ਮੈਂ ਲੰਮੇ ਸਮੇਂ ਤੋਂ ਰਾਮਲੀਲਾ ਦੇਖਣ ਨਹੀਂ ਗਿਆ। ਬਾਂਦਰਾਂ ਦੇ ਭੱਦੇ ਚਿਹਰੇ ਲਾਈ, ਅੱਧੀਆਂ ਲੱਤਾਂ ਵਾਲ਼ਾ ਪਜਾਮਾ ਅਤੇ ਕਾਲ਼ੇ ਰੰਗ ਦਾ ਉੱਚਾ ਕੁੜਤਾ ਪਾਈ ਆਦਮੀਆਂ ਨੂੰ ਦੌੜਦੇ, ਹੂਹੂ ਕਰਦੇ ਦੇਖਦੇ ਹੁਣ ਹਾਸਾ ਆਉਦਾ ਹੈ; ਮਜ਼ਾ ਨਹੀਂ ਆਉਦਾ। ਕਾਸ਼ੀ ਦੀ ਲੀਲਾ ਜਗਤ-ਪ੍ਰਸਿੱਧ ਹੈ। ਸੁਣਿਆ ਕਿ ਲੋਕ ਦੂਰੋਂਦੂਰੋਂ ਦੇਖਣ ਆਉਦੇ ਹਨ। ਮੈਂ ਵੀ ਬੜੇ ਸ਼ੌਕ ਨਾਲ਼ ਗਿਆ; ਪਰ ਮੈਨੂੰ ਉੱਥੋਂ ਦੀ ਲੀਲਾ ਤੇ ਕਿਸੇ ਵੱਡੇ ਪਿੰਡ ਦੀ ਲੀਲਾ ਵਿੱਚ ਕੋਈ ਅੰਤਰ ਨਾ ਦਿਖਾਈ ਦਿੱਤਾ। ਹਾਂ, ਰਾਮਨਗਰ ਦੀ ਲੀਲਾ ਵਿੱਚ ਕੁੱਝ ਸਾਜ਼ੋਸਮਾਨ ਚੰਗਾ ਹੈ। ਦਾਨਵਾਂ ਅਤੇ ਬਾਂਦਰਾਂ ਦੇ ਚਿਹਰੇ ਪਿੱਤਲ ਦੇ ਹਨ, ਤੂੰਬੇ ਵੀ ਪਿੱਤਲ ਦੇ ਹਨ; ਹੋ ਸਕਦਾ ਏ ਬਣਵਾਸੀ ਭਰਾਵਾਂ ਦੇ ਤਾਜ ਅਸਲੀ ਹੋਣ; ਪਰ ਸਾਜ਼ੋਸਮਾਨ ਤੋਂ ਇਲਾਵਾ ਉੱਥੇ ਵੀ ਰਾਮਲੀਲਾ ਹੂਹੂ ਤੋਂ ਬਿਨਾਂ ਕੁੱਝ ਨਹੀਂ। ਫਿਰ ਵੀ ਲੱਖਾਂ ਆਦਮੀਆਂ ਦੀ ਭੀੜ ਲੱਗੀ ਰਹਿੰਦੀ। ਪਰ ਇੱਕ ਜ਼ਮਾਨਾ ਉਹ ਸੀ, ਜਦੋਂ ਮੈਨੂੰ ਵੀ ਰਾਮਲੀਲਾ ਵਿੱਚ ਅਨੰਦ ਆਉਦਾ ਸੀ। ਅਨੰਦ ਤਾਂ ਬਹੁਤ ਹਲਕਾ ਜਿਹਾ ਸ਼ਬਦ ਹੈ। ਉਹ ਅਨੰਦ ਸ਼ੁਦਾਈਪੁਣੇ ਤੋਂ ਘੱਟ ਨਹੀਂ ਸੀ। ਇਤਫਾਕਨ ਉਹਨਾਂ ਦਿਨਾਂ ’ਚ ਮੇਰੇ ਘਰ ਤੋਂ ਥੋੜੀ ਹੀ ਦੂਰੀ ’ਤੇ ਰਾਮਲੀਲਾ ਦਾ ਮੈਦਾਨ ਸੀ; ਅਤੇ ਜਿਸ ਘਰ ਵਿੱਚ ਲੀਲਾਪਾਤਰਾਂ ਦਾ ਰੰਗਰੂਪ ਤਿਆਰ ਕੀਤਾ ਜਾਂਦਾ ਸੀ, ਉਹ ਤਾਂ ਮੇਰੇ ਘਰ ਦੇ ਬਿਲਕੁਲ ਹੀ ਨਾਲ਼ ਜੁੜਿਆ ਹੋਇਆ ਸੀ। ਦਿਨ ਦੇ ਦੋ ਵਜੇ ਤੋਂ ਪਾਤਰਾਂ ਦੀ ਸਜਾਵਟ ਹੋਣ ਲੱਗਦੀ। ਮੈਂ ਦੁਪਹਿਰ ਤੋਂ ਹੀ ਉੱਥੇ ਜਾ ਬਹਿੰਦਾ, ਅਤੇ ਜਿਸ ਉਤਸ਼ਾਹ ਨਾਲ਼ ਭੱਜਨੱਠ ਕਰਦਾ ਹੋਇਆ ਨਿੱਕੇਮੋਟੇ ਕੰਮ ਕਰਦਾ, ਉਸ ਉਤਸ਼ਾਹ ਨਾਲ਼ ਤਾਂ ਮੈਂ ਅੱਜ ਆਪਣੀ ਪੈਨਸ਼ਨ ਲੈਣ ਵੀ ਨਹੀਂ ਜਾਂਦਾ। ਇੱਕ ਕੋਠੜੀ ਵਿੱਚ ਰਾਜਕੁਮਾਰੀ ਦਾ ਸ਼ਿੰਗਾਰ ਹੁੰਦਾ ਸੀ। ਉਸਦੀ ਦੇਹ ’ਤੇ ਤਿਲਕ ਵਾਲ਼ੀ ਪੀਲ਼ੀ ਮਿੱਟੀ ਪੀਹ ਕੇ ਲਿੱਪੀ ਜਾਂਦੀ; ਮੂੰਹ ’ਤੇ ਪਾਉਡਰ ਲਾਇਆ ਜਾਂਦਾ ਅਤੇ ਪਾਉਡਰ ਦੇ ਉੱਤੇ ਲਾਲ, ਹਰੇ ਅਤੇ ਨੀਲੇ ਰੰਗ ਦੀਆਂ ਬਿੰਦੀਆਂ ਲਾਈਆਂ ਜਾਂਦੀਆਂ। ਸਾਰਾ ਮੱਥਾ, ਭਰਵੱਟੇ, ਠੋਡੀ ਅਤੇ ਗੱਲਾਂ ਬਿੰਦੀਆਂ ਨਾਲ਼ ਸਜ ਜਾਂਦੀਆਂ ਸਨ। ਇੱਕ ਹੀ ਆਦਮੀ ਇਸ ਕੰਮ ਵਿੱਚ ਕੁਸ਼ਲ ਸੀ। ਉਹ ਵਾਰੀਵਾਰੀ ਤਿੰਨਾਂ ਪਾਤਰਾਂ ਦਾ ਸ਼ਿੰਗਾਰ ਕਰਦਾ। ਰੰਗ ਦੀਆਂ ਪਿਅਲੀਆਂ ਵਿੱਚ ਪਾਣੀ ਪਾਉਣਾ, ਲੇਪ ਵਾਲ਼ੀ ਮਿੱਟੀ ਪੀਸਾਣੀ, ਪੱਖਾ ਝੱਲਣਾ ਮੇਰਾ ਕੰਮ ਸੀ। ਜਦੋਂ ਇਹਨਾਂ ਤਿਆਰੀਆਂ ਤੋਂ ਬਾਅਦ ਰਥ ਯਾਤਰਾ ਨਿੱਕਲ਼ਦੀ, ਤਾਂ ਉਸ ਵਿੱਚ ਰਾਮਚੰਦਰ ਜੀ ਦੇ ਪਿੱਛੇ ਬਹਿਣ ‘ਮੈਨੂੰ ਜੋ ਖੁਸ਼ੀ, ਜੋ ਮਾਣ, ਜੋ ਰੋਮਾਂਚ ਮਹਿਸੂਸ ਹੁੰਦਾ ਸੀ, ਉਹ ਹੁਣ ਲਾਟ ਸਾਹਿਬ ਦੇ ਦਰਬਾਰ ’ਚ ਕੁਰਸੀ ’ਤੇ ਬਹਿਣ ’ਚ ਵੀ ਨਹੀਂ ਮਹਿਸੂਸ ਹੁੰਦਾ। ਇੱਕ ਵਾਰ ਜਦੋਂ ਹੋਮ ਮੈਂਬਰ ਸਾਹਿਬ ਨੇ ਪ੍ਰਬੰਧਕੀਸਭਾ ਵਿੱਚ ਮੇਰੇ ਇੱਕ ਪ੍ਰਸਤਾਵ ਦੀ ਪ੍ਰਸ਼ੰਸਾ ਕੀਤੀ, ਉਸ ਵੇਲੇ ਮੈਨੂੰ ਕੁਝ ਉਸੇ ਤਰਾਂ ਦੀ ਖੁਸ਼ੀ, ਮਾਣ ਅਤੇ ਰੋਮਾਂਚ ਮਹਿਸੂਸ ਹੋਇਆ ਸੀ। ਹਾਂ, ਇੱਕ ਵਾਰ ਜਦੋਂ ਮੇਰਾ ਵੱਡਾ ਬੇਟਾ ਨਾਇਬਤਹਿਸੀਲਦਾਰੀ ਵਿੱਚ ਨਾਮਜ਼ਦ ਹੋਇਆ ਸੀ, ਉਦੋਂ ਵੀ ਅਜਿਹੀਆਂ ਤਰੰਗਾਂ ਮਨ ਵਿੱਚ ਉੱਠੀਆਂ ਸਨ; ਪਰ ਇਹਨਾਂ ਅਤੇ ਉਸ ਬਾਲ-ਬੈਚੇਨੀ ਵਿੱਚ ਬੜਾ ਫਰਕ ਹੈ। ਉਦੋਂ ਅਜਿਹਾ ਲਗਦਾ ਸੀ ਕਿ ਮੈਂ ਸਵਰਗ ਵਿੱਚ ਬੈਠਾ ਹਾਂ।
ਨਿਸ਼ਾਦ_ਕਿਸ਼ਤੀ_ਲੀਲਾ ਦਾ ਦਿਨ ਸੀ। ਮੈਂ ਦੋ_ਚਾਰ ਮੁੰਡਿਆਂ ਦੇ ਭਟਕਾਵੇ ਵਿੱਚ ਆ ਕੇ ਗੁੱਲੀ_ਡੰਡਾ ਖੇਡਣ ਲੱਗ ਪਿਆ। ਉਸ ਦਿਨ ਸ਼ਿੰਗਾਰ ਦੇਖਣ ਨਾ ਗਿਆ। ਰਥ ਯਾਤਰਾ ਵੀ ਨਿੱਕਲੀ; ਪਰ ਮੇਂ ਖੇਡਣਾ ਨਾ ਛੱਡਿਆ। ਮੈਂ ਆਪਣੀ ਵਾਰੀ ਛੱਡਣ ਲਈ ਉਸਤੋਂ ਕਿੱਤੇ ਜ਼ਿਆਦਾ ਆਤਮ_ਤਿਆਗ ਦੀ ਲੋੜ ਸੀ, ਜਿੰਨਾ ਕਿ ਮੈਂ ਕਰ ਸਕਦਾ ਸਾਂ। ਜੇ ਵਾਰੀ ਦੇਣੀ ਹੁੰਦਾ ਤਾਂ ਮੈਨ ਕਦੋਂ ਦਾ ਭੱਜ ਗਿਆ ਹੁੰਦਾ; ਪਰ ਖੇਡ ਵਿੱਚ ਅੱਗੇ ਲਾਰੀ ਰੱਖਣ ਦੀ ਗੱਲ ਹੀ ਵੱਖਰੀ ਹੁੰਦੀ ਹੈ। ਖੈਰ, ਵਾਰੀ ਪੂਰੀ ਹੋਈ। ਜੇ ਮੈਂ ਚਾਹੁੰਦਾ, ਤਾਂ ਰੌਂਦ ਪਿੱਟ ਕੇ ਪੰਜ_ਦਸ ਮਿੰਟ ਹੋਰ ਅੱਗੇ ਲਾਈ ਰੱਖਦਾ, ਇਸਦੀ ਕਾਫੀ ਗੁੰਜਾਇਸ਼ ਸੀ, ਪਰ ਹੁਣ ਇਸਦਾ ਮੌਕਾ ਨਹੀਂ ਸੀ। ਮੈਂ ਸਿੱਧਾ ਨਾਲ਼ੇ ਵੱਲ ਭੱਜਿਆ। ਯਾਤਰਾ ਨਦੀ ਕਿਨਾਰੇ ਪਹੁੰਚ ਚੁੱਕੀ ਸੀ। ਮੈਂ ਦੂਰੋਂ ਦੇਖਿਆ ਕਿ ਮਲਾਹ ਕਿਸ਼ਤੀ ਲਈ ਆ ਰਿਹਾ ਹੈ। ਮੈਂ ਭੱਜਿਆ,ਪਰ ਲੋਕਾਂ ਦੀ ਭੀੜ ਵਿੱਚ ਦੌੜਨਾ ਔਖਾ ਸੀ। ਆਖਿਰ ਜਦੋਂ ਮੈਂ ਭੀੜ ਹਟਾਉਂਦਾ, ਜੀ_ਜਾਨ ਨਾਲ ਅੱਗੇ ਵਧਦਾ ਕਿਨਾਰੇ ਪਹੁੰਚਿਆ, ਤਾਂ ਨਿਸ਼ਾਦ ਆਪਣੀ ਬੇੜੀ ਖੋਲ ਚੁੱਕਾ ਸੀ। ਰਾਮਚੰਦਰ ’ਚ ਮੇਰੀ ਕਿੰਨੀ ਸ਼ਰਧਾ ਸੀ! ਆਪਣੇ ਪਾਠ ਦੇ ਚਿੰਤਾ ਨਾ ਕਰਦੇ ਹੋਏ ਉਹਨਾਂ ਨੂੰ ਪੜਾ ਦਿੰਦਾ ਸਾਂ, ਤਾਂ ਕਿ ਉਹ ਫੇਲ ਨਾ ਹੋ ਜਾਣ। ਮੈਥੋਂ ਵੱਡੇ ਹੋਣ ਦੇ ਬਾਵਜੂਦ ਵੀ ਉਹ ਮੈਥੋਂ ਹੇਠਲੀ ਜਮਾਤ ਵਿੱਚ ਪੜਦੇ ਸਨ। ਪਰ ਉਹੀ ਰਾਮਚੰਦਰ ਕਿਸ਼ਤੀ ’ਤੇ ਬੈਠੇ ਇਸ ਤਰਾਂ ਮੂਹ ਫੇਰ ਤੁਰ ਜਾਂਦੇ ਜਿਵੇਂ ਮੇਰੇ ਨਾਲ ਕੋਈ ਜਾਣ_ ਪਹਿਚਾਣ ਹੀ ਨਾ ਹੋਵੇ। ਨਕਲ ਵਿੱਚ ਅਸਲ ਦੀ ਕੁਝ_ਨਾ_ਕੁਝ ਝਲਕ ਆ ਹੀ ਜਾਂਦੀ ਹੈ। ਭਗਤਾਂ ’ਤੇ ਜਿੰਨਾਂ ਦੀ ਨਿਗਾ ਸਦਾ ਹੀ ਦਿਆਲ ਰਹੀ ਹੈ, ਉਹ ਮੈਨੂੰ ਕਿਉ ਅਣ_ਦੇਖਿਆ ਕਰਦੇ? ਮੈਂ ਬੇਚੈਨ ਹੋ ਕੇ ਉਸ ਵੱਛੇ ਵਾਂਗ ਕੁੱਦਣ ਲੱਗਿਆ, ਜਿਸਦੀ ਗਰਦਨ ’ਤੇ ਪਹਿਲੀ ਵਾਰ ਜੋਤ ਰੱਖੀ ਗਈ ਹੋਵੇ। ਕਦੇ ਭੱਜ ਕੇ ਨਾਲੇ ਵੱਲ ਜਾਂਦਾ, ਕਦੇ ਕਿਸੇ ਸਹਾਇਕ ਦੀ ਖੋਜ ਵਿੱਚ ਪਿੱਛੇ ਨੂੰ ਦੌੜਦਾ, ਪਰ ਸਭ ਆਪਣੀ ਧੁਨ ’ਚ ਮਸਤ ਸਨ; ਮੇਰੀ ਚੀਕ_ਪੁਕਾਰ ਕਿਸੇ ਦੇ ਕੰਨੀਂ ਨਾ ਪਈ। ਉਦੋਂ ਤੋਂ ਬੜੀਆਂ ਮੁਸੀਬਤਾਂ ਝੱਲੀਆਂ, ਪਰ ਉਸ ਪਲ ਜਿੰਨਾਂ ਦੁੱਖ ਫਿਰ ਕਦੇ ਨਹੀਂ ਹੋਇਆ। ਮੈਂ ਨਿਸ਼ਚਾ ਕੀਤਾ ਕਿ ਹੁਣ ਰਾਮਚੰਦਰ ਨਾਲ ਕਦੇ ਨਹੀਂ ਬੋਲਾਂਗਾ, ਨਾ ਕਦੇ ਖਾਣ ਦੀ ਕੋਈ ਚੀਜ਼ ਦੇਵਾਂਗਾ; ਪਰ ਜਿਵੇਂ ਹੀ ਨਾਲ਼ੇ ਨੂੰ ਪਾਰ ਕਰਕੇ ਪੁੱਲ ਵੱਲ ਵਾਪਸ ਆਏ, ਮੈਂ ਦੌੜਦਾ ਰਥ ’ਤੇ ਚੜ ਗਿਆ, ਅਤੇ ਇਉ ਖੁਸ਼ ਹੋਇਆ ਜਿਵੇਂ ਕੋਈ ਗੱਲ ਹੀ ਨਾ ਹੋਈ ਹੋਵੇ।
2ਰਾਮਲੀਲਾ ਖਤਮ ਹੋ ਗਈ। ਰਾਜਗੱਦੀ ਹੋਣ ਵਾਲੀ ਸੀ; ਪਰ ਪਤਾ ਨਹੀਂ ਕਿਉਂ ਦੇਰ ਹੋ ਰਹੀ ਸੀ। ਸ਼ਾਇਦ ਚੰਦਾ ਘੱਟ ਵਸੂਲ ਹੋਇਆ ਸੀ। ਰਾਮਚੰਦਰ ਦੀ ਇਹਨੀ ਦਿਨੀਂ ਕੋਈ ਬਾਤ ਵੀ ਨਾ ਪੁੱਛਦਾ। ਨਾ ਹੀ ਘਰ ਜਾਣ ਦੀ ਛੁੱਟੀ ਮਿਲਦੀ, ਨਾ ਹੀ ਰੋਟੀ ਦਾ ਪ੍ਰਬੰਧ ਹੁੰਦਾ। ਚੌਧਰੀ ਸਾਹਿਬ ਦੇ ਘਰੋਂ ਰੋਟੀ ਦਿਨੇਂ ਕੋਈ ਤਿੰਨ ਵਜੇ ਮਿਲ਼ਦੀ ਹੁੰਦੀ ਸੀ। ਬਾਕੀ ਸਾਰਾ ਦਿਨ ਕੋਈ ਪਾਣੀ ਨਹੀਂ ਸੀ ਪੁੱਛਦਾ। ਪਰ ਮੇਰੀ ਸ਼ਰਧਾ ਹਾਲੇ ਉਵੇਂ ਹੀ ਸੀ। ਮੇਰੀ ਨਜ਼ਰ ’ਚ ਉਹ ਹਾਲੇ ਵੀ ਰਾਮਚੰਦਰ ਹੀ ਸੀ। ਘਰੋਂ ਮੈਨੂੰ ਜੋ ਖਾਣ ਦੀ ਚੀਜ਼ ਮਿਲਦੀ, ਉਹ ਲਿਆ ਕੇ ਰਾਮਚੰਦਰ ਨੂੰ ਦੇ ਆਉਂਦਾ। ਉਹਨਾਂ ਨੂੰ ਖਵਾਉਣ ’ਚ ਮੈਨੂੰ ਜਿੰਨਾ ਅਨੰਦ ਆਉਂਦਾ, ਉਨਾਂ ਖੁਦ ਖਾ ਕੇ ਵੀ ਨਾ ਆਉਂਦਾ। ਕੋਈ ਮਠਿਆਈ ਜਾਂ ਫਲ ਮਿਲਦੇ ਸਾਰ ਹੀ ਮੈਂ ਤੇਜ਼ੀ ਨਾਲ਼ ਤੰਬੂ ਵੱਲ ਦੌੜਦਾ, ਜੇ ਰਾਮਚੰਦਰ ਉੱਥੇ ਨਾ ਮਿਲਦੇ ਤਾਂ ਉਹਨਾਂ ਨੂੰ ਚਾਰੇ ਪਾਸੇ ਭਾਲਦਾ, ਅਤੇ ਜਦੋਂ ਤੱਕ ਉਹ ਚੀਜ਼ ਉਹਨਾਂ ਨੂੰ ਖਵਾ ਨਾ ਦਿੰਦਾ, ਮੈਨੂੰ ਚੈਨ ਨਾ ਆਉਂਦਾ।
ਖੈਰ, ਰਾਜਗੱਦੀ ਦਾ ਦਿਨ ਆਇਆ। ਰਾਮਲੀਲਾ ਦੇ ਮੈਦਾਨ ਵਿੱਚ ਇੱਕ ਵੱਡਾ ਟੈਂਟ ਲਗਾਇਆ ਗਿਆ। ਉਸਨੂੰ ਖੂਬ ਸਜਾਇਆ ਗਿਆ। ਵੇਸਵਾਵਾਂ ਦੇ ਦਲ ਵੀ ਆ ਪਹੁੰਚੇ। ਸ਼ਾਮ ਨੂੰ ਰਾਮਚੰਦਰ ਦੀ ਸਵਾਈ ਕੱਢੀ ਗਈ, ਅਤੇ ਹਰ ਦਰਵਾਜ਼ੇ ’ਤੇ ਉਹਨਾਂ ਦੀ ਆਰਤੀ ਉਤਾਰੀ ਗਈ। ਸ਼ਰਧਾ ਅਨੁਸਾਰ ਕਿਸੇ ਨੇ ਰੁਪਏ ਦਿੱਤੇ, ਕਿਸੇ ਨੇ ਪੈਸੇ। ਮੇਰੇ ਪਿਤਾ ਜੀ ਪੁਲਿਸ ਮੁਲਾਜ਼ਮ ਸਨ; ਇਸ ਲਈ ਉਹਨਾਂ ਬਿਨਾਂ ਕੁਝ ਦਿੱਤੇ ਹੀ ਆਰਤੀ ਉਤਾਰੀ। ਉਸ ਸਮੇਂ ਮੈਨੂੰ ਜਿੰਨੀਂ ਸ਼ਰਮ ਆਈ, ਉਸਨੂੰ ਬਿਆਨ ਨਹੀਂ ਕਰ ਸਕਦਾ। ਮੇਰੇ ਕੋਲ਼ ਉਦੋਂ ਸੰਯੋਗ ਨਾਲ਼ ਇੱਕ ਰੁਪੱਇਆ ਸੀ। ਮੇਰੇ ਮਾਮਾ ਜੀ ਦਸ਼ਹਿਰੇ ਤੋਂ ਪਹਿਲਾਂ ਆਏ ਸਨ ਅਤੇ ਮੈਨੂੰ ਇੱਕ ਰੁਪੱਈਆ ਦੇਕੇ ਗਏ ਸਨ। ਉਸ ਰੁਪਏ ਨੂੰ ਮੈਂ ਸੰਭਾਲੀ ਰੱਖਿਆ ਸੀ। ਦੁਸ਼ਹਿਰੇ ਦੇ ਦਿਨ ਵੀ ਉਸਨੂੰ ਖਰਚ ਨਾ ਸਕਿਆ। ਮੈਂ ਫੁਰਤੀ ਨਾਲ ਰੁਪੱਈਆ ਲਿਆ ਕੇ ਆਰਤੀ ਦੀ ਥਾਲੀ ਵਿੱਚ ਰੱਖ ਦਿੱਤਾ। ਪਿਤਾ ਜੀ ਮੇਰੇ ਵੱਲ ਗੁਸੈਲੀਆਂ ਨਜ਼ਰਾਂ ਨਾਲ ਦੇਖਦੇ ਰਹਿ ਗਏ। ਉਹਨਾਂ ਕਿਹਾ ਤਾਂ ਨਹੀਂ; ਪਰ ਮੂੰਹ ਅਜਿਹਾ ਬਣਾ ਲਿਆ, ਜਿਸ ਤੋਂ ਲਗਦਾ ਸੀ ਕਿ ਮੇਰੀ ਇਸ ਜ਼ੁਰਅੱਤ ਨਾਲ਼ ਉਹਨਾਂ ਦੇ ਰੋਅਬ ਨੂੰ ਦਾਗ ਲੱਗਾ ਸੀ। ਰਾਤੀਂ ਦਸ ਵੱਜਦੇਵੱਜਦੇ ਇਹ ਪਰਿਕਰਮਾ ਪੂਰੀ ਹੋਈ। ਆਰਤੀ ਦੀ ਥਾਲੀ ਰੁਪੱਈਆਂ ਅਤੇ ਪੈਸਿਆਂ ਨਾਲ਼ ਭਰਾੀ ਹੋਈ ਸੀ। ਸਹੀਸਹੀ ਤਾਂ ਨਹੀਂ ਕਹਿ ਸਕਦਾ; ਪਰ ਹੁਣ ਅਜਿਹਾ ਲੱਗਦਾ ਹੈ ਕਿ ਰੁਪਏ ਚਾਰਪੰਜ ਸੌ ਤੋਂ ਘੱਟ ਨਹੀਂ ਸਨ। ਚੌਧਰੀ ਸਾਹਿਬ ਇਸਤੋਂ ਵਧੇਰੇ ਖਰਚਾ ਕਰ ਚੁੱਕੇ ਸਨ। ਉਹਨਾਂ ਨੂੰ ਇਸ ਗੱਲ ਦੀ ਬੜੀ ਫਿਕਰ ਸੀ ਕਿ ਕਿਸੇਂ ਤਰਾਂ ਘੱਟੋਘੱਟ ਦੌ ਸੌ ਰੁਪਏ ਹੋਰ ਵਸੂਲ ਹੋ ਜਾਣ ਅਤੇ ਇਸਦਾ ਸਭ ਤੋਂ ਵਧੀਆ ਤਰੀਕਾ ਉਹਨਾਂ ਨੂੰ ਇਹੀ ਲੱਗਿਆ ਕਿ ਵੇਸਵਾਵਾਂ ਰਾਹੀਂ ਮਹਿਫਲ ਵਿੱਚ ਉਗਰਾਹੀ ਹੋਵੇ। ਜਦੋਂ ਲੋਕ ਆ ਕੇ ਬੈਠ ਜਾਣ, ਅਤੇ ਮਹਿਫਲ ਦਾ ਰੰਗ ਬੰਨਿਆਂ ਜਾਵੇ, ਤਾਂ ਆਂਬਾਦੀਜਾਨ* ਸੁਹਿਰਦ ਲੋਕਾਂ ਦੇ ਗੁੱਟ ਫੜਕੇ ਅੀਜਹੇ ਹਾਵਭਾਚ ਦਿਖਾਵੇ ਕਿ ਲੋਕ ਸ਼ਰਮਾਉਂਦੇਸ਼ਰਮਾਉਂਦੇ ਵੀ ਕੁਝ ਨਾ ਕੁਝ ਦੇ ਹੀ ਜਾਣ। ਆਬਾਦੀਜਾਨ ਅਤੇ ਚੌਧਰੀ ਸਾਹਿਬ ਵਿੱਚ ਸਲਾਹ ਹੋਣ ਲੱਗੀ। ਮੈਂ ਸੰਯੋਗ ਨਾਲ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਰਿਹਾ ਸੀ। ਚੌਧਰੀ ਸਾਹਿਬ ਨੇ ਸਮਝਿਆ ਹੋਵੇਗਾ ਕਿ ਇਹ ਛੋਕਰਾ ਕਿਹੜਾ ਗੱਲਾਂ ਦੇ ਮਤਲਬ ਸਮਝ ਜਾਵੇਗਾ। ਪਰ ਅਕਲ ਦੇ ਮਾਮਲੇ ’ਚ ਰੱਬ ਮੇਰੇ ’ਤੇ ਮਿਹਰਬਾਨ ਸੀ। ਸਾਰੀ ਕਹਾਣੀ ਸਮਝ ਵਿੱਚ ਆਉਂਦੀ_ਜਾਂਦੀ ਸੀ।
ਚੌਧਰੀ _ ‘‘ਸੁਣੋ ਆਬਾਦੀਜਾਮ, ਇਹ ਤੇਰੀ ਜ਼ਿਆਦਤੀ ਹੈ। ਸਾਡੀ ਅਤੇ ਤੁਹਾਡੀ ਕੋਈ ਪਹਿਲੀ ਜਾਣਪਹਿਚਾਣਣ ਤਾਂ ਨਹੀਂ ਹੈ। ਰੱਬ ਨੇ ਚਾਹਿਆ ਤਾਂ ਹਮੇਸ਼ਾ ਤੁਹਾਡਾ ਆਉਣਾਜਾਣਾ ਲੱਗਿਆ ਰਹੇਗਾ। ਐਤਕੀਂ ਚੰਦਾ ਬਹੁਤ ਥੋੜਾ ਆਇਆ ਹੈ, ਨਹੀਂ ਤਾਂ ਮੈਂ ਤੇਰੇ ਨਾਲ਼ ਇੰਨੀ ਸੌਦੇਬਾਜ਼ੀ ਨਾ ਕਰਦਾ।’’
ਆਬਾਦੀਜਾਬ‘‘ਤੁਸੀਂ ਮੇਰੇ ਨਾਲ਼ ਵੀ ਜਿਮੀਂਦਾਰਾਂ ਵਾਲੀਆਂ ਚਾਲਾਂ ਚਲਦੇ ਹੋ, ਕਿਉਂ? ਪਰ ਇੱਥੈ ਹਜੂਰ ਦੀ ਦਾਲ ਨਹੀਂ ਗਲਣੀ। ਵਾਹ! ਰੁਪਏ ਮੈਂ ਵਸੂਲਾਂ ਅਤੇ ਮੁੱਛਾਂ ਨੂੰ ਤਾਅ ਤੁਸੀਂ ਦੇਵੋਂ। ਕਮਾਈ ਦਾ ਚੰਗਾ ਢੰਗ ਲੱਭਿਆ ਹੈ। ਇਸ ਕਮਾਈ ਨਾਲ ਤਾਂ ਤੁਸੀਂ ਵਾਕਈ ਕੁਝ ਦਿਨਾਂ ਵਿੱਚ ਰਾਜਾ ਬਣ ਜਾਓਗੇ। ਉਸਦੇ ਸਾਹਮਣੇ ਜਿਮੀਂਦਾਰੀ ਦੀ ਕੀ ਔਕਾਤ! ਬੱਸ, ਕੱਲ ਤੋਂ ਹੀ ਇੱਕ ਚਕਲਾ ਖੋਲ਼ ਦਿਓ! ਸਹੁੰ ਰੱਬ ਦੀ, ਮਾਲਾਮਾਲ ਹੋ ਜਾਓਗੇ।’’
ਚੌਧਰੀ_ ‘‘ਤੂੰ ਦਿਲਲਗੀ ਕਰਦੀ ਏਂ, ਅਤੇ ਇੱਥੇ ਮੇਰੀ ਜੇਬ ਤੰਗ ਹੋਈ ਪਈ ਆ।’’
ਆਬਾਦੀਜਾਨ‘‘ਤਾਂ ਤੁਸੀਂ ਵੀ ਤਾਂ ਮੇਰੇ ਨਾਲ਼ ਹੀ ਉਸਤਾਦੀ ਕਰ ਰਹੇ ਹੋ। ਤੁਹਾਡੇ ਜਿਹੇ ਕਈਆਂ ਨੂੰ ਰੋਜ਼ ਉਂਗਲੀਆਂ ’ਤੇ ਨਚਾਉਂਦੀ ਹਾਂ।’’ ਚੌਧਰੀ ‘‘ਆਖਿਰ ਤੇਰਾ ਇਰਾਦਾ ਕੀ ਹੈ?’’
ਆਬਾਦੀਜਾਨ_ ‘‘ਜੋ ਵੀ ਵਸੂਲੀ ਹੋਵੇ, ਉਹਦੇ ’ਚੋਂ ਅੱਧ ਮੇਰਾ ਅੱਧ ਤੁਹਾਡਾ। ਲਿਆਉ ਦਿਓ ਤਾੜੀ।’’
ਚੌਧਰੀ_ ‘‘ਚਲੋ ਇਹੀ ਸਹੀ।’’
ਆਬਾਦੀਜਾਨ_ ‘‘ਅੱਛਾ, ਤਾਂ ਪਹਿਲਾਂ ਮੇਰੇ ਸੌ ਰੁਪਏ ਗਿਣ ਦਿਓ। ਬਾਅਦ ਵਿੱਚ ਤੁਸੀਂ ਟਾਲ਼ਮਟੋਲ ਕਰਨ ਲੱਗ ਜਾਣੈ।’’ ਚੌਧਰੀ‘‘ਵਾਹ! ਉਹ ਵੀ ਲਏਗੀਂ ਅਤੇ ਇਹ ਵੀ।’’
ਆਬਾਦੀਜਾਨ_ ‘‘ਅੱਛਾ, ਤਾਂ ਤੁਸੀਂ ਕੀ ਸਮਝਦੇ ਸੀ ਕਿ ਮੈਂ ਆਪਣੀ ਉਜ਼ਰਤ ਛੱਡ ਦੇਵਾਂਗੀ? ਸਦਕੇ ਤੁਹਾਡੀ ਸਮਝ ਦੇ! ਖੂਬ; ਕਿਉਂ ਨਹੀਂ। ਤੁਸੀਂ ਸਿਆਣੇ, ਮੈਂ ਮੂਰਖ! ਵਾਹ!’’
ਚੌਧਰੀ_ ‘‘ਤਾਂ ਕੀ ਤੂੰ ਦੋਹਰੀ ਫੀਸ ਲੈਣ ਦੀ ਸੋਚੀ ਏ?’’
ਆਬਾਦੀਜਾਨ_ ‘‘ਇਹ ਸਭ ਕੁਝ ਤਾਂ ਤੁਹਾਡੀ ਜਰੂਰਤ ਲਈ ਕਰ ਰਹੀਂ ਆਂ। ਨਹੀਂ ਤਾਂ ਮੇਰੇ ਸੌ ਰੁਪਏ ਤਾਂ ਕਿਧਰੇ ਨਹੀਂ ਗਏ। ਮੈਨੂੰ ਕਿਹੜਾ ਕੁੱਤੇ ਨੇ ਵੱਢਿਆ, ਜੋ ਲੋਕਾਂ ਦੀਆਂ ਜੇਭਾਂ ਵਿੱਚ ਹੱਥ ਪਾਉਂਦੀ ਫਿਰਾਂ?’’
ਚੌਧਰੀ ਦੀ ਇੱਕ ਨਾ ਚੱਲੀ ਆਬਾਦੀ ਦੇ ਸਾਹਮਣੇ ਦਬਣਾ ਪਿਆ। ਨਾਚ ਸ਼ੁਰੂ ਹੋਇਆ। ਆਬਾਦੀਜਾਨ ਸਿਰੇ ਦੀ ਸ਼ਰਾਰਤੀ ਔਰਤ ਸੀ। ਇੱਕ ਤਾਂ ਉਹਦਾ ਕੁਆਰਪਨ, ਉੱਤੋਂ ਹਸੀਨ ਅਤੇ ਉਸਦੀਆਂ ਅਦਾਵਾਂ ਤਾਂ ਇੰਨੀਆਂ ਗਜ਼ਬ ਸਨ ਕਿ ਮੇਰੀ ਰੂਹ ਵੀ ਮਸਤ ਹੋਈ ਜਾਂਦੀ ਸੀ। ਆਦਮੀਆਂ ਨੂੰ ਪਹਿਚਾਨਣ ਦੀ ਕਾਬਲੀਅਤ ਵੀ ਉਸ ਵਿੱਚ ਕੁਝ ਘੱਟ ਨਹੀਂ ਸੀ। ਜੀਹਦੇ ਸਾਹਮਣੇ ਬੈਠ ਗਈ, ਉਹਤੋਂ ਕੁਝ ਨਾ ਕੁਝ ਲੈ ਹੀ ਲੈਦੀ। ਪੰਜਾਂ ਤੋਂ ਘੱਟ ਰੁਪਏ ਤਾਂ ਸ਼ਾਇਦ ਹੀ ਕਿਸੇ ਨੇ ਦਿੱਤੇ ਹੋਣ। ਉਹ ਪਿਤਾ ਜੀ ਸਾਹਮਣੇ ਵੀ ਬੈਠ ਗਈ। ਮੈਂ ਸ਼ਰਮ ਨਾਲ਼ ਗੱਡਿਆ ਰਹਿ ਗਿਆ। ਜਦੋਂ ਉਸਨੇ ਉਹਨਾਂ ਦਾ ਗੁੱਟ ਫੜਿਆ, ਮੈਂ ਸਹਿਮ ਗਿਆ। ਮੈਨੂੰ ਯਕੀਨ ਸੀ ਕਿ ਪਿਤਾ ਜੀ ਉਸਦਾ ਹੱਥ ਝਟਕ ਦੇਣਗੇ ਅਤੇ ਸ਼ਾਇਸ ਫਿਟਕਾਰ ਵੀ ਦੇਣ, ਪਰ ਇਹ ਕੀ ਹੋ ਰਿਹਾ ਹੈ! ਰੱਬ! ਮੇਰੀਆਂ ਅੱਖਾਂ ਤਾਂ ਨਹੀ ਧੋਖਾ ਖਾ ਰਹੀਆਂ! ਪਿਤਾ ਜੀ ਮੁੱਛਾਂ ’ਚ ਹੱਸ ਰਹੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਮੋਹ ਟਪਕਦਾ ਸੀ। ਉਹਨਾਂ ਦਾ ਰੋਮ_ਰੋਮ ਖਿੜ ਰਿਹਾ ਸੀ; ਪਰ ਰੱਬ ਨੇ ਮੇਰੀ ਲਾਜ ਰੱਖ ਲਈ। ਉਹ ਦੇਖੋ ਉਹਨਾਂ ਹੌਲੀ ਜਿਹੇ ਆਪਣਾ ਗੁੱਟ ਛੁਡਾ ਲਿਆ। ਓਹ! ਆਹ ਫੇਰ ਕੀ ਹੋ ਗਿਆ? ਆਬਾਦੀਜਾਨ ਤਾਂ ਉਹਨਾਂ ਦੇ ਗਲ਼ੇ ਵਿੱਚ ਬਾਹਾਂ ਪਾ ਰਹੀ ਹੈ। ਹੁਣ ਪਿਤਾ ਜੀ ਜਰੂਰ ਉਸਨੂੰ ਕੁੱਟਣਗੇ। ਚੁੜੇਲ ਨੂੰ ਭੋਰਾ ਵੀ ਸ਼ਰਮ ਨਹੀਂ।
ਇੱਕ ਸੱਜਣ ਨੇ ਹੱਸ ਕੇ ਆਖਿਆ‘‘ਇੱਥੇ ਤੇਰੀ ਦਾਲ ਨਹੀਂ ਗਲ਼ਣੀ, ਆਬਾਦੀਜਾਨ! ਕੋਈ ਹੋਰ ਦਰਵਾਜ਼ਾ ਦੇਖ।’’ ਗੱਲ ਤਾਂ ਇਸ ਸੱਜਣ ਨੇ ਮੇਰੇ ਮਨ ਦੀ ਕਹੀ ਸੀ, ਅਤੇ ਬਹੁਤ ਹੀ ਸਹੀ ਕਹੀ ਸੀ; ਪਰ ਪਤਾ ਨਹੀਂ ਕਿਉਂ ਪਿਤਾ ਜੀ ਨੇ ਉਸ ਵੱਲ ਗੁੱਸੈਲੀਆਂ ਅੱਖਾਂ ਨਾਲ਼ ਦੇਖਿਆ, ਅਤੇ ਮੁੱਛਾਂ ਨੂੰ ਮਰੋੜਾ ਦਿੱਤਾ। ਮੂੰਹੋਂ ਤਾਂ ਉਹ ਕੁੱਝ ਨਾ ਬੋਲੇ; ਪਰ ਉਹਨਾਂ ਦਾ ਚਿਹਰਾਮੋਹਰਾ ਚੀਖ ਕੇ ਗੁਸੈਲੇ ਸ਼ਬਦਾ ਵਿੱਚ ਕਹਿ ਰਿਹਾ ਸੀ‘ਤੂੰ ਬਾਣੀਏ, ਮੈਨੂੰ ਸਮਝਦਾ ਕੀ ਏਂ? ਇੱਧਰ ਇੱਕ ਅਜਿਹੇ ਮੌਕੇ ’ਤੇ ਜਾਨ ਹਾਜ਼ਿਰ ਹੈ। ਪੈਸਿਆਂ ਦੀ ਕੀ ਗੱਲ ਏ! ਤੇਰਾ ਜੀ ਚਾਹੇ ਤਾਂ ਅਜ਼ਮਾ ਲੈ। ਤੇਰੇ ਨਾਲੋਂ ਦੁੱਗਣੀ ਰਕਮ ਨਾ ਦੇਵਾਂ ਤਾਂ ਮੂੰਹ ਨਾ ਦਿਖਾਵਾਂ! ਮਹਾਨ ਹੈਰਾਨੀ! ਘੋਰ ਅਨਰਥ! ਐ ਜ਼ਮੀਨ ਤੂੰ ਫਟ ਕਿਉਂ ਨਹੀਂ ਜਾਂਦੀ? ਅਕਾਸ਼ ਤੂੰ ਫਟ ਕਿਉਂ ਨਹੀਂ ਜਾਂਦਾ? ਹਾਏ! ਮੈਨੂੰ ਮੌਤ ਕਿਉਂ ਨਹੀਂ ਆ ਜਾਂਦੀ!’ ਪਿਤਾ ਜੀ ਜੇਭ ਵਿੱਚ ਹੱਥ ਪਾ ਰਹੇ ਨੇ। ਉਹਨਾਂ ਕੋਈ ਚੀਜ਼ ਕੱਢੀ, ਅਤੇ ਸੇਠ ਜੀ ਨੂੰ ਦਿਖਾਂਉਂਦੇ ਹੋਏ ਆਬਾਦੀਜਾਨ ਨੂੰ ਦੇ ਦਿੱਤੀ। ‘ਆਹ! ਇਹ ਤਾਂ ਇੱਕ ਮੋਹਰ ਹੈ।’ ਚਾਰੇ ਪਾਸੇ ਤਾੜੀਆਂ ਵੱਜਣ ਲੱਗੀਆਂ। ਸੇਠ ਉੱਲੂ ਬਣ ਗਿਆ। ਪਿਤਾ ਜੀ ਨੇ ਮੂੰਹ ਦੀ ਖਾਧੀ, ਇਸਦਾ ਮੈਂ ਫੈਸਲਾ ਨਹੀਂ ਕਰ ਸਕਦਾ। ਮੈਂ ਸਿਰਫ ਇੰਨਾ ਦੇਖਿਆ ਕਿ ਪਿਤਾ ਜੀ ਨੇ ਇੱਕ ਮੋਹਰ ਕੱਢ ਕੇ ਆਬਾਦੀਜਾਨ ਨੂੰ ਦੇ ਦਿੱਤੀ। ਉਹਨਾਂ ਦੀਆਂ ਅੱਖਾਂ ਵਿੱਚ ਇਸ ਸਮੇਂ ਇੰਨਾ ਮਾਣਉਤਸ਼ਾਹ ਸੀ ਜਿਵੇਂ ਉਹਨਾਂ ਹਾਤਿਮ ਦੀ ਕਬਰ ’ਤੇ ਲੱਤ ਮਾਰੀ ਹੋਵੇ। ਇਹੀ ਪਿਤਾ ਜੀ ਹਨ, ਜਿੰਨਾ ਨੇ ਮੈਨੂੰ ਆਰਤੀ ਵਿੱਚ ਰੁਪੱਈਆ ਰੱਖਦੇ ਦੇਖਕੇ ਮੇਰੇ ਵੱਲ ਇਉਂ ਦੇਖਿਆ ਜਿਵੇਂ ਮੈਨੂੰ ਵੱਢ ਕੇ ਖਾ ਹੀ ਜਾਣਗੇ। ਮੇਰੇ ਉਸ ਰਵੱਈਏ ਨਾਲ ਉਹਨਾਂ ਦੇ ਰੋਅਬ ਵਿੱਚ ਫਰਕ ਪਿਆ ਹੋਵੇ, ਅਤੇ ਇਸ ਸਮੇਂ ਘਿ੍ਰਣਤ, ਨੀਚ ਅਤੇ ਨਫਰਤ ਭਰੇ ਕੰਮ ’ਤੇ ਮਾਣ ਅਤੇ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾ ਰਹੇ ਸਨ।
ਆਬਾਦੀਜਾਨ ਨੇ ਇੱਕ ਮਨੋਹਰ ਮੁਸਕਾਨ ਨਾਲ਼ ਪਿਤਾ ਜੀ ਨੂੰ ਸਲਾਮ ਕੀਤੀ ਅਤੇ ਅੱਗੇ ਵਧੀ; ਪਰ ਮੈਥੋਂ ਉਥੇ ਬੈਠਿਆ ਨਾ ਗਿਆ। ਮੇਰਾ ਸ਼ਰਮ ਨਾਲ਼ ਸਿਰ ਝੁਕਿਆ ਪਿਆ ਸੀ; ਜੇ ਇਹ ਮੇਰੀ ਅੱਖਾਂਦੇਖੀ ਗੱਲ ਨਾ ਹੁੰਦੀ ਤਾਂ ਮੈਂ ਕਦੇ ਇਸ ’ਤੇ ਯਕੀਨ ਨਾ ਕਰਦਾ। ਮੈਂ ਬਾਹਰ ਜੋ ਕੁਝ ਦੇਖਦਾ ਸੁਣਦਾ ਸਾਂ, ਉਸਦੀ ਖਬਰ ਜਰੂਰ ਅੰਮੀ ਨੂੰ ਦਿੰਦਾ। ਪਰ ਇਸ ਮਾਮਲੇ ਨੂੰ ਮੈਂ ਉਹਨਾਂ ਤੋਂ ਲੁਕੋ ਰੱਖਿਆ। ਮੈਂ ਜਾਣਦਾ ਸਾਂ, ਉਹਨਾਂ ਨੂੰ ਇਹ ਗੱਲ ਸੁਣ ਕੇ ਬੜਾ ਦੁੱਖ ਹੋਵੇਗਾ। ਰਾਤ ਭਰ ਗਾਉਣਾਵਜਾਉਣਾ ਚਲਦਾ ਰਿਹਾ। ਤਬਲੇ ਦੀ ਧਮਕ ਮੇਰੇ ਕੰਨਾਂ ਵਿੱਚ ਪੈ ਰਹੀ ਸੀ। ਮਨ ਕਰਦਾ ਸੀ, ਜਾ ਕੇ ਦੇਖਾਂ; ਪਰ ਹਿੰਮਤ ਨਹੀਂ ਸੀ ਹੋ ਰਹੀ। ਮੈਂ ਕਿਸੇ ਨੂੰ ਕੀ ਮੂੰਹ ਦਿਖਾਵਾਂਗਾ? ਜੇ ਕਿਤੇ ਕਿਸੇ ਨੇ ਪਿਤਾ ਜੀ ਦਾ ਜ਼ਿਕਰ ਛੇੜ ਦਿੱਤਾ, ਤਾਂ ਮੈਂ ਕੀ ਕਰਾਂਗਾ?
ਤੜਕੇ ਸਵੇਰੇ ਰਾਮਚੰਦਰ ਦੀ ਵਿਦਾਈ ਹੋਣ ਵਾਲੀ ਸੀ। ਮੈਂ ਮੰਜਿਓਂ ਉੱਠਦੇ ਹੀ ਅੱਖਾਂ ਮਲ਼ਦਾ ਹੋਇਆ ਤੰਬੂ ਵੱਕ ਭੱਜਿਆ। ਡਰ ਰਿਹਾ ਸੀ ਕਿਤੇ ਰਾਮਚੰਦਰ ਜੀ ਚਲੇ ਨਾ ਗਏ ਹੋਣ। ਪਹੁੰਚਿਆ, ਤਾਂ ਦੇਖਿਆਵੇਸਵਾਵਾਂ ਦੀਆਂ ਸਵਾਰੀਆਂ ਜਾਣ ਨੂੰ ਤਿਆਰ ਸਨ। ਵੀਹਬਾਈ ਬੰਦੇ ਇੱਛੁਕ ਮੂੰਹ ਬਣਾਈ ਉਹਨਾਂ ਨੂੰ ਘੇਰੀ ਖੜੇ ਸਨ। ਮੈਂ ਉਹਨਾਂ ਵੱਲ ਅੱਖ ਵੀ ਨਾ ਕੀਤੀ। ਸਿੱਧਾ ਰਾਮਚੰਦਰ ਦੇ ਕੋਲ ਪਹੁੰਚਿਆ। ਲਛਮਣ ਅਤੇ ਸੀਤਾ ਬੈਠੇ ਰੋ ਰਹੇ ਸਨ; ਅਤੇ ਰਾਮਚੰਦਰ ਖੜੇ ਮੋਢੇ ’ਤੇ ਗੜਵੀ ਦੀ ਰੱਸੀ ਪਾਈ ਉਹਨਾਂ ਨੂੰ ਸਮਝਾ ਰਹੇ ਸਨ। ਮੇਰੇ ਬਿਨਾਂ ਹੋਰ ਕੋਈ ਨਹੀਂ ਸੀ। ਮੈਂ ਹੀਣੀ ਅਵਾਜ਼ ਵਿੱਚ ਪੁੱਛਿਆ_ ‘‘ਕਿ ਤੁਹਾਡੀ ਵਿਦਾਈ ਹੋ ਗਈ?’’
ਰਾਮਚੰਦਰ_ ‘‘ਹਾਂ, ਹੋ ਗਈ। ਸਾਡੀ ਵਿਦਾਈ ਦਾ ਕੀ ਏ? ਚੌਧਰੀ ਸਾਹਿਬ ਨੇ ਕਹਿ ਦਿੱਤਾ ਜਾਓ ਤੇ ਹੋ ਗਈ ਵਿਦਾਈ।’’
‘‘ਕੀ ਰੁਪਏ ਅਤੇ ਕੱਪੜੇ ਨਹੀਂ ਮਿਲੇ?’’
‘‘ਹਾਲੇ ਨਹੀਂ ਮਿਲ਼ੇ। ਚੌਧਰੀ ਸਾਹਿਨ ਕਹਿੰਦੇ ਨੇ ਕਿ ਹਾਲੇ ਰੁਪਏ ਹੈ ਨਹੀਂ। ਫਿਰ ਆ ਕੇ ਲੈ ਜਾਣਾ।’’
‘‘ਕੁਝ ਨਹੀਂ ਮਿਲਿਆ?’’
‘‘ਇੱਕ ਪੈਸਾ ਵੀ ਨਹੀਂ। ਕਿਹੰਦੇ ਹਨ, ਬੱਚਤ ਨਹੀਂ ਹੋਈ। ਮੈਂ ਸੋਚਿਆ ਸੀ, ਕੁਝ ਰੁਪਏ ਮਿਲ਼ ਜਾਣਗੇ ਤਾਂ ਪੜਨ ਲਈ ਕਿਤਾਬਾਂ ਲੈ ਲਵਾਂਗਾ! ਪਰ ਮਿਲਿਆ ਕੁਝ ਨਾ। ਰਾਹ ਖਰਚ ਵੀ ਨਹੀਂ ਦਿੱਤਾ । ਕਿਹੰਦੇ ਹਨ_ ਕਿਹੜਾ ਦੂਰੋਂ ਹੋ, ਪੈਦਲ ਚਲੇ ਜਾਓ!’’
ਮੈਨੂੰ ਇੰਨਾ ਗੁੱਸਾ ਆਇਆ ਕਿ ਮਨ ਕਰੇ ਜਾ ਕੇ ਚੌਧਰੀ ਨਾਲ ਝਗੜਾਂ। ਵੇਸਵਾਵਾਂ ਲਈ ਰੁਪਏ, ਸਵਾਈਆਂ ਸਾਰਾ ਕੁੱਝ; ਪਰ ਵਿਚਾਰੇ ਰਾਮਚੰਦਰ ਅਤੇ ਉਸਦੇ ਸਾਥੀਆਂ ਲਈ ਕੁਝ ਵੀ ਨਹੀਂ! ਜਿੰਨਾ ਲੋਕਾਂ ਨੇ ਰਾਤ ਨੂੰ ਆਬਾਦੀਜਾਨ ’ਤੇ ਦਸਦਸ, ਵੀਹਵੀਹ ਰੁਪਏ ਵਾਰੇ, ਉਹਨਾਂ ਕੋਲ ਇਹਨਾਂ ਲੋਈ ਦੋਦੋ, ਚਾਰਚਾਰ ਪੈਸੇ ਵੀ ਨਹੀਂ, ਪਿਤਾ ਜੀ ਨੇ ਤਾਂ ਆਬਾਦੀਜਾਨ ਨੂੰ ਇੱਕ ਮੋਹਰ ਦਿੱਤੀ ਸੀ। ਦੇਖਦਾਂ ਹਾਂ ਇਹਨਾਂ ਦੇ ਨਾਮ ’ਤੇ ਕੀ ਦਿੰਦੇ ਹਨ! ਮੈਂ ਭੱਜਾਭੱਜਾ ਪਿਤਾ ਜੀ ਕੋਲ਼ ਗਿਆ। ਉਹ ਕਿਧਰੇ ਤਫਤੀਸ਼ ’ਤੇ ਜਾਣ ਲਈ ਤਿਆਰ ਖੜੇ ਸਨ। ਮੈਨੂੰ ਦੇਖਕੇ ਬੋਲੇ‘‘ਕਿਧਰੇ ਘੁੰਮ ਰਿਹਾ ਏਂ? ਪੜਨ ਦੇ ਸਮੇਂ ਤੈਨੂੰ ਘੁੰਮਣ ਦੀ ਸੁੱਝਦੀ ਏ?’’
ਮੈਂ ਕਿਹਾ_ ‘‘ਤੰਬੂ ’ਚ ਗਿਆ ਸੀ। ਰਾਮਚੰਦਰ ਵਿਦਾ ਹੋ ਰਹੇ ਨੇ ਅਤੇ ਚੌਧਰੀ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ।’’
‘‘ਤਾਂ ਤੈਨੂੰ ਇਹਦੀ ਕੀ ਫਿਕਰ ਪਈ ਏ?’’
‘‘ਉਹ ਜਾਣਗੇ ਕਿਵੇਂ? ਉਹਨਾਂ ਕੋਲ਼ ਤਾਂ ਰਾਹਖਰਚ ਵੀ ਨਹੀਂ ਏ!’’ ‘‘ਕੀ ਕੁੱਝ ਖਰਚਾ ਵੀ ਨਹੀਂ ਦਿੱਤਾ? ਇਹ ਚੌਧਰੀ ਸਾਹਿਬ ਦੀ ਬੇਇਨਸਾਫੀ ਹੈ।’’ ‘‘ਜੇ ਤੁਸੀ ਦੋ ਰੁਪਏ ਦੇ ਦਿਓਂ, ਤਾਂ ਮੈਂ ਉਹਨਾਂ ਨੂੰ ਦੇ ਆਵਾਂਗਾ। ਇੰਨੇ ਨਾਲ਼ ਹੀ ਸ਼ਾਇਦ ਉਹ ਘਰ ਪਹੁੰਚ ਜਾਣ।’’ ਪਿਤਾ ਜੀ ਨੇ ਤਿੱਖੀ ਨਜ਼ਰ ਨਾਲ ਦੇਖਦੇ ਹੋਏ ਕਿਹਾ‘‘ਜਾਹ, ਆਪਣੀਆਂ ਕਿਤਾਬਾਂ ਦੇਖ, ਮੇਰੇ ਕੋਲ਼ ਰੁਪਏ ਨਹੀ।’’
ਇਹ ਕਹਿ ਕੇ ਉਹ ਘੋੜੇ ’ਤੇ ਸਵਾਰ ਹੋ ਗਏ। ਉਸੇ ਦਿਨ ਤੋਂ ਪਿਤਾ ਜੀ ’ਚ ਮੇਰੀ ਸ਼ਰਧਾ ਮੁੱਕ ਗਈ। ਮੈਂ ਫਿਰ ਕਦੇ ਉਹਨਾਂ ਦੀ ਡਾਂਟਫਿਟਕਾਰ ਦੀ ਪਰਵਾਹ ਨਹੀਂ ਕੀਤੀ। ਮੇਰਾ ਦਿਲ ਕਹਿੰਦਾ‘‘ਤੁਹਾਨੂੰ ਕੋਈ ਅਧਿਕਾਰ ਨਹੀਂ ਕਿ ਮੈਨੂੰ ਉਪਦੇਸ਼ ਦਿਓ।’’ ਮੈਨੂੰ ਉਹਨਾਂ ਦੀ ਸ਼ਕਲ ਤੋਂ ਨਫਰਤ ਹੋ ਗਈ। ਉਹ ਜੋ ਕਹਿੰਦੇ, ਮੈਂ ਠੀਕ ਉਸਦੇ ਉਲਟ ਕਰਦਾ। ਭਾਵੇਂ ਇਸ ਨਾਲ਼ ਮੇਰਾ ਨੁਕਸਾਨ ਹੋਇਆ; ਪਰ ਮੇਰੀ ਅੰਤਰਆਤਮਾ ਉਸ ਸਮੇਂ ਵਿਦਰੋਹੀ ਵਿਚਾਰਾਂ ਨਾਲ ਭਰੀ ਹੋਈ ਸੀ। ਮੇਰੇ ਕੋਲ ਦੋ ਆਨੇ ਪਏ ਸੀ। ਮੈਂ ਪੈਸੇ ਚੁੱਕੇ ਅਤੇ ਜਾ ਕੇ ਸ਼ਰਮਾਉਂਦੇ ਨੇ ਰਾਮਚੰਦਰ ਨੂੰ ਦੇ ਦਿੱਤੇ। ਉਹਨਾਂ ਪੈਸਿਆਂ ਨੂੰ ਦੇਖਕੇ ਰਾਮਚੰਦਰ ਨੂੰ ਜਿੰਨੀ ਖੁਸ਼ੀ ਹੋਈ, ਉਹ ਮੇਰੇ ਲਈ ਆਸੋਂ ਵਧੇਰੀ ਸੀ। ਜਿਵੇਂ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ। ਇਹੀ ਦੋ ਆਨੇ ਲੈ ਕੇ ਤਿੰਨ ਮੂਰਤੀਆਂ ਵਿਦਾ ਹੋਈਆਂ! ਸਿਰਫ ਮੈਂ ਹੀ ਉਹਨਾਂ ਨੂੰ ਕਸਬੇ ਤੋਂ ਬਾਹਰ ਤੱਕ ਛੱਡਣ ਗਿਆ। ਉਹਨਾਂ ਨੂੰ ਵਿਦਾ ਕਰਕੇ ਮੁੜਿਆ, ਤਾਂ ਮੇਰੀਆਂ ਅੱਖਾਂ ਸਿੱਲੀਆਂ ਸਨ; ਪਰ ਦਿਲ ਖੇੜੇ ਨਾਲ ਭਰਿਆ ਹੋਇਆ ਸੀ।
ਮੁਨਸ਼ੀ ਪ੍ਰੇਮਚੰਦ







