ਪਾਵਰਕੌਮ ਲਾਠੀਚਾਰਜ ਤੋਂ ਬਾਅਦ ਅਪ੍ਰੈਂਟਿਸ ਨੌਜਵਾਨ ਪਟਿਆਲਾ ਵਿਖੇ ਹਾਈ-ਵੋਲਟੇਜ ਬਿਜਲੀ ਟਾਵਰ ‘ਤੇ ਚੜ੍ਹੇ

Published:

Rate this post

ਪਟਿਆਲਾ/ਪੰਜਾਬ ਪੋਸਟ
ਪਟਿਆਲਾ ਵਿਖੇ ਪਾਵਰਕੌਮ ਦੇ ਮੁੱਖ ਦਫ਼ਤਰ ਮੂਹਰੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨਾਂ ਦਾ ਸੰਘਰਸ਼ ਬੇਹੱਦ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਪਿਛਲੇ ਦਿਨੀਂ ਹੋਏ ਪੁਲਿਸ ਲਾਠੀਚਾਰਜ, ਪ੍ਰਦਰਸ਼ਨਕਾਰੀਆਂ ‘ਤੇ ਦਰਜ ਹੋਈ ਐਫ.ਆਈ.ਆਰ ਅਤੇ ਪਾਵਰਕੌਮ ਵੱਲੋਂ ਟ੍ਰੇਨਿੰਗ ਖ਼ਤਮ ਕਰਨ ਦੀਆਂ ਮਿਲੀਆਂ ਧਮਕੀਆਂ ਤੋਂ ਗੁੱਸੇ ਵਿੱਚ ਆਏ ‘2600 ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ’ ਦੇ ਲਗਭਗ 10 ਮੈਂਬਰ ਪਟਿਆਲਾ-ਸੰਗਰੂਰ ਰੋਡ ‘ਤੇ ਸਥਿਤ ਪਿੰਡ ਭੇਡਪੁਰਾ ਵਿਖੇ (ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਸਾਹਮਣੇ) ਇੱਕ ਉੱਚੇ ਹਾਈ-ਵੋਲਟੇਜ ਬਿਜਲੀ ਟਾਵਰ ‘ਤੇ ਚੜ੍ਹ ਗਏ ਹਨ। ਦੂਜੇ ਪਾਸੇ, 100 ਦੇ ਕਰੀਬ ਹੋਰ ਨੌਜਵਾਨਾਂ ਵੱਲੋਂ ਟਾਵਰ ਦੇ ਹੇਠਾਂ ਪੱਕਾ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਆਈ.ਟੀ.ਆਈ. ਪਾਸ ਹਨ ਅਤੇ ਤਕਨੀਕੀ ਪ੍ਰੀਖਿਆਵਾਂ ਪਾਸ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਪੱਕੀ ਭਰਤੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬੀ ਲਾਜ਼ਮੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਹਾਇਕ ਲਾਈਨਮੈਨ ਵਜੋਂ ਭਰਤੀ ਵਿੱਚ ਤਰਜੀਹ ਦਿੱਤੀ ਜਾਵੇਗੀ, ਪਰ ਹੁਣ ਮੈਨੇਜਮੈਂਟ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਬੀਤੀ 5 ਜੂਨ ਨੂੰ ਜਦੋਂ ਨੌਜਵਾਨ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ, ਤਾਂ ਪੁਲਿਸ ਨੇ ਉਨ੍ਹਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਜਿਸ ਵਿੱਚ 20 ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ, ਜੋ ਹਾਲੇ ਵੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹਨ।
ਪ੍ਰਸ਼ਾਸਨ ਨੇ ਪਟਿਆਲਾ ਜ਼ਿਲ੍ਹੇ ਵਿੱਚ ਧਾਰਾ 163 (ਪੁਰਾਣੀ ਧਾਰਾ 144) ਲਾਗੂ ਕਰ ਦਿੱਤੀ ਹੈ ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ। ਯੂਨੀਅਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਾਡੇ ਸਾਥੀ ਹਸਪਤਾਲਾਂ ਵਿੱਚ ਹਨ, ਦੂਜੇ ਪਾਸੇ ਪਾਵਰਕੌਮ ਨੋਟਿਸ ਭੇਜ ਕੇ ਧਮਕੀ ਦੇ ਰਿਹਾ ਹੈ ਕਿ ਜੇਕਰ ਤੁਰੰਤ ਡਿਊਟੀ ‘ਤੇ ਨਾ ਪਰਤੇ ਤਾਂ ਅਪ੍ਰੈਂਟਿਸਸ਼ਿਪ ਰੱਦ ਕਰ ਦਿੱਤੀ ਜਾਵੇਗੀ। ਇਸੇ ਧੱਕੇਸ਼ਾਹੀ ਤੋਂ ਤੰਗ ਆ ਕੇ ਨੌਜਵਾਨਾਂ ਨੂੰ ਇਹ ਖ਼ੌਫਨਾਕ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।

Read News Paper

Related articles

spot_img

Recent articles

spot_img