ਲੰਡਨ ਦੀ ਟੈਮਜ਼ ਨਦੀ ਦੇ ਕੰਢੇ ਪਹਿਲੀ ਵਾਰ ਆਯੋਜਿਤ ਹੋਈ ਇਤਿਹਾਸਕ ‘ਗੰਗਾ ਆਰਤੀ’: ਬਨਾਰਸ ਅਤੇ ਹਰਿਦੁਆਰ ਵਰਗਾ ਬਣਿਆ ਦ੍ਰਿਸ਼

Published:

Rate this post

ਲੰਡਨ/ਪੰਜਾਬ ਪੋਸਟ
ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮਕਤਾ ਦਾ ਇੱਕ ਅਨੋਖਾ ਅਤੇ ਇਤਿਹਾਸਕ ਰੂਪ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਇੱਥੋਂ ਦੀ ਪ੍ਰਸਿੱਧ ਟੈਮਜ਼ ਨਦੀ ਦੇ ਕੰਢੇ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ‘ਗੰਗਾ ਆਰਤੀ’ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਵਾਰਾਣਸੀ, ਹਰਿਦੁਆਰ ਅਤੇ ਰਿਸ਼ਿਕੇਸ਼ ਦੇ ਘਾਟਾਂ ਦੀ ਤਰ੍ਹਾਂ ਵਿਦੇਸ਼ ਦੀ ਧਰਤੀ ‘ਤੇ ਹੋਈ ਇਸ ਅਲੌਕਿਕ ਆਰਤੀ ਨੇ ਉੱਥੇ ਵੱਸਦੇ ਭਾਰਤੀ ਭਾਈਚਾਰੇ ਸਮੇਤ ਸਥਾਨਕ ਲੋਕਾਂ ਦਾ ਭਰਪੂਰ ਮਨ ਮੋਹ ਲਿਆ।
ਇਹ ਵਿਸ਼ੇਸ਼ ਪ੍ਰੋਗਰਾਮ ਲੰਡਨ ਦੇ ਗ੍ਰੀਨਵਿਚ ਸਥਿਤ ਇਤਿਹਾਸਕ ‘ਓਲਡ ਰਾਇਲ ਨੇਵਲ ਕਾਲਜ’ ਵਿਖੇ ਸਾਲਾਨਾ ‘ਟੋਟਲੀ ਟੈਮਜ਼’ ਫੈਸਟੀਵਲ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਨੂੰ ‘ਚਿਨਮਿਆ ਮਿਸ਼ਨ ਯੂਕੇ’ ਵੱਲੋਂ ਆਯੋਜਿਤ ਕੀਤਾ ਗਿਆ ਸੀ। ਆਰਤੀ ਦੌਰਾਨ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਵੱਡੇ ਬਹੁ-ਸਤਰੀ ਤੇਲ ਦੇ ਦੀਪਕ ਜਗਾਏ ਗਏ, ਜਿਨ੍ਹਾਂ ਦੀ ਰੌਸ਼ਨੀ ਨਾਲ ਟੈਮਜ਼ ਨਦੀ ਦਾ ਕੰਢਾ ਜਗਮਗਾ ਉੱਠਿਆ। ਮੰਤਰ ਉਚਾਰਨ, ਸ਼ੰਖਾਂ ਦੀ ਆਵਾਜ਼ ਅਤੇ ਭਗਤੀ ਸੰਗੀਤ ਦੇ ਵਿਚਕਾਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਪਵਿੱਤਰ ਰਸਮ ਵਿੱਚ ਹਿੱਸਾ ਲਿਆ। ਮੁੱਖ ਆਰਤੀ ਤੋਂ ਪਹਿਲਾਂ ਰਵਾਇਤੀ ਭਾਰਤੀ ਸੰਗੀਤ, ਨਾਚ ਅਤੇ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਸਨ।
ਆਯੋਜਕਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਦਾ ਖ਼ਾਸ ਖ਼ਿਆਲ ਰੱਖਦਿਆਂ ਨਿਯਮ ਬਣਾਏ ਗਏ ਸਨ ਕਿ ਕੋਈ ਵੀ ਪੂਜਾ ਸਮੱਗਰੀ, ਫੁੱਲ ਜਾਂ ਮੂਰਤੀਆਂ ਨਦੀ ਵਿੱਚ ਪ੍ਰਵਾਹਿਤ ਨਹੀਂ ਕੀਤੀਆਂ ਜਾਣਗੀਆਂ, ਸਗੋਂ ਸਾਰੀ ਪੂਰਜਾ ਤੱਟ ‘ਤੇ ਹੀ ਮਰਿਆਦਾ ਪੂਰਵਕ ਕੀਤੀ ਗਈ ਤਾਂ ਜੋ ਟੈਮਜ਼ ਨਦੀ ਦੀ ਸਫ਼ਾਈ ਅਤੇ ਸੁਰੱਖਿਆ ਬਣੀ ਰਹੇ। ਇਸ ਪ੍ਰੋਗਰਾਮ ਵਿੱਚ ਪਹੁੰਚੇ ਪ੍ਰਮੁੱਖ ਅਧਿਆਤਮਕ ਆਗੂਆਂ ਅਤੇ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਇਹ ਆਯੋਜਨ ਸਿਰਫ਼ ਇੱਕ ਧਾਰਮਿਕ ਰਸਮ ਨਹੀਂ ਹੈ, ਸਗੋਂ ਇਹ ਕੁਦਰਤ, ਪਾਣੀ ਦੇ ਸਰੋਤਾਂ ਅਤੇ ਮਾਂ ਗੰਗਾ ਪ੍ਰਤੀ ਸ਼ੁਕਰਗੁਜ਼ਾਰ ਹੋਣ ਦਾ ਸੁਨੇਹਾ ਪੂਰੀ ਦੁਨੀਆ ਵਿੱਚ ਦਿੰਦਾ ਹੈ। ਵਿਦੇਸ਼ ਵਿੱਚ ਭਾਰਤੀ ਸੱਭਿਆਚਾਰ ਦੇ ਇਸ ਮਹਾਂ-ਕੁੰਭ ਨੇ ਭਾਰਤ ਤੋਂ ਕੋਹਾਂ ਦੂਰ ਬੈਠੇ ਪ੍ਰਵਾਸੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਇੱਕ ਵੱਡਾ ਕੰਮ ਕੀਤਾ ਹੈ।

Read News Paper

Related articles

spot_img

Recent articles

spot_img