਤੋਪਖਾਨੇ ਅਤੇ ਸਮਾਨ ਉੱਤੇ ਕਬਜ਼ਾ ਕਰ ਲਿਆ। ਅਲੀਵਾਲ ਦੀ ਜਿੱਤ ਨਾਲ ਅੰਗਰੇਜੀ ਫੌਜ ਦੀ ਪਿੱਛਲੀ ਰਸਦ ਲਾਈਨ ਉੱਤੇ ਖਤਰਾ ਘੱਟ ਹੋ ਗਿਆ ਅਤੇ ਹੁਣ ਉਸ ਦਾ ਧਿਆਨ ਸਾਬਰਾਓਂ ਵੱਲ ਕੇਂਦਰਿਤ ਹੋ ਗਿਆ।
10 ਫਰਵਰੀ 1846 ਦੀ ਸਵੇਰ ਸਾਬਰਾਓਂ ਦਾ ਮੈਦਾਨ ਤਿਆਰ ਸੀ। ਸਤਲੁਜ ਦੇ ਕੰਢੇ ਖਾਲਸਾ ਫੌਜ ਨੇ ਮਜ਼ਬੂਤ ਮਿੱਟੀ ਦੇ ਮੋਰਚੇ ਬਣਾਏ ਹੋਏ ਸਨ। ਉਨ੍ਹਾਂ ਦੇ ਪਿੱਛੇ ਦਰਿਆ ਸੀ ਅਤੇ ਸਾਹਮਣੇ ਅੰਗਰੇਜੀ ਫੌਜ। ਜੰਗ ਸ਼ੁਰੂ ਹੋਣ ਤੋਂ ਬਾਅਦ ਖਾਲਸਾ ਤੋਪਖਾਨੇ ਨੇ ਜ਼ਬਰਦਸਤ ਗੋਲਾ-ਬਾਰੀ ਕੀਤੀ। ਅੰਗਰੇਜੀ ਅਤੇ ਭਾਰਤੀ ਸਿਪਾਹੀਆਂ ਨੂੰ ਮੋਰਚਿਆਂ ਤੱਕ ਪਹੁੰਚਣ ਵਿੱਚ ਭਾਰੀ ਮੁਸ਼ਕਲ ਆਈ। ਪਰ ਹਮਲਾ ਰੁਕਿਆ ਨਹੀਂ। ਅੰਗਰੇਜੀ ਫੌਜ ਨੇ ਮੋਰਚਿਆਂ ਵਿੱਚ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਆਖਰਕਾਰ ਕੁਝ ਥਾਵਾਂ ’ਤੇ ਉਹ ਅੰਦਰ ਦਾਖਲ ਹੋਣ ਵਿੱਚ ਕਾਮਯਾਬ ਹੋ ਗਈ।
ਸਾਬਰਾਓਂ ਦੀ ਲੜਾਈ ਹੁਣ ਆਮ ਮੈਦਾਨੀ ਜੰਗ ਨਹੀਂ ਰਹੀ ਸੀ। ਖਾਲਸਾ ਸਿਪਾਹੀ ਇੱਕ ਪਾਸੇ ਅੰਗਰੇਜੀ ਫੌਜ ਨਾਲ ਲੜ ਰਹੇ ਸਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਪਿੱਛੇ ਸਤਲੁਜ ਦਰਿਆ ਸੀ। ਜੰਗ ਦੌਰਾਨ ਦਰਿਆ ਪਾਰ ਕਰਨ ਲਈ ਬਣਾਏ ਗਏ ਪੁਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਵੱਡੀ ਗਿਣਤੀ ਵਿੱਚ ਸਿਪਾਹੀਆਂ ਲਈ ਪਿੱਛੇ ਹਟਣ ਦਾ ਰਸਤਾ ਬਹੁਤ ਮੁਸ਼ਕਲ ਹੋ ਗਿਆ। ਇਸ ਲੜਾਈ ਵਿੱਚ ਦੋਵਾਂ ਪਾਸਿਆਂ ਨੂੰ ਭਾਰੀ ਜਾਨੀ ਨੁਕਸਾਨ ਹੋਇਆ। ਨੈਸ਼ਨਲ ਆਰਮੀ ਮਿਊਜ਼ੀਅਮ ਦੇ ਅਨੁਸਾਰ ਅੰਗਰੇਜੀ ਨੁਕਸਾਨ 2,000 ਤੋਂ ਵੱਧ ਅਤੇ ਖਾਲਸਾ ਪਾਸੇ ਦਾ ਨੁਕਸਾਨ ਲਗਭਗ 10,000 ਤੱਕ ਅੰਦਾਜ਼ਾ ਕੀਤਾ ਗਿਆ ਹੈ।
ਸਾਬਰਾਓਂ ਦੀ ਹਾਰ ਨਾਲ ਪਹਿਲੀ ਐਂਗਲੋ-ਸਿੱਖ ਜੰਗ ਦਾ ਨਤੀਜਾ ਤੈਅ ਹੋ ਗਿਆ। ਅੰਗਰੇਜ਼ੀ ਫੌਜ ਲਾਹੌਰ ਵੱਲ ਵਧੀ ਅਤੇ ਆਖਰਕਾਰ 9 ਮਾਰਚ 1846 ਨੂੰ ਲਾਹੌਰ ਦੀ ਸੰਧੀ ਹੋਈ। ਇਸ ਸੰਧੀ ਰਾਹੀਂ ਪੰਜਾਬ ਨੂੰ ਭਾਰੀ ਰਾਜਨੀਤਿਕ ਅਤੇ ਇਲਾਕਾਈ ਨੁਕਸਾਨ ਸਹਿਣਾ ਪਿਆ। ਇਹ ਜੰਗ ਸਿਰਫ ਇੱਕ ਫੌਜੀ ਹਾਰ ਨਹੀਂ ਸੀ; ਇਸ ਨੇ ਪੰਜਾਬ ਦੀ ਰਾਜਨੀਤਿਕ ਆਜਾਦੀ ਨੂੰ ਵੀ ਗੰਭੀਰ ਝਟਕਾ ਦਿੱਤਾ।
ਇਸ ਜੰਗ ਨੂੰ ਸਮਝਣ ਲਈ ਇੱਕ ਗੱਲ ਬਹੁਤ ਮਹੱਤਵਪੂਰਨ ਹੈ। ਮੈਦਾਨ ਵਿੱਚ ਖਾਲਸਾ ਫੌਜ ਨੇ ਕਈ ਵਾਰ ਅੰਗਰੇਜੀ ਫੌਜ ਨੂੰ ਭਾਰੀ ਮੁਕਾਬਲਾ ਦਿੱਤਾ। ਮੁਦਕੀ ਅਤੇ ਫਿਰੋਜਸ਼ਾਹ ਵਿੱਚ ਅੰਗਰੇਜੀ ਫੌਜ ਨੂੰ ਭਾਰੀ ਕੀਮਤ ਚੁਕਾਉਣੀ ਪਈ, ਅਲੀਵਾਲ ਵਿੱਚ ਅੰਗਰੇਜਾਂ ਨੇ ਆਪਣੀ ਸਥਿਤੀ ਮਜ਼ਬੂਤ ਕੀਤੀ ਅਤੇ ਸਾਬਰਾਓਂ ਵਿੱਚ ਅੰਤਿਮ ਫੈਸਲਾ ਹੋਇਆ। ਪਰ ਜੰਗ ਦੇ ਪਿੱਛੇ ਪੰਜਾਬ ਦੀ ਅੰਦਰੂਨੀ ਰਾਜਨੀਤੀ, ਦਰਬਾਰੀ ਧੜੇਬੰਦੀ ਅਤੇ ਫੌਜੀ ਅਗਵਾਈ ਦੇ ਮਸਲੇ ਵੀ ਮੌਜੂਦ ਸਨ। ਇਤਿਹਾਸਕਾਰਾਂ ਵਿੱਚ ਖਾਸ ਤੌਰ ’ਤੇ ਲਾਲ ਸਿੰਘ ਅਤੇ ਤੇਜ ਸਿੰਘ ਦੀ ਭੂਮਿਕਾ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਮਿਲਦੀਆਂ ਹਨ। ਨੈਸ਼ਨਲ ਆਰਮੀ ਮਿਊਜ਼ੀਅਮ ਵੀ ਉਨ੍ਹਾਂ ਉੱਤੇ ਬਾਅਦ ਵਿੱਚ ਲੱਗੇ ਧੋਖੇ ਦੇ ਦੋਸ਼ਾਂ ਦਾ ਜ਼ਿਕਰ ਕਰਦਾ ਹੈ, ਪਰ ਨਾਲ ਹੀ ਇਹ ਵੀ ਦੱਸਦਾ ਹੈ ਕਿ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਬਾਰੇ ਪੂਰੀ ਸਹਿਮਤੀ ਨਹੀਂ ਹੈ।
ਪਹਿਲੀ ਐਂਗਲੋ-ਸਿੱਖ ਜੰਗ ਦੀ ਸਭ ਤੋਂ ਵੱਡੀ ਇਤਿਹਾਸਕ ਮਹੱਤਤਾ ਇਹ ਹੈ ਕਿ ਇਸ ਨੇ ਪੰਜਾਬ ਅਤੇ ਅੰਗਰੇਜੀ ਸਲਤਨਤ ਵਿਚਕਾਰ ਤਾਕਤ ਦੇ ਸੰਤੁਲਨ ਨੂੰ ਬਦਲ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਸ ਪੰਜਾਬੀ ਰਾਜ ਨੇ ਅੰਗਰੇਜਾਂ ਨੂੰ ਸਤਲੁਜ ਤੋਂ ਪਾਰ ਰੋਕ ਕੇ ਰੱਖਿਆ ਸੀ, ਉਹ ਹੁਣ ਅੰਦਰੂਨੀ ਸੰਕਟਾਂ ਅਤੇ ਜੰਗੀ ਹਾਰ ਤੋਂ ਬਾਅਦ ਅੰਗਰੇਜੀ ਪ੍ਰਭਾਵ ਹੇਠ ਆ ਗਿਆ। ਪਰ ਕਹਾਣੀ ਇੱਥੇ ਵੀ ਖਤਮ ਨਹੀਂ ਹੋਈ। ਪਹਿਲੀ ਜੰਗ ਤੋਂ ਬਾਅਦ ਵੀ ਪੰਜਾਬ ਵਿੱਚ ਅਸੰਤੋਸ਼ ਅਤੇ ਰਾਜਨੀਤਿਕ ਤਣਾਅ ਬਣਿਆ ਰਿਹਾ, ਜਿਸ ਨੇ ਕੁਝ ਸਾਲਾਂ ਬਾਅਦ ਦੂਜੀ ਐਂਗਲੋ-ਸਿੱਖ ਜੰਗ ਦਾ ਰਸਤਾ ਤਿਆਰ ਕੀਤਾ।
1845-46 ਦੀ ਇਹ ਜੰਗ ਇਸ ਲਈ ਯਾਦ ਰਹਿੰਦੀ ਹੈ ਕਿ ਇਹ ਸਿਰਫ ਦੋ ਫੌਜਾਂ ਦੀ ਟੱਕਰ ਨਹੀਂ ਸੀ। ਇਹ ਉਸ ਪੰਜਾਬ ਦੀ ਕਹਾਣੀ ਸੀ ਜਿਸ ਕੋਲ ਮਜ਼ਬੂਤ ਫੌਜ, ਸ਼ਾਨਦਾਰ ਤੋਪਖਾਨਾ ਅਤੇ ਇੱਕ ਵੱਡਾ ਰਾਜ ਸੀ, ਪਰ ਜਿਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੈਦਾ ਹੋਈ ਰਾਜਨੀਤਿਕ ਅਸਥਿਰਤਾ ਨੇ ਉਸ ਦੀ ਤਾਕਤ ਨੂੰ ਹੌਲੀ-ਹੌਲੀ ਕਮਜ਼ੋਰ ਕਰ ਦਿੱਤਾ। ਜੰਗ ਦੇ ਮੈਦਾਨ ਵਿੱਚ ਸਿਪਾਹੀਆਂ ਨੇ ਜਿਹੜੀ ਬਹਾਦਰੀ ਦਿਖਾਈ, ਉਹ ਇਤਿਹਾਸ ਦਾ ਇੱਕ ਪੱਖ ਹੈ; ਪਰ ਉਸ ਬਹਾਦਰੀ ਦੇ ਬਾਵਜੂਦ ਜੰਗ ਦਾ ਨਤੀਜਾ ਕਿਉਂ ਬਦਲਿਆ ਇਹ ਸਵਾਲ ਹੀ ਪਹਿਲੀ ਐਂਗਲੋ-ਸਿੱਖ ਜੰਗ ਨੂੰ ਅੱਜ ਤੱਕ ਇੱਕ ਡੂੰਘੀ ਅਤੇ ਦਿਲਚਸਪ ਇਤਿਹਾਸਕ ਘਟਨਾ ਬਣਾਉਂਦਾ ਹੈ।
ਸਰੋਤ/ਹਵਾਲੇ:
- ਡਾ. ਗੰਡਾ ਸਿੰਘ: ਪਹਿਲੀ ਅਤੇ ਦੂਜੀ ਸਿੱਖ ਜੰਗ
- ਸਿੱਖ ਅਤੇ ਸਿੱਖ ਜੰਗਾਂ: ਨੈਸ਼ਨਲ ਆਰਮੀ ਮਿਊਜ਼ੀਅਮ ਪਹਿਲੀ ਸਿੱਖ ਜੰਗ ਦੇ ਇਤਿਹਾਸਕ ਰਿਕਾਰਡ







