-ਸਿਵਾਸੰਕਰੀ
ਘਰ ’ਚ ਮਿੱਟੀ ਦਾ ਤੇਲ ਨਹੀਂ ਸੀ। ਗੈਸ ਸਿਲੰਡਰ ਵੀ ਕਹਾਲੀ ਨਾਲ ਮੁੱਕਣ ਕਿਨਾਰੇ ਹੋ ਰਿਹਾ ਸੀ। ਤੇ ਉਹਨੇ ਫ਼ੁਰਤੀ ਨਾਲ ਮਿੱਟੀ ਦਾ ਤੇਲ ਨਾ ਖ਼ਰੀਦਿਆ ਅਤੇ ਗੈਸ ਸਿਲੰਡਰ ਖ਼ਤਮ ਹੋ ਗਿਆ ਤੇ ਪ੍ਰਾਹਣੇ ਆ ਗਏ ਤਾਂ ਸੱਚਮੁਚ ਬੜੀ ਮੁਸ਼ਕਿਲ ਹੋ ਜਾਵੇਗੀ। ਅਗਲੇ ਦਿਨ ਐਤਵਾਰ ਸੀ।
ਉਹਨੇ ਆਪਣੇ ਡਰਾਈਵਰ ਨੂੰ ਕਾਰ ਬਾਹਰ ਕੱਢਣ ’ਤੇ ਮਿੱਟੀ ਦੇ ਤੇਲ ਦਾ ਖਾਲੀ ਕੈਨ ਫੜ ਲਿਆਉਣ ਲਈ ਆਖਿਆ, ਆਪ ਨਾਲ ਬਾਜ਼ਾਰ ਜਾਣ ਲਈ ਤਿਆਰ ਹੋਣ ਲੱਗੀ। ਅਕਸਰ ਉਹ ਅਜਿਹੇ ਕੰਮਾਂ ਲਈ ਮਾਲੀ ਨੂੰ ਭੇਜਦੀ ਸੀ। ਪਰ ਉਸ ਦਿਨ ਉਹ ਆਇਆ ਹੀ ਨਹੀਂ ਸੀ। ਉਹ ਬਹਾਨਾ ਮਾਰ ਕੇ ਆਪਣੇ ਬੀਮਾਰ ਸਾਲੇ ਨੂੰ ਦੇਖਣ ਲਈ ਦੋ ਦਿਨਾਂ ਲਈ ਗਿਆ ਸੀ ਤੇ ਹਫ਼ਤਾ ਲੰਘ ਗਿਆ ਕਿ ਉਹ ਆਇਆ ਹੀ ਨਹੀਂ।
ਉਹਨੂੰ ਬਾਜ਼ਾਰ ਜਾਣ ਤੋਂ ਨਫ਼ਰਤ ਸੀ। ਉਹ ਭੀੜ-ਭੜੱਕੇ ਵਿੱਚ ਖੜੀ ਨਹੀਂ ਹੋ ਸਕਦੀ ਸੀ।
ਓਹ : ਬਾਜ਼ਾਰ ਵਿੱਚ ਕਿੰਨੇ ਲੋਕ ਖਚਾਖਚ ਭਰੇ ਹੋਏ ਸਨ। ਸਾਰੀ ਜਗਾ ਉਨਾਂ ਨਾਲ ਬੁਰੀ ਤਰਾਂ ਤੁਸੀ ਹੋਈ ਸੀ….. ਬੇਸ਼ੁਮਾਰ ਭੀੜ….. ਦੁਕਾਨਾ ਮੂਹਰੇ ਗਲੀਆਂ ਵਿੱਚ ਹਰਲ-ਹਰਲ ਫਿਰਦੇ ਲੋਕ, ਆਸੇਪਾਸੇ ਭੀੜ-ਭੜੱਕੇ ਜਿਵੇਂ ਪੈਦਲ ਜਾਣ ਵਾਲਿਆਂ ਦਾ ਪਲੇਟਫਾਰਮ ਹੋਵੇ। ਕਈ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ ਤੇ ਕਈ ਉਂਝ ਹੀ ਖੜੇ ਸਨ, ਗੱਲਾਂ ਕਰਦੇ, ਗੱਪਾਂ ਮਾਰਦੇ, ਬਿਲਕੁਲ ਵਿਹਲੇ। ਕਾਰ ਵਿੱਚ ਤੰਗ ਬਾਜ਼ਾਰ ਵਿਚੀਂ ਜਾਣਾ ਆਪਣੇ ਆਪ ਵਿੱਚ ਇੱਕ ਸਮੱਸਿਆ ਸੀ। ਗਲੀਆਂ ਵਿੱਚ ਟਰੱਕਾਂ, ਮੋਟਰ-ਗੱਡੀਆਂ ਤੇ ਆਵਾਜਾਈ ਦੇ ਵਾਹਨਾਂ ਦੀਆਂ ਪਾਲਾਂ ਲੱਗੀਆਂ ਹੋਈਆਂ ਸਨ, ਰਿਕਸ਼ਿਆਂ, ਹੱਥ-ਠੇਲਿਆਂ, ਸਾਈਕਲਾਂ, ਪੈਦਲ ਜਾਣ ਵਾਲਿਆਂ ਤੇ ਨਿੱਤ ਦੇ ਦਿਹਾੜੀਦਾਰਾਂ ਦੇ ਹੌਲੀ-ਹੌਲੀ ਚੱਲਣ ਦੀ ਤਾਂ ਗੱਲ ਹੀ ਛੱਡੋ। ਸਮੁੁੱਚੇ ਬਾਜ਼ਾਰ ਦੀ ਲੰਮੀ ਗਲੀ ਅਤੇ ਜੋ ਸਾਰਿਆਂ ਪਾਸਿਆਂ ਨੂੰ ਜਾਂਦੀ ਸੀ, ਤੋਂ ਇਉ ਲੱਗਦਾ ਜਿਵੇਂ ਲੋਕਾਂ ਦਾ ਵਗਦਾ ਦਰਿਆ ਹੋਵੇ। ਇਹ ਬੇਸ਼ੁਮਾਰ ਭੀੜਭੜੱਕਾ ਦਿਨ-ਰਾਤ ਇਉਂ ਹੀ ਰਹਿੰਦਾ ਹੈ। ਹਫੜਾ-ਦਫੜੀ ਨੂੰ ਰੋਕਣ ਤੇ ਆਵਾਜਾਈ ਨੂੰ ਚੰਗੇਰਾ ਬਣਾਉਣ ਲਈ ਸਿਰਫ਼ ਇੱਕ ਤਰਫ਼ਾ ਦੀ ਆਗਿਆ ਸੀ।
ਸਬਜ਼ੀ ਮੰਡੀ ਤੋਂ ਮੱਛੀ ਬਾਜ਼ਾਰ ਬਰੋ-ਬਰੋਬਰ ਇੱਕ ਦੂਜੇ ਦੇ ਨਾਲ ਜੁੜੇ ਹੋਏ ਸਨ। ਫਲਾਂ ਦੇ ਸਬਜ਼ੀ-ਭਾਜੀ ਲੈਣ ਆ ਰਹੇ ਪੱਕੇ ਵੈਸ਼ਨੋ ਲੋਕਾਂ ਨੇ ਆਪਣੇ ਲੱਕਾਂ ਉੱਤੇ ਰੁਮਾਲ ਰੱਖੇ ਹੋਏ ਸਨ ਤਾਂਕਿ ਮੱਛੀ ਦੀ ਘਿ੍ਰਣਿਤ ਗੰਧ ਨਾ ਆਵੇ।
ਬਾਜ਼ਾਰ ਵਿੱਚ ਲਾਂਘੇ ਲਈ ਕੋਈ ਜਗਾ ਨਹੀਂ ਸੀ ਦਿੱਸਦੀ। ਦੁਕਾਨਾਂ ਤੇ ਖੋਖਿਆਂ ਨੇ ਸਾਰੀ ਜਗਾ ਨੂੰ ਬੁਰੇ ਇਰਾਦੇ ਨਾਲ ਘੇਰਿਆ ਹੋਇਆ ਸੀ। ਤਲੀ ਹੋਈ ਮੂੰਗਫਲੀ ਤੇ ਪਾਨ-ਪੱਤੇ ਵੇਚਣ ਵਾਲੀਆਂ ਛੋਟੀਆਂ-ਛੋਟੀਆਂ ਤਰਤੀਬ ਦਿੱਤੀਆਂ ਥਾਵਾਂ ਤੋਂ ਲੈ ਕੇ ਨਾਰੀਅਲ ਨੂੰ ਭੰਡਾਰਾ ਕਰਨ, ਚੌਲ, ਤਮਾਖੂ, ਸੁਪਾਰੀ ਤੇ ਦੇਸੀ ਖੰਡ ਦੇ ਛੋਟੇ-ਛੋਟੇ ਢੇਰ….. ਤੰਗ ਜਿਹੀ ਗਲੀ ਵਿੱਚ ਭਾਂਤ-ਭਾਂਤ ਦੀਆਂ ਦੁਕਾਨਾਂ ਸਨ। ਇਸ ਤੋਂ ਇਲਾਵਾ, ਕੌਫ਼ੀ ਤੇ ਹੋਰ ਪੀਣ ਵਾਲੀਆਂ ਚੀਜ਼ਾ ਦੇ ਛੋਟੇ-ਛੋਟੇ ਸਟਾਲ ਇਨਾਂ ਦੇ ਵਿਚਾਲੇ ਸਨ।
ਡਰਾਇਵਰ ਨੇ ਸੜਕ ਕਿਨਾਰੇ ਕਾਰ ਪਾਰਕ ਕਰਨ ਲਈ ਕਿਸੇ ਤਰਾਂ ਥਾਂ ਲੱਭ ਹੀ ਲਈ। ਉਹਨੇ ਗੱਡੀ ਪਾਰਕ ਕੀਤੀ ਤੇ ਬਾਹਰ ਨਿਕਲਿਆ। ਉਹਨੇ ਥੋੜੇ ਜਿਹੇ ਫ਼ਾਸਲੇ ਉੱਤੇ ਸਥਿਤ ਦੁਕਾਨ ਤੋਂ ਪੀਪਾ ਲੈ ਕੇ ਚਲਾ ਗਿਆ।
ਉਹਨੇ ਮਿੱਟੀ ਦੇ ਤੇਲ ਦੀ ਦੁਕਾਨ ਸਾਹਮਣੇ ਬਹੁਤ ਵੱਡੀ ਭੀੜ ਨੂੰ ਤੱਕਿਆ। ਇਹ ਡਰਾਈਵਰ ਦੇ ਪਰਤਣ ਤੋਂ ਪਹਿਲਾਂ ਦੀ ਗੱਲ ਹੋਵੇਗੀ। ਉਹਨੂੰ ਕਾਰ ਦੇ ਪਿਛਲੇ ਸ਼ੀਸ਼ੇ ਥਾਣੀਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਪਿੱਠ ’ਤੇ ਚੁੱਭਦੀਆਂ ਮਹਿਸੂਸ ਹੋਈਆਂ। ਇਹ ਕਠਲ ਦਾ ਮੌਸਮ ਸੀ। ਸਾਰਾ ਆਲਾ-ਦੁਆਲਾ ਮੱਖੀਆਂ ਤੇ ਉਨਾਂ ਦੀ ਨਫ਼ਰਤ-ਭਰੀ ਭਿਣਭਿਣਾਹਟ ਨਾਲ ਭਰਿਆ ਹੋਇਆ ਸੀ।
ਉਹ ਮੁੜ ਸੀਟ ’ਤੇ ਢੋਅ ਲਾ ਕੇ ਬਹਿ ਗਈ ਤੇ ਆਪਣੇ ਆਲੇ-ਦੁਆਲੇ ਦਾ ਦਿ੍ਰਸ਼ ਵੇਖਣ ਲੱਗ ਪਈ।
ਐਨ ਸਾਮਣੇ ਕੇਲਿਆਂ ਦੀ ਥੋਕ ਦੀ ਦੁਕਾਨ ਸੀ ਜਿੱਥੇ ਕੱਚੇ ਤੇ ਹਰੇ ਕੇਲਿਆਂ ਦੇ ਵੱਡੇ-ਵੱਡੇ ਗੁੱਛਿਆਂ ਦੇ ਅੰਬਾਰ ਲੱਗੇ ਹੋਏ ਸਨ। ਪੱਕੇ-ਪੀਲੇ ਕੇਲੇ ਜਿਨਾਂ ਨੂੰ ਦੇਸੀ ਤਰੀਕੇ ਨਾਲ ਪੱਤਿਆ ਵਿੱਚ ਲਪੇਟਿਆ ਹੋਇਆ ਸੀ, ਨੂੰ ਛਾਂਟਿਆ ਜਾ ਰਿਹਾ ਸੀ ਤੇ ਵੱਖਰੇ ਤੌਰ ’ਤੇ ਇਕੱਠਾ ਕੀਤਾ ਜਾ ਰਿਹਾ ਸੀ।
ਉੱਥੇ ਬਹੁਤ ਜ਼ਿਆਦਾ ਪੱਕੇ ਹੋਏ ਕੇਲੇ ਵੀ ਸਨ, ਕਈ ਤਾਂ ਗਲ਼ ਵੀ ਚੱੁਲੇ ਸਨ। ਇਹ ਪੂਰੇ ਦੇ ਪੂਰੇ ਇੱਕ ਬਜ਼ੁਰਗ ਜ਼ਨਾਨੀ ਕੋਲ ਵੇਚੇ ਜਾ ਰਹੇ ਸਨ ਜੋ ਚਾਲਬਾਜ਼ੀ ਨਾਲ ਚੰਗੇ ਭਾਅ ’ਤੇ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਕੇਲਿਆਂ ਉੱਤੇ ਮੱਖੀਆਂ ਦੀ ਭਰਮਾਰ ਸੀ।
ਇਹ ਬੁੱਢੀ ਇਨਾਂ ਕੇਲਿਆਂ ਨੂੰ ਲੈ ਕੇ ਕਿੱਥੇ ਜਾਵੇਗੀ ਅਤੇ ਉਨਾਂ ਨੂੰ ਵੇਚਣਾ ਕਿਵੇਂ ਸੰਭਵ ਹੋਵੇਗਾ? ਉਹ ਹੈਰਾਨ ਸੀ।
ਜਿੱਥੇ ਤਲੀ ਹੋਈ ਮੂੰਗਫਲੀ, ਛੋਲੇ ਤੇ ਭਕ-ਭਕ ਕਰਦੇ ਚੌਲ ਵਿਕਦੇ ਸਨ, ਕੋਲ ਥੋੜੀ ਜਿਹੀ ਥਾਂ ਸੀ। ਦੋ ਛੋਟੇ ਨਿਆਣੇ ਜੋ ਨੰਗੇ ਸਨ ਤੇ ਉਨਾਂ ਦੇ ਨੱਕ ਵਗ ਰਹੇ ਸਨ, ਦੁਕਾਨ ਉਤਲੇ ਗਾਹਕਾਂ ਵੱਲੋਂ ਛੱਡੀ ਜੂਠ ਚੁੱਕਣ ਤੇ ਖਾਣ ਦੀ ਕੋਸ਼ਿਸ਼ ਘੜਮੱਸ ਥਾਣੀਂ ਹੌਲੀ-ਹੌਲੀ ਲੰਘਣ ਦੀ ਕੋਸ਼ਿਸ਼ ਕਰ ਰਹੀ ਬੈਲ-ਗੱਡੀ ਕਾਰਨ ਇਹ ਸਭ ਕੁਝ ਉਲਟ ਹੋ ਗਿਆ। ਬੈਲ-ਗੱਡੀ ਨੂੰ ਅੱਗੇ ਲੰਘਣ ਤੋਂ ਰੋਕਣ ਲਈ ਸਾਈਕਲਾਂ ਵਾਲਿਆਂ ਨੇ ਸਾਰਾ ਰਾਹ ਮੱਲਿਆ ਹੋਇਆ ਸੀ। ਗਾਡੀਵਾਨ ਨੇ ਬੈਲ ਨੂੰ ਰੋਕਣ ਲਈ ਉਹਦੀਆਂ ਨੱਥਾਂ ਦਾ ਰੱਸਾ ਜ਼ੋਰ ਨਾਲ ਖਿੱਚਿਆ ਤੇ ਨਾਲ ਹੀ ਉੱਚੀ ਦੇਣੀ ਬੋਲਿਆ। ਫਿਰ ਉਸ ਨੇ ਸਾਈਕਲਾਂ ਵਾਲਿਆਂ ਨੂੰ ਆਪਣੇ ਸਾਈਕਲ ਅੱਗੇ-ਪਿੱਛੇ ਕਰਨ ਨੂੰ ਆਖਿਆ, ਪਰ ਕਿਸੇ ਨੇ ਉਹਦੀ ਗੱਲ ਦਾ ਹੁੰਗਾਰਾ ਨਾ ਭਰਿਆ। ਫਿਰ ਉਹ ਭੁੰਝੇ ਉੱਤਰਿਆ ਤੇ ਆਪ ਉਨਾਂ ਨੂੰ ਇੱਕ-ਇੱਕ ਕਰਕੇ ਰਾਹ ਤੋਂ ਲਾਂਭੇ ਕਰਨਾ ਸ਼ੁਰੂ ਕਰ ਦਿੱਤਾ।
ਮੋਟਰ ਡਰਾੲਵਿਰ ਜਿਸ ਨੇ ਆਪਣਾ ਮਾਲ ਉਤਰਵਾ ਲਿਆ ਸੀ, ਬੇਸਬਰਾ ਹੋਣਾ ਸ਼ੁਰੂ ਹੋ ਗਿਆ। ਉਹ ਲਗਾਤਾਰ ਹਾਰਨ ਵਜਾਉਣ ਲੱਗ ਪਿਆ ਤੇ ਗਾਡੀਵਾਨ ਨੂੰ ਉੱਚੀ-ਉੱਚੀ ਬੋਲਣ ਲੱਗ ਪਿਆ।
‘‘ਛੇਤੀ ਕਰ, ਆਪਣਾ ਛਕੜਾ ਪਰਾਂ ਕਰ।’’
ਇਹ ਸਾਰਾ ਰੋਲਾ-ਰੱਪਾ ਤੇ ਭੂੰ-ਭੂੰ ਉਹਨੂੰ ਸਤਾਉਣ ਲੱਗ ਪਿਆ। ਉਹਨੂੰ ਸਿਰਦਰਦ ਸ਼ੁਰੂ ਹੋ ਗਈ।
‘‘ਓਏ ਨਿਕੰਮੇ ਲਫੰਗੇ, ਹੈਂ ਕੌਣ ਤੂੰ? ਸੜਕ ਦੇ ਗੱਡੇ ਆਪਣਾ ਛਕੜਾ ਛੱਡ ਕੇ ਤੁਰਿਆ ਫਿਰਦਾਂ, ਤੂੰ ਆਪਣੇ ਆਪ ਨੂੰ ਕੀ ਸਮਝਦਾਂ ਓਏ? ਜਲਦੀ ਕਰ, ਪਰੇ ਹਟਾ ਇਹਨੂੰ।’’ ਡਰਾਈਵਰ ਨੇ ਮੋਟਰ ਵਿੱਚੋ ਆਪਣਾ ਸਿਰ ਮੁੜ ਬਾਹਰ ਕੱਢ ਕੇ ਫਿਰ ਉੱਚੀ ਦੇਣੀ ਆਖਿਆ।
‘‘ਜੇ ਤੂੰ ਚਿੜਿਆ ਹੋਇਆਂ, ਤਾਂ ਤੂੰ ਇਕੱਲਾ ਨਹੀਂ, ਮੈਂ ਵੀ ਕਾਹਲੀ ’ਚ ਆਂ। ਇਨਾਂ ਬਦਮਾਸ਼ਾਂ ਨੇ ਸੜਕ ਦੇ ਅੰਨ ਗੱਡੇ ਗੱਡੀਆਂ ਖੜੀਆਂ ਕਰਕੇ ਸਾਰੀ ਆਵਾਜਾਈ ਰੋਕੀ ਹੋਈ ਆ।’’
ਗਾਡੀਵਾਨ ਅੱਗੇ ਵਧਿਆ-ਆਪਣੇ ਲਈ ਲਾਂਘਾ ਬਣਾਇਆ ਤੇ ਉਹਦੇ ਮਗਰ-ਮਗਰ ਮੋਟਰ ਚੱਲ ਪਈ।
‘‘ਓਹੋ: ਕਿੰਨਾ ਸ਼ੋਰ ਤੇ ਘੜਮੱਸ ਹੈ।’’ ਉਹਦਾ ਚਿੜਚਿੜਾਪਣ ਹੋਰ ਵਧ ਗਿਆ। ਇਹ ਬੜਾ ਗਰਮ ਤੇ ਹੁੰਮਸ ਵਾਲਾ ਦਿਨ ਸੀ।
ਹੁਣ ਕਿੱਥੇ ਚਲਾ ਗਿਆ? ਡਰਾਈਵਰ?
ਉਹਨੇ ਇਧਰ-ਉਧਰ ਧੌਣ ਘੁਮਾ ਕੇ ਦੇਖਿਆ। ਉਹ ਦੁਕਾਨ ਉੱਤੇ ਕਿਸੇ ਨਾਲ ਗੂੜੀਆਂ ਗੱਲਾਂ ’ਚ ਪਏ ਨੂੰ ਦੇਖ ਸਕਦੀ ਸੀ। ਉਹ ਕਾਰ ਵਿੱਚੋਂ ਨਿਕਲੀ ਤੇ ਕਾਰ ਦਾ ਹਾਰਨ ਵਜਾਇਆ। ਡਰਾਈਵਰ ਉਹਦੇ ਵੱਲ ਨੂੰ ਤੁਰ ਪਿਆ।
‘‘ਇੰਨੀ ਦੇਰ? ਕੀ ਹੋ ਗਿਆ?’’ ਉਹਨੇ ਉਹਨੂੰ ਪੁੱਛਿਆ।
‘‘ਬੀਬੀ ਜੀ, ਤੇਲ ਖ਼ਤਮ ਹੋ ਗਿਆ। ਨਵਾਂ ਸਟਾਕ ਹੁਣੇ ਆਇਆ। ਹੁਣ ਉਹ ਪੀਪਿਆਂ ਨੂੰ ਖੋਲ ਰਹੇ ਆ…..।’’
‘‘ਠੀਕ ਹੈ, ਠੀਕ ਹੈ। ਛੇਤੀ ਜਾਹ ਤੇ ਫੁਰਤੀ ਨਾਲ ਲੈ ਆ। ਇੱਥੇ ਗਰਮੀ ਤੇ ਹੁੰਮਸ ਵੀ ਬਹੁਤ ਜ਼ਿਆਦਾ ਹੈ।’’
ਡਰਾਈਵਰ ਫਿਰ ਉੱਥੇ ਚਲਾ ਗਿਆ ਅਤੇ ਉਹ ਮੁੜ ਇੱਕ ਵਾਰ ਫਿਰ ਇੱਧਰ-ਉੱਧਰ ਦੁਖਣ ਲੱਗ ਪਈ।
ਉਹਨੇ ਆਪਣੇ ਖੱਬੇ ਪਾਸੇ ਨਿਗਾਰ ਮਾਰੀ। ਇੱਕ ਕੌਫ਼ੀ ‘ਕਲੱਬ’, ਇੱਕ ਤਮਾਖੂ ਦੀ ਦੁਕਾਨ ਤੇ ਦੇਸੀ ਖੰਡ ਦੀ ਥੋਕ ਦੀ ਦੁਕਾਨ…..ਇਹ ਬਰੋ-ਬਰੋਬਰ ਇੱਕ ਕਤਾਰ ਵਿੱਚ ਸਨ। ਦੇਸੀ ਖੰਡ ਦੇ ਡਲ਼ਿਆਂ ਦੇ ਛੋਟੀਆਂ-ਛੋਟੀਆਂ ਪਹਾੜੀਆਂ-ਨੁਮਾ ਢੇਰ ਦੁਕਾਨ ਮੂਹਰੇ ਲੱਗੇ ਹੋਏ ਸਨ।
ਇੱਕ ਪਾਸੇ, ਇੱਕ ਜੋੜਾ ਭੁੰਜੇ ਬੈਠਾ ਹੋਇਆ ਸੀ, ਹੋ ਸਕਦਾ ਤੀਵੀਂ-ਆਦਮੀ ਹੋਣ, ਆਪਣਾ ਮਾਲ ਲਸਣ ਦੀਆਂ ਗੱਠੀਆਂ ਵੇਚ ਰਿਹਾ ਸੀ। ਆਦਮੀ ਜਿਣਸ-ਵਸਤੂ ਦੀ ਵਿੱਕਰੀ ਕਰ ਰਿਹਾ ਸੀ, ਜਦ ਕਿ ਔਰਤ ਗੱਠੀਆਂ ਨੂੰ ਸਾਫ਼ ਕਰ ਰਹੀ ਸੀ। ਗੱਠੀਆਂ ਉਤਲਿਆਂ ਛਿਲਕਿਆਂ ਨੂੰ ਲਾਹ ਰਹੀ ਸੀ ਤੇ ਵਿੱਕਰੀ ਵਾਸਤੇ ਇੱਕੋ ਜਿੰਨੀ ਮਾਤਰਾ ਵਿੱਚ ਕਰਕੇ ਉਨਾਂ ਨੂੰ ਇਕੱਠਿਆਂ ਕਰਕੇ ਟਿਕਾ ਰਹੀ ਸੀ। ਲਸਣ ਦੀਆਂ ਗੱਠੀਆਂ ਦੇ ਛਿਲਕੇ ਵਰਗੀ ਤੇਜ਼ ਹਵਾ ਨਾਲ ਉੱਪਰ ਨੂੰ ਉੱਡ ਰਹੇ ਸਨ- ਕੁਝ ਉਹਦੀ ਕਾਰ ਅੰਦਰ ਤੇ ਕੁਝ ਉਹਦੇ ਉੱਤੇ ਆ ਡਿੱਗੇ। ਤਮਾਖੂ ਦਾ ਤੇਜ਼ ਮੁਸ਼ਕ ਉਹਦੇ ਨੱਕ ਤਾਣੀਂ ਸਿਰ ਨੂੰ ਚੜਦਾ ਜਾ ਰਿਹਾ ਸੀ।
ਉਹਨੇ ਹੌਲੀ ਦੇਣੀ ਖਿੜਕੀ ਦਾ ਸ਼ੀਸ਼ਾ ਚੜਾ ਲਿਆ। ਉਸ ਵੇਲੇ ਉਹਨੇ ਇੱਕ ਔਰਤ ਨੂੰ ਦੇਖਿਆਂ। ਉਹ ਔਰਤ ਉਹਦੀ ਕਾਰ ਦੇ ਕੋਲ ਆਈ ਤੇ ਠੱੲੀਆ ਲਾਉਣ ਗੱਲ ਪਈ।
ਉਹਨੇ ਗਾਂ ਦੇ ਗੋਹੇ ਨਾਲ ਲਿੱਬੜੀ ਬੋਰੀ ਵਿੱਚ ਲਪੇਟੀ ਟੋਕਰੀ ਨੂੰ ਖਿੱਚਿਆ। ਮੂੰਹ ਵਿੱਚ ਬੁੜਬੁੜ ਕੀਤੀ ਤੇ ਫਿਰ ਬੋਰੀ ਨੂੰ ਜ਼ਮੀਨ ਉੱਤੇ ਵਿਛਾਇਆ ਤੇ ਅਮਰੂਦਾਂ ਦੀ ਟੋਕਰੀ ਉਸ ਉੱਤੇ ਢੇਰੀ ਕਰ ਦਿੱਤੀ। ਫਿਰ ਉਸ ਨੇ ਉਨਾਂ ਨੂੰ ਆਕਾਰ ਦੇ ਹਿਸਾਬ ਹਰੀ-ਭਾਹ ਮਾਰਦੇ ਸਨ ਅਤੇ ਪੱਕੇ ਨਹੀਂ ਸਨ।
ਉਸ ਕੁਚੱਜੀ, ਲਿੱਸੀ ਔਰਤ ਨੇ ਛਣੀ ਹੋਈ ਸਾੜੀ ਬਿਨਾਂ ਚੋਲੀ ਦੇ ਪਹਿਲੀ ਹੋਈ ਸੀ। ਉਹਨੇ ਖੁਸ਼ਕ ਭੂਰੇ ਜਟਾਂ ਵਾਲੇ ਵਾਲਾਂ ਦਾ ਰਵਾਇਤੀ ਜਲੇਬੀ ਜੂੜਾ ਕੀਤਾ ਹੋਇਆ ਸੀ। ਉਹਨੇ ਨੱਕ ਵਿੱਚ ਸਸਤੀ ਜਿਹੀ ਲਾਲ-ਭਾਹ ਮਾਰਦੀ ਤੀਲੀ ਪਾਈ ਹੋਈ ਸੀ। ਚਿਰ ਪਹਿਲਾਂ ਪੀਲੇ ਰੰਗ ਦਾ ਪਹਿਨਿਆ ਮੰਗਲ-ਸੂਰਤ ਹੈ, ਜੋ ਹੁਣ ਗੰਦਾ ਤੇ ਮੈਲਾ ਹੋ ਕੇ ਕਾਲਾ ਹੋ ਚੁੱਕਾ ਸੀ, ਉਹਦੀ ਧੌਣ ਦੁਆਲੇ ਲਮਕ ਰਿਹਾ ਸੀ, ਜੋ ਉਹਦੀ ਸ਼ਾਦੀ-ਸ਼ੁਦਾ ਹੋਣ ਦੀ ਹਾਮੀ ਭਰਦਾ ਸੀ। ਉਹ ਬੁੜਬੁੜ ਕਰੀ ਜਾ ਰਹੀ ਸੀ। ਉਹਦਾ ਮੂੰਹ ਪਾਨ-ਪੱਤਿਆਂ ਤੇ ਤਮਾਖੂ ਨਾਲ ਭਰਿਆ ਹੋਇਆ ਸੀ।
ਨਿੱਤ ਨਵੀਂ ਸਵੇਰ ਇਹੋ ਗੱਲ……ਏਸੇ ਝੰਜਟ ਵਿੱਚ ਉਮਰ ਲੰਘਦੀ ਜਾ ਰਹੀ ਹੈ। ਉਹਦੀ (ਪਤੀ) ਜ਼ਿੰਦਗੀ ਦਾ ਮਨੋਰਥ ਤਾਂ ਦਿਸਦਾ ਹੀ ਹੈ। ਦੂਜੇ ਨੂੰ ਤੰਗ-ਪਰੇਸ਼ਾਨ ਕਰਨਾ। ਨਾ ਉਹ ਆਪ ਸੁਨੋਖਤੇ ਕੰਮ ਸ਼ੁਰੂ ਕਰਦਾ ਨਾ ਹੀ ਮੈਨੂੰ ਕਰਨਾ ਦਿੰਦਾ। ਜੇ ਮੈਂ ਫਲ ਖਰੀਦ ਲਿਆਵਾਂ ਤੇ ਸਵੇਰੇ-ਸਵੇਰੇ ਇੱਥੇ ਦੁਕਾਨ ਲਾ ਲਵਾਂ ਤਾਂ ਮੈਂ ਚੰਗਾ ਕਾਰੋਬਾਰ ਕਰ ਸਕਦੀ ਹਾਂ। ਹੁਣ ਸੂਰਜ ਕਿੰਨਾ ਉਤਾਂਹ ਆ ਗਿਆ ਹੈ, ਗਰਮੀ ਕਾਫੀ ਹੋ ਗਈ ਹੈ ਅਤੇ ਮੈਨੂੰ ਪਤਾ ਕਿ ਅੱਜ ਵਿਕਤੀ ਕਿੰਨੀ ਕੁ ਚੰਗੀ ਰਹੇਗੀ।’
ਇਸ ਵਾਰ ਫਲ ਵੇਚਣ ਵਾਲੀ ਦੇ ਸ਼ਬਦ ਸਾਫ-ਸਾਫ ਉਹਦੇ ਕੰਨੀਂ ਪਏ।
‘‘ਓਹ, ਤੂੰ ਅੰਦਾਲੂ: ਕੀ ਗੱਲ ਐ? ਤੂੰ ਤਾਂ ਕਹਿੰਦੀ ਸੀ ਪਈ ਤੂੰ ਅੱਜ ਕੱਚਾ ਨਾਰੀਅਲ ਵੇਚਣ ਜਾ ਰਹੀ ਏਂ, ਪਰ ਮੈਂ ਦੇਖਦਾਂ ਤੂੰ ਉਹਦੀ ਬਜਾਏ ਅਮਰੂਦ ਲੈ ਆਈ ਏਂ। ਕੀ ਗੱਲ ਹੋਈ?’’
ਇੱਕ ਅੱਧਖੜ ਉਮਰ ਦਾ ਆਦਮੀ ਤਮਾਖੂ ਵਾਲੀ ਦੁਕਾਨ ਤੋਂ ਉਹਦੇ ਕੋਲ ਆ ਕੇ ਪੁੱਛਣ ਲੱਗਾ।
‘‘ਹਾਂ, ਕੱਚਾ ਨਾਰੀਅਲ ਵੇਚਦੀ ਮੇਰੀ ਜੁੱਤੀ। ਜਦੋਂ ਉਹਦਾ (ਪਤੀ) ਕੱਲ ਦੀ ਕਮਾਈ ਸ਼ਰਾਬ ਵਿੱਚ ਰੋੜ ਆਇਆ ਤੇ ਸਵੇਰ ਤੱਕ ਕਰਦਾ ਰਿਹਾ ਤਾਂ ਨਾਰੀਅਲਾਂ ਦੇ ਖਰੀਦਣ ਜੋਗੇ ਪੈਸੇ ਕਿੱਥੋਂ ਲੈਂਦੀ।’’
‘‘ਓਹ: ਸਮਝ ਗਿਆ। ਫਿਰ ਮੈਂ ਇਹੀ ਸਮਝਦਾਂ ਪਈ ਅੱਜ ਮੇਰੇ ਪੈਸੇ ਮੋੜਨ ਦੀ ਹਲਾਤ ਵਿੱਚ ਨਹੀਂ।’’
ਔਰਤ ਚੁੱਪ ਰਹੀ। ਉਸ ਨੇ ਉਹਤੋਂ ਪੈਸੇ ਉਧਾਰ ਲਏ ਹੋਏ ਸਨ।
‘‘ਚੱਲ ਠੀਕ ਹੈ, ਮੈਨੂੰ ਦੋ ਅਮਰੂਦ ਦੇ ਦੇ, ਮੈਂ ਚਲਾਂ ਜਾਂਦਾ ਹਾਂ।
‘‘ਮੈਂ ਤਾਂ ਹਾਲੇ ਬੋਹਣੀ ਵੀ ਨਹੀਂ ਕੀਤੀ, ਇਸ ਲਈ ਮੈਂ ਇਸ ਵੇਲੇ ਨਹੀਂ ਦੇ ਸਕਦੀ। ਤੂੰ ਆਪਣੀ ਦੁਕਾਨ ’ਤੇ ਚਲਾ ਜਾ। ਥੋੜੀ ਦੇਰ ਬਆਦ ਮੈਂ ਤੇਰੇ ਫਲ ਲਿਆਵਾਂਗੀ।’’
‘‘ਹੁਣ ਹੀ, ਮੇਰੇ ਨਾਲ ਚਾਲਬਾਜ਼ੀ ਨਾ ਕਰ। ਨਹੀਂ ਤਾਂ ਮੇਰੇ ਪੈਸੇ ਮੋੜ ਦੇ। ਮੈਂ ਚਲਾ ਜਾਵਾਂਗਾ।’’
ਔਰਤ ਸਮਝ ਗਈ, ਜਦੋ ਉਸ ਨੂੰ ਇੱਕ ਪਾਸੇ ਕਰਕੇ ਆਖਿਆ ਗਿਆ। ਉਹਨੇ ਢੇਰੀ ਵਿੱਚੋਂ ਦੋ ਅਮਰੂਦ ਚੁੱਲੇ ਤੇ ਉਹਦੇ ਹੱਥ ਫੜਾ ਦਿੱਤੇ।
ਆਦਮੀ ਨੇ ਆਪਣੇ ਨਹੁੰਆਂ ਨਾਲ ਫਲ ਨੂੰ ਦੋ ਥਾਈਂ ਕੀਤਾ ਤੇ ਆਪਣੇ ਮੁੂੰਹ ਵਿੱਚ ਪਾ ਲਿਆ। ਅਮਰੂਦ ਚੰਗਾ-ਵਧੀਆ ਤੇ ਅੰਦਰੋਂ ਲਾਲ ਸੀ।
‘‘ਲੈ ਆਹ ਰੱਖ।’’ ਆਦਮੀ ਨੇ ਤਮਾਖੂ ਦੀ ਪੁੜੀ ਉਹਦੀ ਝੋਲੀ ਵਿੱਚ ਸੁੱਟਦਿਆਂ ਆਖਿਆ ਤੇ ਫਿਰ ਉੱਥੋ ਚਲਾ ਗਿਆ।
ਜਿਉਂ ਹੀ ਉਹ ਅੱਖੋਂ ਓਹਲੇ ਹੋਇਆ ਉਹ ਮੁੜ ਬੁੜਬੁੜ ਕਰਨ ਲੱਗ ਪਈ, ‘‘ਬਣਿਆ ਫਿਰਦਾ ਵੱਡਾ ਦਾਨੀ : ਪੈਸੇ ਦੀ ਤਾਮਖੂ ਦੀ ਪੁੜੀ ਮੈਨੂੰ ਦੇ ਕੇ ਵੀਹ ਪੈਸੇ ਦੇ ਫਲ ਖਾ ਕੇ ਅਹੁ ਗਿਆ, ਅਹੁ ਗਿਆ। ਨਿਕੰਮਾ ਬੰਦਾ। ਜਦ ਮੈਂ ਬੋਹਲੀ ਵੀ ਨਹੀਂ ਕੀਤੀ। ਉਹਨੂੰ ਕਾਹਦੀ ਕਾਹਲੀ ਸੀ, ਥੂਹ।’’ ਉਹਨੇ ਥੱੁਕਿਆ ਤੇ ਗੰਦਾ-ਮੰਦਾ ਬੋਲਿਆ।
ਡਰਾਈਵਰ ਮਿੱਟੀ ਦਾ ਤੇਲ ਲੈ ਕੇ ਆ ਗਿਆ।
ਉਹਨੂੰ ਅਚਾਨਕ ਅਨੋਖੀ ਇੱਛਾ ਹੋਈ ਕਿ ਉਡੀਕ ਤੇ ਦੇਖੇ ਕਿ ਉਸ ਫਲ ਵੇਚਣ ਵਾਲੀ ਨੇ ਬੋਹਲੀ ਕਿਸ ਤੋਂ ਕੀਤੀ? ਉਹਨੇ ਡਰਾਈਵਰ ਨੂੰ ਕਿਸੇ ਦੂਜੇ ਕੰਮ ਲਈ ਭੇਜ ਦਿੱਤਾ। ਇਸ ਵਾਰ ਆਂਡੇ ਖਰੀਦਣ ਵਾਸਤੇ।
ਔਰਤ ਨੇ ਹੁਣ ਬੋਰੀ ਉੱਤੇ ਫਲਾਂ ਨੂੰ ਸਾਫ ਕਰ ਕੇ ਟਿਕਾਇਆ।
ਇੱਕ ਬਜ਼ੁਰਗ ਆਪਣੇ ਪੋਤੇ ਨੂੰ ਨਾਲ ਲੈ ਕੇ ਆਇਆ।
‘‘ਦਾਦਾ, ਉਨਾਂ…ਵਿੱਚੋ ਇੱਕ ਚਾਹੁੰਨਾਂ।’’ ਛੋਟੇ ਮੁੰਡੇ ਨੇ ਅਮਰੂਦਾਂ ਵੱਲ ਇਸ਼ਾਰਾ ਕਰਦਿਆਂ ਆਖਿਆ। ਬਜ਼ੁਰਗ ਬੰਦਾ ਫਲ ਖ਼ਰੀਦਣ ਤੋਂ ਪਹਿਲਾਂ ਉਨਾਂ ਨੂੰ ਗਹੁ ਨਾਲ ਦੇਖਣ ਲੱਗਾ। ਉਹ ਭਾਅ ਕਰਨ ਲੱਗਾ।
‘‘ਇਹ ਬੜਾ ਗੁੱਦੇਦਾਰ ਏ, ਪਤਾ ਤੁਹਾਨੂੰ। ਨਾਰੀਅਲ ਦੇ ਪੱਤਿਆਂ ਦੀ ਬਣੀ ਟੋਕਰੀ ਵਿੱਚ ਕੁਦਰਤੀ ਤਰੀਕੇ ਨਾਲ ਪਕਾਏ ਹੋਏ ਨੇ…..ਤੁਹਾਨੂੰ ਇੱਕ ਰੁਪਏ ਦੇ ਛੇ ਲੱਗ ਜਾਣਗੇ। ਬਸ ਇੱਕੋ ਮੁੱਲ।’’
‘‘ਕੀ? ਸਿਰਫ ਛੇ, ਹਰ ਥਾਂ ਰੁਪਏ ਦੇ ਦਸ ਮਿਲਦੇ ਨੇ। ਤੂੰ ਕੀ ਗੱਲ ਕਰਦੀ ਏਂ?’’
‘‘ਚੰਗਾ, ਜਾਓ ਫਿਰ ਜਿੱਥੇ ਰੁਪਏ ਦੇ ਦਸ ਮਿਲਦੇ ਨੇ, ਉੱਥੋ ਜਾ ਕੇ ਅਮਰੂਦ ਲੈ ਲਵੋ। ਵੱਧ ਤੋਂ ਵੱਧ ਰੁਪਏ ਦੇ ਸੱਤ ਦਿਆਂਗੀ ਤੁਹਾਨੂੰ ਤੇ ਇਹ ਮੈਂ ਆਖਰੀ ਵਾਰ ਕਹਿੰਦੀ ਹਾਂ।
ਬਜ਼ੁਰਗ ਆਦਮੀ ਨੇ ਨੌਂ ਅਮਰੂਦ ਚੁਣ ਕੇ ਆਪਣੇ ਝੋਲੇ ਵਿੱਚ ਪਾ ਲਏ। ਫਿਰ ਉਸ ਨੇ ਉਹਨੂੰ ਇੱਕ ਰੁਪਿਆ ਦਿੱਤਾ।
ਔਰਤ ਗੁੱਸੇ ਹੋਈ। ‘‘ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਰੁਪਏ ਦੇ ਸੱਤ ਅਮਰੂਦ ਦੇ ਸਕਦੀ ਹਾਂ ਤੇ ਤੁਸੀਂ ਨੌਂ ਚੁੱਕ ਲਏ ਤੇ ਝੋਲੇ ਵਿੱਚ ਪਾ ਲਏ।’’ ਉਹ ਝੌਲਾ ਫੜਨ ਨੂੰ ਅਹੁਲੀ।
‘‘ਹੱਥ ਨਾ ਲਾਈਂ, ਬੇਸਬਰੀ ਜ਼ਨਾਨੀ। ਆਹ ਚੁੱਕ ਆਪਣੇ ਫਲ। ਮੈਂ ਹੋਰ ਕਿਤਿਓ ਖਰੀਦ ਲਵਾਂਗਾ। ਆ ਜਾ ਪੁੱਤਰ।’’ ਬਜ਼ੁਰਗ ਆਦਮੀ ਨੇ ਗੁੱਸੇ ਵਿੱਚ ਆਖਿਆ। ਉਹਦੇ ਆਦਰ-ਮਾਣ ਨੂੰ ਬੁਰੀ ਤਰਾਂ ਸੱਟ ਲੱਗੀ ਸੀ।
ਔਰਤ ਬਹੁਤ ਪ੍ਰੇਸ਼ਾਨ ਹੋ ਗਈ ਤੇ ਗੁੱਸੇ ਵਿੱਚ ਆ ਗਈ ਕਿ ਗਾਹਕ ਜਾਂਦਾ ਰਿਹਾ। ਇਸ ਨਾਲ ਬੋਹਣੀ ਦਾ ਮੌਕਾ ਬਰਬਾਦ ਹੋ ਜਾਵੇਗਾ।
‘‘ਘੱਟੀਆ ਲੋਕ:’’ ਗਰੀਬ ਔਰਤ ਲਗਾਤਾਰ ਬੁੜਬੁੜ ਤੇ ਚਿੜਚਿੜ ਕਰਦੀ ਜਾ ਰਹੀ ਸੀ। ‘‘ਸੁਚੱਜੀ ਖਰੀਦ ਨਹੀਂ ਕਰ ਸਕਦੇ…..ਉਨਾਂ ਨੂੰ ਕੋਈ ਸੰਗ-ਸ਼ਰਮ ਹੀ ਨਹੀਂ।’’
ਇੰਨੇ ਨੂੰ ਇੱਕ ਸਜਿਆ-ਸੰਵਰਿਆ ਆਦਮੀ ਉਸ ਔਰਤ ਕੋਲ ਆੋਇਆ। ਉਹਦੀ ਦਿਲਚਸਪੀ ਫਿਰ ਵਧੀ। ਉਹਨੇ ਰੁਕਣਾ ਤੇ ਦੇਖਣਾ ਚਾਹਿਆ ਕਿ ਹੁਣ ਉਹਦੀ ਬੋਹਣੀ ਹੋਵੇਗੀ। ਹੁਣ ਕੀ ਲੈਣ ਲਈ ਉਹ ਡਰਾਈਵਰ ਨੂੰ ਭੇਜ ਸਕਦੀ ਹੈ? ਉਹਨੇ ਮਿੰਟ ਕੁ ਸੋਚਿਆ।
‘‘ਮੈਨੂੰ ਲੱਗਦਾ ਕਿ ਸਾਡੇ ਘਰ ਹਰੀਆਂ ਮਿਰਚਾਂ ਜਾਂ ਅਦਰਕ ਨਹੀਂ ਹੈ, ਮਿਹਰਬਾਨੀ ਕਰਕੇ ਜਾਹ ਤੇ ਲੈ ਆ।’’ ਉਹਨੇ ਆਖਿਆ।
ਉਹਦੀਆਂ ਲਗਾਤਾਰ ਨਵੀਆਂ ਮੰਗਾਂ ਕਾਰਨ ਡਰਾਈਵਰ ਹੁਣ ਬਹੁਤ ਥੱਕ ਚੁੱਕਾ ਸੀ ਤੇ ਮੂੰਹ ਸਜਾ ਕੇ, ਪ੍ਰੇਸ਼ਾਨੀ ਨਾਲ ਕਾਰ ਦਾ ਦਰਵਾਜ਼ਾ ਖੋਲ ਕੇ ਠਾਹ ਦੇਣੀ ਮਾਰਿਆ।
‘‘ਅਮਰੂਦ ਕਿੱਦਾਂ ਲਾਏ ਨੂੰ?’’ ਕੁੜਤੇ-ਪਜਾਮੇ ਵਾਲੇ ਆਦਮੀ ਨੇ ਉਹਨੂੰ ਪੁੱਛਿਆ।
‘‘ਰੁਪਏ ਦੇ ਛੇ। ’’ ਵੇਚਣ ਵਾਲੀ ਨੇ ਜਵਾਬ ਦਿੱਤਾ।
‘‘ਰੁਪਏ ਦੇ ਅੱਠ ਨਹੀਂ ਲਾੳੇਣੇ?’’ ਆਦਮੀ ਫਲ ਚੁੱਕਣ ਲਈ ਝੁਕਿਆ।
ਸਿਰਫ ਭਾਅ ਪੁੱਛਿਆ, ਅਮਰੂਦਾਂ ਨੂੰ ਐਵੀਂ ਹੱਥ ਮਾਰਨ ਲੱਗ ਪੈਂਦੇ ਨੇ ਤੇ ਫਿਰ ਬਿਨਾਂ ਖਰੀਦਿਆਂ ਤੁਰ ਜਾਂਦੇ ਨੇ। ਮੈਂ ਅਜੇ ਬੋਹਣੀ ਵੀ ਨਹੀਂ ਕੀਤੀ।’’
ਆਦਮੀ ਗੁੱਸੇ ਵਿੱਚ ਲਾਲ-ਪੀਲਾ ਹੋ ਗਿਆ। ਔਰਤ ਦੇ ਸ਼ਬਦ ਉਹਦੇ ਮੂੰਹ ਉੱਤੇ ਥੱਪੜ ਵਾਂਗ ਲੱਗੇ। ‘‘ਹੁਣ, ਆਪਣੀ ਗੱਲ ਯਾਦ ਕਰ, ਔਰਤ : ਮੈਂ ਤੇਰੇ ਫਲ ਬਿਨਾਂ ਪੈਸੇ ਦਿੱਤਿਆਂ ਕਿਵੇ ਲਵਾਂਗਾ? ਮੈਂ ਇੱਥੇ ਨਹੀਂ ਹੋ ਸਕਦਾ, ਤੇਰੀਆਂ ਸੋਹਦੀਆਂ ਗੱਲਾਂ ਸੁਣਨ ਲਈ। ਹਾਂ, ਹੁਣ ਮੈਂ ਤੇਰੇ ਅਮਰੂਦ ਖਰੀਦਣੇ ਨਹੀਂ ਚਾਹੁੰਦਾ।’’ ਇਹ ਕਹਿ ਕੇ ਉਹ ਉੱਥੋਂ ਚਲਾ ਗਿਆ।
ਇੱਕ ਹੋਰ ਸੰਭਾਈ ਗਾਹਕ ਜਾਂਦਾ ਰਿਹਾ। ਇਹ ਔਰਤ ਬੋਹਣੀ ਕਦੋਂ ਕਰੇਗੀ? ਇਸ ਭਾਅ ’ਤੇ ਉਹ ਆਪਣਾ ਮਾਲ ਕਦੋਂ ਖ਼ਤਮ ਕਰੇਗੀ।
ਡਰਾਈਵਰ ਹਰੀਆਂ ਮਿਰਚਾਂ ਲੈ ਕੇ ਆ ਗਿਆ ਤੇ ਕਾਹਲੀ ਨਾਲ ਕਾਰ ਵਿੱਚ ਬਹਿ ਗਿਆ ਅਤੇ ਸੜੇ-ਭੁੱਜੇ ਗੱਡੀ ਸਟਾਰਟ ਕੀਤੀ ਤੇ ਕਿਹਾ_ ‘‘ਅਸੀਂ ਸਿੱਧੇ ਘਰ ਜਾ ਰਹੇ ਹਾਂ ਕਿ ਨਹੀਂ।’’
ਜਦੋਂ ਘਰ ਪਹੁੰਚੇ, ਅਚਾਨਕ ਉਸ ਗ਼ਰੀਬ ਔਰਤ ਦੀ ਹਾਲਤ ਦਾ ਖ਼ਿਆਲ ਆਇਆ, ਉਹਦੀ ਬੋਹਣੀ ਕਦੋਂ ਹੋਈ ਹੋਵੇਗੀ ਕਿ ਅਜੇ ਹਵਾ ਵਿੱਚ ਲਮਕ ਰਹੀ ਹੋਵੇਗੀ।







