ਕਾਨਪੁਰ ਵਿੱਚ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ: ਪਾਇਲਟ ਅਤੇ ਸਹਿ-ਪਾਇਲਟ ਦੀ ਦਰਦਨਾਕ ਮੌਤ

Published:

Rate this post

ਕਾਨਪੁਰ/ਪੰਜਾਬ ਪੋਸਟ
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ, ਜਿੱਥੇ ਗੰਗਾ ਬੈਰਾਜ ਦੇ ਨੇੜੇ ਇੱਕ ਛੋਟਾ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਇੰਸਟ੍ਰਕਟਰ ਪਾਇਲਟ ਅਤੇ ਸਿਖਾਂਦਰੂ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਕਾਨਪੁਰ ਦੇ ਨੱਥਾਪੁਰਵਾ ਪਿੰਡ ਦੇ ਖੇਤਾਂ ਵਿੱਚ ਵਾਪਰਿਆ, ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ 4 ਸੀਟਰ ਜਹਾਜ਼ ਗਰਗ ਏਵੀਏਸ਼ਨ ਲਿਮਟਿਡ ਦਾ ਸੀ, ਜੋ ਕਿ ਸਿਖਲਾਈ ਲਈ ਵਰਤਿਆ ਜਾ ਰਿਹਾ ਸੀ। ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਹਾਜ਼ ਨੇ ਸਵੇਰੇ 11:30 ਵਜੇ ਚਕੇਰੀ ਸਥਿਤ ਸਿਖਲਾਈ ਕੇਂਦਰ ਤੋਂ ਉਡਾਣ ਭਰੀ ਸੀ ਅਤੇ ਕਰੀਬ 20 ਮਿੰਟ ਬਾਅਦ ਹੀ ਇਹ ਸੰਤੁਲਨ ਗੁਆ ਕੇ ਰੁੱਖਾਂ ਨਾਲ ਟਕਰਾਉਣ ਤੋਂ ਬਾਅਦ ਜ਼ਮੀਨ ‘ਤੇ ਡਿੱਗ ਗਿਆ। ਹਾਦਸੇ ਦਾ ਸ਼ਿਕਾਰ ਹੋਏ ਇੰਸਟ੍ਰਕਟਰ ਪਾਇਲਟ ਦੀ ਪਛਾਣ ਗੁਜਰਾਤ ਦੇ ਰਹਿਣ ਵਾਲੇ ਸਚਿਨ ਭਾਟੀਆ ਵਜੋਂ ਹੋਈ ਹੈ, ਜਿਨ੍ਹਾਂ ਕੋਲ 3000 ਘੰਟਿਆਂ ਦੀ ਉਡਾਣ ਭਰਨ ਦਾ ਤਜਰਬਾ ਸੀ। ਉਨ੍ਹਾਂ ਦੇ ਨਾਲ ਮੌਜੂਦ ਸਿਖਾਂਦਰੂ ਪਾਇਲਟ ਅਭਿਸ਼ੇਕ ਪੁਜਾਰੀ ਕਰਨਾਟਕ ਦਾ ਰਹਿਣ ਵਾਲਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਬਚਾਅ ਕਰਮਚਾਰੀਆਂ ਨੇ ਜਹਾਜ਼ ਦੇ ਮਲਬੇ ਵਿੱਚੋਂ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ.ਜੀ.ਸੀ.ਏ.) ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Read News Paper

Related articles

spot_img

Recent articles

spot_img