ਜੜਾਂ

Published:

Rate this post

(ਕਹਾਣੀ)

-ਰਾਮ ਸਰੂਪ ਅਣਖ਼ੀ

ਮੰਡੀ ਸੁਖਾਨੰਦ ਇੱਕ ਪੁਰਾਣੀ ਮੰਡੀ ਹੈ, ਰਿਆਸਤਾਂ ਵੇਲੇ ਦੀ। ਸੁਖਾਨੰਦ ਨਾਉਂ ਦਾ ਇੱਥੇ ਇੱਕ ਪਿੰਡ ਹੁੰਦਾ ਸੀ, ਜੋ ਹੁਣ ਵੀ ਹੈ, ਪਰ ਲੱਗਦਾ ਹੈ ਜਿਵੇਂ ਹੁਣ ਇਹ ਪਿੰਡ ਇਸ ਮੰਡੀ ਦਾ ਹੀ ਇੱਕ ਹਿੱਸਾ ਹੋਵੇ, ਮੰਡੀ ਦਾ ਪੇਂਡੂ ਭਾਗ। ਮਹਾਰਾਜੇ ਨੇ ਜਦੋਂ ਆਪਣੀ ਰਿਆਸਤ ਵਿੱਚ ਦਾਣਾ-ਮੰਡੀਆਂ ਬਣਵਾਈਆਂ ਤਾਂ ਸੁਖਾਨੰਦ ਪਿੰਡ ਦੀ ਵੀ ਕਿਸਮਤ ਜਾਗ ਪਈ। ਇਲਾਕੇ ਦਾ ਸਾਰਾ ਦਾਣਾ-ਫੱਕਾ ਏਥੇ ਆਉਣ ਲੱਗਿਆ। ਜਿੰਨੀ ਲੰਬੀ, ਓਨੀ ਚੌੜੀ-ਚੌਰਸ ਮੰਡੀ ਦੀਆਂ ਦੁਕਾਨਾਂ ਦੇ ਦੋ ਵੱਡੇ-ਵੱਡੇ ਦਰਵਾਜੇ ਰੱਖੇ, ਲੋਹੇ ਦੇ ਗੇਟਾਂ ਵਾਲੇ। ਨੇੜੇ-ਤੇੜੇ ਦੇ ਪਿੰਡਾਂ ਤੋਂ ਮਹਾਜਨ ਲੋਕ ਮੰਡੀ ਆ ਵੱਸੇ ਤੇ ਆੜਤ ਦੀਆਂ ਦੁਕਾਨਾਂ ਪਾ ਲਈਆਂ ਤੇ ਫੇਰ ਆਜਾਦੀ ਤੋਂ ਬਾਅਦ ਸੁਖਾਨੰਦ ਮੰਡੀ ਦੀ ਓਨੀ ਹੀ ਚੜਤ ਰਹੀ। ਰੇਲਵੇ ਸਟੇਸ਼ਨ ਤਾਂ ਪਹਿਲਾਂ ਹੀ ਸੀ, ਹੁਣ ਇਹ ਮੰਡੀ ਮੇਨ ਸੜਕ ਉੱਤੇ ਆ ਗਈ। ਜਦੋਂ ਲਿੰਕ-ਸੜਕਾਂ ਦਾ ਸਿਲਸਿਲਾ ਸ਼ੁਰੂ ਹੋਇਆ ਫੋਰ ਤਾਂ ਇਹ ਮੰਡੀ ਇਲਾਕੇ ਦੇ ਹਰ ਪਿੰਡ ਨਾਲ ਜੁੜ ਗਈ। ਇਹਦੀ ਚੜਤ ਦੂਣ-ਸਵਾਈ ਹੋ ਉੱਠੀ। ਇੱਥੇ ਬਲਾਕ ਪੱਧਰ ਦੇ ਕਈ ਸਰਕਾਰੀ ਅਰਧ-ਸਰਕਾਰੀ ਦਫਤਰ ਖੁੱਲ ਗਏ। ਕੁੜੀਆਂ ਤੇ ਮੁੰਡਿਆਂ ਦੇ ਦੋ ਵੱਖ-ਵੱਖ ਹਾਈ ਸਕੂਲ ਬਣ ਗਏ। ਵੱਡਾ ਸਰਕਾਰੀ ਹਸਪਤਾਲ ਇਲਾਕੇ ਦੇ ਮਰੀਜਾਂ ਦੀਆਂ ਲੋੜਾਂ ਪੂਰੀਆਂ ਕਰਦਾ। ਪੁਲਿਸ ਚੌਕੀ ਤੋਂ ਪੂਰਾ ਥਾਣਾ ਬਣ ਗਿਆ। ਪੇਂਡੂ ਲੋਕਾਂ ਦਾ ਆਉਣ ਜਾਣ ਹੋਰ ਵੀ ਵਧਣ ਲੱਗਿਆ।
ਮੰਡੀ ਦੇ ਦੱਖਣ ਵਿੱਚ ਸੱਤ ਗਲੀਆਂ ਹਨ। ਇਹ ਗਲੀਆਂ ਆਜਾਦੀ ਤੋਂ ਬਾਅਦ ਬਣੀਆਂ। ਇਹਨਾਂ ਵਿੱਚ ਤਮਾਮ ਘਰ ਮਹਾਜਨਾਂ ਦੇ ਹਨ। ਆੜਤੀਏ ਤੇ ਮੰਡੀ ਤੋਂ ਬਾਹਰਲੇ ਹੋਰ ਦੁਕਾਨਦਾਰਾਂ ਦੇ ਘਰ। ਸੱਤਵੀਂ ਗਲੀ ਤੋਂ ਪਾਰ ਇੱਕ ਲੰਬੇ-ਚੌੜੇ ਵਿਹੜੇ ਵਾਲੀ ਹਵੇਲੀ ਵਿੱਚ ਪੁਲਿਸ-ਥਾਣਾ ਹੈ।
ਨੇੜੇ ਦੇ ਪਿੰਡ ਅਕਾਲਸਰ ਦਾ ਨਿਹਾਲ ਸਿੰਘ ਨੰਬਰਦਾਰ ਦੁਪਹਿਰ ਦਾ ਥਾਣੇ ਬੈਠਾ ਹੋਇਆ ਸੀ। ਉਹ ਆਪਣੇ ਪਿੰਡ ਦੇ ਇੱਕ ਬੰਦੇ ਨੂੰ ਛੁਡਾਉਣ ਆਇਆ ਸੀ। ਬੰਦੇ ਤੋਂ ਦਾਰੁ ਦਾ ਤੌੜਾ ਫੜਿਆ ਗਿਆ। ਗਰੀਬ ਬੰਦਾ ਸੀ ਉਹ। ਇਕੱਲਾ-ਅਕਹਿਰਾ, ਬਸ ਮਾਂ ਹੀ ਮਾਂ। ਉਹਦਾ ਅਮਲੀ ਬਾਪ ਸਾਰੀ ਜਮੀਨ ਫੂਕ ਗਿਆ ਸੀ ਤੇ ਹੁਣ ਉਹ ਗਰੀਬ ਬੰਦਾ ਦਿਹਾੜੀ ਕਰਕੇ ਗੁਜਾਰਾ ਕਰਦਾ, ਕਦੇ-ਕਦੇ ਤੌੜਾ ਵੀ ਪਾ ਲੈਂਦਾ। ਆਪ ਤਾਂ ਪੀਂਦਾ ਨਹੀਂ ਸੀ। ਦੋ-ਚਾਰ ਬੋਤਲਾਂ ਨਿੱਕਲਦੀਆਂ, ਵੇਚ ਲੈਂਦਾ। ਉਹਦੀ ਕਬੀਲਦਾਰੀ ਸੰਢੀ ਜਾਂਦੀ। ਉਹ ਤਾਂ ਪਹਿਲਾਂ ਹੀ ਮਰਿਆਂ ਵਰਗਾ ਸੀ, ਜੱਟ ਹੋ ਕੇ ਦਿਹਾੜੀ ਕਰਦਾ। ਮਰੇ ਨੂੰ ਕੀ ਮਾਰਨਾ, ਨੰਬਰਦਾਰ ਉਹਦਾ ਪੱਖ ਕਰਨ ਆਇਆ ਸੀ। ਕਹਿ ਰਿਹਾ ਸੀ ਵਿਚਾਰੇ ਦੀ ਮਾਂ ਬਹੁਤ ਢਿੱਲੀ ਐ। ਉਹਨੂੰ ਸਾਂਭਣ ਵਾਲਾ ਕੋਈ ਨਹੀਂ। ਇਹਨੂੰ ਛੱਡੋ ਜੀ ਗਰੀਬ ਨੂੰ ਪਰੇ। ਗਹਾਂ ਨੂੰ ਇਹ ਕੰਮ ਨਹੀਂ ਕਰਦਾ। ਮੇਰੀ ਜਿੰਮੇਦਾਰੀ ਰਹੀ। ਇਹਤੋਂ ਸੇਵਾ ਜਿੰਨੀ ਕੁ ਜੈਜ ਐ, ਕਰਾ ਲੋ। ਖਰੀ ਦੁੱਧ ਅਰਗੀ।
ਪਤਾ ਨਹੀਂ ਕਿਉਂ, ਥਾਣੇਦਾਰ ਦੇ ਮਨ ਅਜੇ ਮਿਹਰ ਨਹੀਂ ਸੀ ਪਈ।
ਕੰਧਾਂ ਦੇ ਪਰਛਾਵੇਂ ਲੰਬੇ ਹੋ ਚੱਲੇ ਸਨ। ਪੁਲਿਸ ਵਾਲਿਆਂ ਦੇ ਲਾਰੇ। ਨੰਬਰਦਾਰ ਨਿਹਾਲ ਸਿੰਘ ਓਵੇਂ ਦਾ ਓਵੇਂ ਉੱਕ ਵਾਂਗ ਬੈਠਾ ਹੋਇਆ ਸੀ। ਤਦ ਹੀ ਸਭ ਨੇ ਇੱਕ ਸੋਰ ਸੁਣਿਆ ਤੇ ਫਿਰ ਇਹ ਸੋਰ ਵਧਦਾ ਹੀ ਵਧਦਾ ਜਾ ਰਿਹਾ ਸੀ। ਲੱਗਿਆ, ਜਿਵੇਂ ਕੋਈ ਭੀੜ ਥਾਣੇ ਵੱਲ ਆ ਰਹੀ ਹੋਵੇ।
ਕੇਸਰੀ ਪੱਗਾਂ ਤੇ ਖੁੱਲੀਆਂ ਦਾੜੀਆਂ ਵਾਲੇ ਦੋ ਨੌਜਵਾਨ ਸਨ। ਔਰਤ ਉਹਨਾਂ ਦੇ ਵਿਚਾਲੇ ਤੁਰ ਕੇ ਆਈ ਸੀ। ਉਹਨਾਂ ਮਗਰ ਤੀਹ-ਚਾਲੀ ਬੰਦੇ। ਅੱਧਖੜ ਬੰਦੇ। ਬੁੱਢੇ ਤੇ ਉੱਠਦੀ ਉਮਰ ਦਾ ਅੱਧ-ਰਿੜਕ ਕੀਚਰ-ਵਾਧਾ।
ਮੈਲੀ-ਕੁਚੈਲੀ ਕੁੜਤੀ-ਸਲਵਾਰ। ਥਾਂ-ਥਾਂ ਵੱਟ ਪਏ ਹੋਏ ਤੇ ਉੱਤੇ ਗੰਦੇ ਧੱਬੇ। ਪੈਰੀਂ ਘਸੀਆ-ਪੁਰਾਣੀਆਂ ਚਮੜੇ ਦੀਆਂ ਚੱਪਲਾਂ। ਸਿਰ ਦੇ ਵਾਲ ਰੁੱਖੇ ਤੇ ਉਲਝੇ ਹੋਏ। ਗਲ ਲਾਲ ਚੁੰਨੀ, ਚੁੰਨੀ ਵੀ ਲਿੱਬੜੀ-ਤਿੱਬੜੀ ਤੇ ਵਿੱਚ ਮੋਰੀਆਂ। ਔਰਤ ਦੀਆਂ ਅੱਖਾਂ ਸੁੰਦਰ ਸਨ। ਨੱਕ ਐਨਾ ਤਿੱਖਾ ਨਹੀਂ ਸੀ। ਦੰਦ ਚਿੱਟੇ ਸਨ। ਜਰ ਖਾਧੇ ਲੋਹੇ ਜਿਹਾ ਰੰਗ। ਸਰੀਰ ਭਰਿਆ ਨਹੀਂ ਸੀ, ਪਰ ਲੱਗਦਾ ਸੀ, ਉਹ ਪੈਂਤੀਆ ਤੋਂ ਥੱਲੇ ਨਹੀਂ। ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੇ ਭੀੜ ਨੂੰ ਥਾਣੇ ਦੇ ਦਰਵਾਜੇ ਤੋਂ ਬਾਹਰ ਹੀ ਰੋਕ ਦਿੱਤਾ। ਥਾਣੇਦਾਰ ਉੱਠ ਕੇ ਆਪ ਉਹਨਾਂ ਕੋਲ ਆਇਆ। ਨੌਜਵਾਨ ਕਹਿੰਦੇ – ਇਹਨੂੰ ਸਾਂਭੋ ਜੀ, ਅਵਾਰਾ ਐ। ਇਹਦਾ ਕਰੋ ਕੋਈ ਬੰਦੋਬਸਤ।
ਨੌਜਵਾਨਾਂ ਨੂੰ ਕੁਰਸੀਆਂ ਮਿਲ ਗਈਆਂ।
ਥਾਣੇਦਾਰ ਨੇ ਔਰਤ ਨੂੰ ਭੁੰਜੇ ਬਿਠਾ ਦਿੱਤਾ। ਖਾਕੀ ਜੀਨ ਦੀ ਪੈਂਟ ਉੱਤੇ ਛਟੀ ਮਾਰ ਕੇ ਉਹ ਕਹਿਣ ਲੱਗਿਆ- ‘‘ਇਹੋ ਜੀਆਂ ਤਾਂ ਨਿੱਤ ਦੇਖੀ ਦੀਆਂ ਨੇ ਏਥੇ ਫਿਰਦੀਆਂ ਤੁਰਦੀਆਂ। ਟਰੱਕ ਡਰੈਵਰਾਂ ਦਾ ਮਾਲ ਐ। ਅੰਬ ਚੂਪ ਕੇ ਗੁਠਲੀ ਸਿੱਟਗੇ।’’ ਇਹਦਾ ਕੀ ਬੰਦੋਬਸਤ ਕਰਨੇਂ ਅਸੀਂ? ਫੇਰ ਕਹਿੰਦਾ- ‘‘ਤੁਸੀਂ ਆਏ ਓ ਤਾਂ ਥੋਡੀ ਮੰਨ ਲੈਨੇ ਆਂ। ਛੀ ਵਾਲੀ ਗੱਡੀ ਔਣ ਵਾਲੀ ਐ, ਸਾਡੇ ਸਿਪਾਹੀ ਇਹਨੂੰ ਚੜਾ ਔਣਗੇ।’’
ਥਾਣੇਦਾਰ ਦੀ ਭਾਸਾ ਸੂਣ ਤੇ ਇਰਾਦਾ ਭਾਂਪ ਕੇ ਕੇਸਰੀ ਪੱਗਾਂ ਵਾਲੇ ਨੌਜਵਾਨ ਗੰਭੀਰ ਹੋ ਗਏ। ਉਹ ਰੋਹ ਭਰੀਆਂ ਅੱਖਾਂ ਨਾਲ ਥਾਣੇਦਾਰ ਵੱਲ ਝਾਕਣ ਲੱਗੇ। ਇੱਕ ਕਹਿੰਦਾ- ‘‘ਇਹ ਤਾਂ ਇਹਦਾ ਕੋਈ ਇਲਾਜ ਨਹੀਂ, ਸਰਦਾਰ ਜੀ।’’
‘‘ਫੇਰ ਤੁਸੀਂ ਦੱਸੋ, ਕਿਵੇਂ ਕੀਤਾ ਜਾਵੇ?’’ ਥਾਣੇਦਾਰ ਮੁਸਕਰਾ ਰਿਹਾ ਸੀ।
‘‘ਇਹਨੂੰ ਅਵਾਰਾਗਰਦੀ ਦੇ ਕੇਸ ਵਿੱਚ ਗਿ੍ਰਫਤਾਰ ਕਰੋ ਤੇ ਫੇਰ ਇਹਨੂੰ ਇਹਦੇ ਟਿਕਾਣੇ ਉੱਤੇ ਪੁਚਾਓ। ਸਾਡੀ ਰਾਜ ਸਰਕਾਰ ਦਾ ਇਹ ਫਰਜ ਬਣਦੈ।’’
‘‘ਟਿਕਾਣੇ ਦਾ ਇਹਦੇ ਦਾ ਕੀ ਪਤਾ ਲੱਗੇ ਬਈ?’’ ਥਾਣੇਦਾਰ ਨੂੰ, ਫੋਕੀ ਮੁਸਕਰਾਹਟ ਰੋਕਣੀ ਪੈ ਗਈ।
‘‘ਇਹ ਸਭ ਦੱਸ ਰਹੀ ਐ, ਆਪਣਾ ਥਾਂ-ਟਿਕਾਣਾ।’’ ਦੂਜਾ ਨੌਜਵਾਨ ਵੀਰੋਅਬ ਵਿੱਚ ਸੀ।
‘‘ਕਿਉਂ ਬਈ, ਕਹਾਂ ਕੀ ਰਹਿਨੇ ਵਾਲੀ ਹੋ ਤੁਮ?’’ ਥਾਣੇਦਾਰ ਨੇ ਔਰਤ ਦੇ ਡੌਲੇ ਉੱਤੇ ਛੁਟੀ ਲਾਈ।
ਔਰਤ ਜੋ ਬੋਲੀ, ਕਿਸੇ ਦੀ ਸਮਝ ਵਿੱਚ ਨਹੀਂ ਆਇਆ।
ਪਹਿਲਾ ਨੌਜਵਾਨ ਬੋਲਿਆ- ‘‘ਇਹਦੀ ਬੋਲੀ ਆਪਾਂ ਨੀਂ ਸਮਝ ਸਕਦੇ ਸਰਦਾਰ ਜੀ। ਸਾਡੇ ਕੋਲ ਹੈਗਾ ਇੱਕ ਬੰਦਾ।’’ ਉਹ ਦਰਵਾਜੇ ਉੱਤੇ ਗਿਆ ਤੇ ਚੁੱਪ ਖੜੀ ਭੀੜ ਵਿੱਚੋਂ ਧਾਗਾ-ਮਿੱਲ ਦੇ ਇੱਕ ਮਜਦੂਰ ਨੂੰ ਬੁਲਾ ਲਿਆਇਆ।
ਮੰਡੀ ਦੇ ਚੜਦੇ ਪਾਸੇ ਵਾਲੇ ਦਰਵਾਜੇ ਤੋਂ ਥੋੜਾ ਹਟ ਕੇ ਬੱਸ-ਸਟਾਪ ਹੈ। ਇੱਥੋਂ ਇੱਕ ਮੀਲ ਦੂਰ ਮੇਨ ਸੜਕ। ਲਿੰਕ ਰੋਡ ਉੱਤੇ ਬੱਸਾਂ ਦੀ ਆਵਾਜਾਈ ਕਦੇ ਆਮ ਰਹਿੰਦੀ ਸੀ, ਹੁਣ ਨਹੀਂ। ਮਨਮਰਜੀ ਨਾਲ ਹੀ ਕੋਈ ਬੱਸ ਅੰਦਰਲੇ ਬਸ-ਸਟਾਪ ਉੱਤੇ ਆਉਂਦੀ ਹੈ। ਮੰਡੀ ਦਾ ਪ੍ਰੈੱਸ ਰਿਪੋਰਟਰ ਹਰ ਮਹੀਨੇ ਖਬਰ ਛਪਵਾਉਂਦਾ ਹੈ ਕਿ ਸਾਰੀਆਂ ਬੱਸਾਂ ਅੰਦਰ ਹੋ ਕੇ ਜਾਇਆ ਕਰਨ। ਮੰਡੀ ਵਿੱਚ ਕੋਈ ਸਿਆਸੀ ਜਲਸਾ ਹੋਵੇ ਤਾਂ ਇੱਕ ਮੰਗ ਅੰਦਰਲੇ ਬੱਸ-ਅੱਡੇ ਉੱਤੇ ਬੱਸਾਂ ਆਉਣ ਸੰਬੰਧੀ ਲਾਜਮੀ ਰੱਖੀ ਜਾਂਦੀ ਹੈ, ਪਰ ਕੋਈ ਨਹੀਂ ਸੁਣਦਾ। ਸਗੋਂ ਮੰਡੀ ਵਿੱਚੋਂ ਹੀ ਆਵਾਜ ਉੱਠ ਖੜਦੀ ਹੈ- ‘‘ਭਾਈ ਰਿਕਸਾ ਵਾਲਿਆਂ ਨੇ ਵੀ ਤਾਂ ਕਿਤੋਂ ਖਾਣੀ ਐ ਦਾਲ-ਰੋਟੀ।’’
ਪਰ ਥਰੀ-ਵੀਲਰਾਂ ਦਾ ਕੀ ਕਰੇਗਾ ਕੋਈ ਰਿਕਸ਼ਿਆਂ ਵਾਲੇ ਖੜੇ-ਖੜੋਤੇ ਮੂੰਹ ਦੇਖਦੇ ਰਹਿ ਜਾਂਦੇ ਹਨ ਤੇ ਥਰੀ-ਵੀਲਰ ਸਾਰੀਆਂ ਸਵਾਰੀਆਂ ਹੂੰਝ ਲਿਜਾਂਦਾ ਹੈ।
ਜਦੋਂ ਅੰਦਰਲੇ ਬੱਸ-ਸਟਾਪ ਉੱਤੇ ਸਾਰੀਆਂ ਬੱਸਾਂ ਆਉਂਦੀਆਂ ਸਨ, ਉਨਾਂ ਦਿਨਾਂ ਵਿੱਚ ਏਥੇ ਕਈ ਵਰਕਸਾਪਾਂ ਖੁੱਲੀਆਂ। ਟਰੈਕਟਰਾਂ, ਟਰੱਕਾਂ ਤੇ ਸਕੂਟਰਾਂ ਦੀਆਂ ਵਰਕਸਾਪਾਂ। ਇਹ ਵਰਕਸਾਪਾਂ ਹੁਣ ਵੀ ਹਨ। ਖਰਾਦੀਏ ਵੀ ਆ ਗਏ। ਬੋਰਾਂ ਦਾ ਸਮਾਨ ਵਿਕਦਾ ਹੈ। ਇੰਜਣਾਂ ਦੇ ਸਪੇਅਰ-ਪਾਰਟਸ ਦੀਆਂ ਦੁਕਾਨਾਂ। ਨਹੀਂ ਆਉਂਦੀ ਕੋਈ ਬੱਸ ਅੰਦਰਲੇ ਅੱਡੇ ਉੱਤੇ ਤਾਂ ਨਾ ਆਵੇ, ਬੰਦਿਆਂ ਦਾ ਉਂਝ ਵੀ ਏਥੇ ਮੇਲਾ ਲੱਗਿਆ ਰਹਿੰਦਾ ਹੈ।
ਉਸ ਦਿਨ ਦੁਪਹਿਰੇ ਜਿਹੇ ਉਸ ਦੁਆਲੇ ਭੀੜ ਇਕੱਠੀ ਹੋਈ ਖੜੀ ਸੀ। ਕੋਈ ਉਹਨੂੰ, ਉਹਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਕੁਝ ਪੁੱਛਦਾ, ਕੋਈ ਕੁਝ। ਕੋਈ ਪੰਜਾਬੀ ਬੋਲਦਾ, ਕੋਈ ਟੁੱਟੀ-ਫੁੱਟੀ ਹਿੰਦੀ। ਉਹ ਜਿਹੜਾ ਵੀ ਜਵਾਬ ਦਿੰਦੀ, ਕਿਸੇ ਦੇ ਕੁਝ ਪਿੜਪੱਲੇ ਨਾ ਪੈਂਦਾ। ਤਮਾਸਬੀਨ ਹੱਸਦੇ ਤੇ ਉਹਦਾ ਮਖੌਲ ਉਡਾਉਂਦੇ। ਉਹ ਦੋ ਘੰਟਿਆਂ ਤੋਂ ਓਥੇ ਬੈਠੀ ਹੋਈ ਸੀ। ਇੱਕ ਹੋਟਲ-ਮਾਲਕ ਉਹਦੇ ਉੱਤੇ ਤਰਸ ਖਾ ਕੇ ਉਹਨੂੰ ਇੱਕ ਚਾਹ ਦਾ ਗਿਲਾਸ ਤੇ ਦੋ ਬਰੈੱਡ-ਪੀਸ ਫੜਾ ਗਿਆ ਸੀ। ਔਰਤ ਨੇ ਇਹ ਸਭ ਕੌੜਾ ਕਸੈਲਾ ਕਰਕੇ ਅੰਦਰ ਸੁੱਟ ਲਿਆ ਸੀ। ਜਿਵੇਂ ਉਹਦਾ ਅੰਦਰ ਮਰਿਆ ਪਿਆ ਹੋਏ।
ਕੋਲ ਦੀ ਲੰਘੇ ਜਾਂਦੇ ਕੇਸਰੀ ਪੱਗ ਵਾਲੇ ਦੋ ਨੌਜਵਾਨਾਂ ਨੇ ਬੰਦਿਆਂ ਦਾ ਇਕੱਠ ਦੇਖਿਆ ਤਾਂ ਉਹ ਉਨਾਂ ਵਿੱਚ ਆ ਘੁਸੇ। ਔਰਤ ਦਾ ਮਾਮਲਾ ਦੇਖ ਕੇ ਉਹ ਪਹਿਲਾਂ ਤਾਂ ਮੁਸਕਰਾਏ, ਫੇਰ ਓਥੋਂ ਖਿਸਕਣ ਲੱਗੇ। ਇੱਕ ਨੌਜਵਾਨ ਬੋਲਿਆ- ‘‘ਕੌਣ ਹੋਈ ਇਹੇ? ਆਪਣੇ ਕੰਨੀ ਦੀ ਤਾਂ ਲੱਗਦੀ ਨੀ।’’
‘‘ਪੁੱਛ ਲੈਨੇ ਆਂ।’’ ਦੂਜਾ ਔਰਤ ਦੇ ਕੋਲ ਮੂੰਹ ਲਿਜਾ ਕੇ ਪੁੱਛਣ ਲੱਗਿਆ- ‘‘ਕੀ ਗੱਲ ਐ, ਮਾਈ?’’
ਜੋ ਕੁਝ ਉਹ ਬੋਲੀ, ਉਹਦੀ ਸਮਝ ਵਿੱਚ ਨਹੀਂ ਆਇਆ। ਉਹ ਹੈਰਾਨੀ ਵਿੱਚ ਮੁਸਕਰਾਉਣ ਲੱਗ ਪਿਆ। ਲੋਕ ਹੱਸ ਰਹੇ ਸਨ। ਉਸ ਔਰਤ ਉੱਤੇ ਜਾਂ ਸਾਇਦ ਕੇਸਰੀ ਪੱਗ ਵਾਲੇ ਨੌਜਵਾਨ ਉੱਤੇ ਹੀ।
ਧਾਗਾ ਮਿੱਲ ਵਿੱਚ ਕੰਮ ਕਰਦੇ ਭਈਏ ਇੱਕ ਪਾਸੇ ਖੜੇ ਪੀਟਰ-ਰੇੜੇ ਦੀ ਉਡੀਕ ਕਰ ਰਹੇ ਸਨ। ਉਹ ਅੱਠ-ਦਸ ਸਨ। ਹੱਥਾਂ ਵਿੱਚ ਥੈਲੇ ਫੜੇ ਹੋਏ, ਸਿਰਾਂ ਉੱਤੇ ਸਾਮਾਨ ਦੀਆਂ ਗੰਢਾਂ, ਬੀੜੀਆ ਪੀਂਦੇ ਤੇ ਇੱਕ ਦੂਜੇ ਨਾਲ ਕੋਈ ਗੱਲ ਕਰਦੇ। ਕੇਸਰੀ ਪੱਗ ਵਾਲਾ ਇੱਕ ਨੌਜਵਾਨ ਉਹਨਾਂ ਕੋਲ ਗਿਆ ਤੇ ਕਿਹਾ- ‘‘ਤੁਸੀਂ ਐਧਰ ਆਓ ਸਾਰੇ। ਔਹਨੂੰ ਦੇਖੋ, ਭਲਾ ਕੀ ਬੋਲਦੀ ਹੈ?’’
‘‘ਕਵਨ, ਕਯਾ ਬੋਲਤੀ?’’ ਇੱਕ ਭਈਆ ਰੁੱਖਾ ਜਿਹਾ ਬੋਲਿਆ।
‘‘ਓਏ ਔਧਰ, ਇੱਕ ਔਰਤ ਐ। ਆਓ, ਤੁਸੀਂ ਸਮਝ ਲਉਗੇ ਸਾਇਦ ਉਹਦੀ ਬੋਲੀ।’’
ਭਈਆਂ ਵਿੱਚ ਬਹੁਤੇ ਬਿਹਾਰੀ ਸਨ, ਦੋ ਤਿੰਨ ਯੂ. ਪੀ. ਵਾਲੇ ਤੇ ਇੱਕ ਹਿਮਾਚਲੀ। ਇੱਕ ਬੰਗਾਲੀ ਵੀ ਸੀ। ਔਰਤ ਆਪਣੇ-ਆਪ ਹੀ ਕੁਝ ਬੋਲੀ ਜਾ ਰਹੀ ਸੀ। ਉਹ ਸਭ ਉਹਨੂੰ ਸੁਣਨ ਲੱਗੇ। ਬੰਗਾਲੀ ਉਹਦੇ ਹੋਰ ਨੇੜੇ ਹੋ ਗਿਆ। ਫੇਰ ਜਦੋਂ ਉਹ ਆਪ ਬੋਲਿਆ ਤਾਂ ਔਰਤ ਅਚੰਭਿਤ ਰਹਿ ਗਈ। ਮੁਸਕਰਾ ਵੀ ਰਹੀ ਸੀ। ਦੋਵਾਂ ਨੇ ਗੱਲ ਸਾਂਝੀ ਕੀਤੀ।
ਬੰਗਾਲੀ ਮਜਦੂਰ ਕਈ ਸਾਲਾਂ ਤੋਂ ਇੱਥੇ ਸੀ। ਉਹ ਅੱਧ-ਪਚੱਧੀ ਪੰਜਾਬੀ ਬੋਲ ਲੈਂਦਾ। ਪੰਜਾਬੀ ਵਿੱਚ ਆਖੀਆਂ ਗੱਲਾਂ ਸਮਝਦਾ ਸਭ। ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੂੰ ਜੋ ਉਹਨੇ ਦੱਸਿਆ, ਉਹ ਇਹ ਸੀ ਕਿ ਇਹ ਔਰਤ ਬੰਗਾਲਣ ਹੈ। ਕਲਕੱਤਾ ਸ਼ਹਿਰ ਦੀ। ਇਧਰੋਂ ਇੱਕ ਟਰੱਕ ਡਰਾਈਵਰ ਓਥੋਂ ਇਹਨੂੰ ਚਕਮਾ ਦੇ ਕੇ ਲੈ ਆਇਆ ਸੀ, ਉਹ ਇਹਨੂੰ ਆਪਣੇ ਘਰ ਵਸਾਏਗਾ। ਓਧਰ ਇਹਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ। ਇਹ ਓਧਰ ਆਪਣੀਆਂ ਤਿੰਨ ਕੁੜੀਆਂ ਛੱਡ ਕੇ ਆਈ ਹੈ। ਦੂਜੀ ਪਤਨੀ ਇਹਨੂੰ ਤੰਗ ਕਰਦੀ ਤੇ ਪਤੀ ਖਾਣ-ਪਹਿਨਣ ਨੂੰ ਨਹੀਂ ਦਿੰਦਾ ਸੀ। ਇਹਨੂੰ ਕੁੱਟਦਾ-ਮਾਰਦਾ ਵੀ। ਟਰੱਕ-ਡਰਾਈਵਰ ਜਿਹੜਾ ਇਹਨੂੰ ਲੈ ਕੇ ਆਇਆ ਸੀ, ਹੁਣ ਪਤਾ ਨਹੀਂ ਕਿੱਥੇ ਹੈ। ਇਹ ਹੋਰ ਤਿੰਨ-ਚਾਰ ਬੰਦਿਆਂ ਕੋਲ ਰਹੀ ਹੈ। ਉਹਨਾਂ ਨੇ ਵੀਹ ਦਿਨ ਇਹਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ। ਉਹ ਸ਼ਾਮ ਨੂੰ ਹਨੇਰੇ ਹੋਏ ਆਉਂਦੇ ਤੇ ਸਵੇਰੇ ਜਾਣ ਲੱਗੇ ਬਾਹਰੋਂ ਜਿੰਦਰਾ ਲਾ ਜਾਂਦੇ। ਰੋਟੀ ਖਾਣ ਨੂੰ ਇੱਕੋ ਡੰਗ ਦਿੰਦੇ ਸਨ, ਸਾਮ ਵੇਲੇ। ਲਿਆਉਣ ਵਾਲਾ ਦੋ ਮਹੀਨਿਆਂ ਪਿੱਛੋਂ ਇਹਨੂੰ ਉਹਨਾਂ ਬੰਦਿਆਂ ਕੋਲ ਛੱਡ ਗਿਆ ਸੀ। ਅੱਜ ਉਹ ਇਹਨੂੰ ਟਰੱਕ ਵਿੱਚੋਂ ਏਥੇ ਉਤਾਰ ਗਏ ਹਨ।
ਉਹਨੇ ਆਪਣਾ ਨਾਉਂ ਸੁਜਾਤਾ ਦੱਸਿਆ।
ਰੋਹਿਤ ਨੇ ਥਾਣੇਦਾਰ ਨੂੰ ਦੱਸਿਆ ਕਿ ਉਹ ਕਿਸੇ ਦੇ ਵੀ ਘਰ ਜਾ ਸਕਦੀ ਹੈ, ਜਿਹੜਾ ਇਹਨੂੰ ਬਸ ਦੋ ਡੰਗ ਰੋਟੀ ਦੇ ਸਕਦਾ ਹੋਵੇ।
ਨਿਹਾਲ ਸਿੰਘ ਨੰਬਰਦਾਰ ਨੇ ਗੱਲ ਸੁਣੀ ਤਾਂ ਉੱਠ ਕੇ ਥਾਣੇਦਾਰ ਨੂੰ ਪੁੱਛਣ ਲੱਗਿਆ- ‘‘ਇਹਨੂੰ ਪੁੱਛੋ ਸਰਦਾਰ ਜੀ, ਇਹ ਰੋਟੀ-ਟੁੱਕ ਦਾ ਕਰ ਸਕਦੀ ਐ?’’
ਥਾਣੇਦਾਰ ਨੇ ਰੋਹਿਤ ਨੂੰ ਕਿਹਾ- ‘‘ਪੁੱਛ ਬਈ ਇਹਨੂੰ…।’’
ਰੋਹਿਤ ਨੇ ਸੁਜਾਤਾ ਨਾਲ ਗੱਲ ਕੀਤੀ ਤੇ ਫੇਰ ਅੱਧ-ਪਚੱਧੀ ਪੰਜਾਬੀ ਬੋਲ ਕੇ ਦੱਸਣ ਲੱਗਿਆ ਕਿ ਉਹ ਘਰ ਦਾ ਸਾਰਾ ਕੰਮ ਕਰੇਗੀ।
ਨਿਹਾਲ ਸਿੰਘ ਨੇ ਜਿਵੇਂ ਬੇਨਤੀ ਕੀਤੀ ਹੋਵੇ- ‘‘ਮਹਾਰਾਜ, ਮੈਂ ਪਿੰਡ ਨੂੰ ਜਾਨਾਂ। ਇੱਕ ਘੰਟਾ ਦੇ ਦਿਓ ਸਿਰਫ। ਹੁਣੇ ਲਿਆ ਕੇ ਬੰਦਾ ਹਾਜਰ ਕਰ ਦਿੰਨਾਂ। ਇਹਦਾ ਵੀ ਪੁੰਨ, ਉਹਦਾ ਵੀ ਪੁੰਨ।’’
‘‘ਨੰਬਰਦਾਰਾ, ਤੈਨੂੰ ਜਿੰਮੇਦਾਰੀ ਓਟਣੀ ਪਊ। ਐਸਾ ਨਾ ਹੋਵੇ ਬਈ ਤੇਰਾ ਉਹ ਬੰਦਾ ਟਰੱਕ-ਡਰਾਈਵਰ ਵਾਂਗੂੰ ਈ ਇਹਨੂੰ ਵੀਹ ਦਿਨਾਂ ਪਿੱਛੋਂ ਡੱਕਰ ਦੇਵੇ।’’ ਥਾਣੇਦਾਰ ਨੂੰ ਵੀ ਹੁਣ ਉਸ ਔਰਤ ਵਿੱਚ ਦਿਲਚਸਪੀ ਹੋ ਗਈ ਲੱਗਦੀ ਸੀ।
‘‘ਨਾ ਸਰਦਾਰ ਜੀ, ਫੁੱਲਾਂ-ਪਾਨਾਂ ਵਾਂਗ ਰੱਖੂ ਉਹ ਤਾਂ ਇਹਨੂੰ। ਉਹਨੂੰ ਤਾਂ ਤੀਵੀਂ ਚਾਹੀਦੀ ਐ, ਚਾਹੇ ਕਿਹੀ ਜੀ ਹੋਵੇ। ਬਸ ਦੋ ਗੁੱਲੀਆਂ ਥੱਪ ਸਕਦੀ ਹੋਵੇ। ਆਪੇ ਹੱਥ ਫੁਕਦੈ ਵਿਚਾਰਾ। ਉਹ ਤਾਂ ਸੱਤ ਜਨਮਾਂ ਦਾ ਭੁੱਖਾ ਐ ਤੀਮੀਂ ਦਾ। ਫੇਰ ਐਬ ਕੋਈ ਨੀਂ। ਕਮੌਂਦਦੈ ਤੇ ਖਾਂਦੈ। ਮੈਂ ਜਿੰਮੇਦਾਰੀ ਲੈਨਾਂ ਏਸ ਗੱਲ ਦੀ ਤਾਂ। ਤੁਸੀਂ ਹੁਕਮ ਕਰੋ ਇੱਕ ਵਾਰੀ। ਜਾਵਾਂ ਮੈਂ’’
‘‘ਜਾਹ, ਇਹ ਵੀ ਠੀਕ ਐ। ਜੇ ਇਧਰ ਈ ਇਹਦਾ ਕੋਈ ਥਾਂ ਟਿਕਾਣਾ ਬਣਦੈ, ਹੋਰ ਇਹਨੇ ਕੀ ਲੈਣੈ।’’ ਇਸ ਵਾਰ ਕੇਸਰੀ ਪੱਗਾਂ ਵਾਲੇ ਬੋਲੇ।
ਬਚਨੇ ਦਾ ਘਰ ਨਿਹਾਲ ਸਿੰਘ ਨੰਬਰਦਾਰ ਦੇ ਗਵਾਂਢ ਵਿੱਚ ਸੀ। ਉਹਦਾ ਕੋਈ ਨਹੀਂ ਸੀ। ਇਕੱਲੀ ਜਾਨ ਦੀ ਜਾਨ, ਜਮੀਨ ਨਹੀਂ ਸੀ। ਘਰ ਵੀ ਕੀ ਸੀ, ਇੱਕੋ ਕਮਰਾ। ਨਾਲ ਹੀ ਛੋਟੀ ਜਿਹੀ ਰਸੋਈ। ਨਿੱਕਾ ਜਿਹਾ ਵਿਹੜਾ। ਵਿਹੜੇ ਵਿੱਚ ਨਿੰਮ ਦਾ ਰੁੱਖ। ਇੱਕ ਪਾਸੇ ਕੰਧ ਨਾਲ ਪਾਣੀ ਦਾ ਨਲਕਾ। ਵੀਹੀ ਨਾਲ ਕੰਧ ’ਤੇ ਨਲਕੇ ਵਿਚਕਾਰ ਪੱਕੀਆਂ ਇੱਟਾਂ ਦਾ ਓਟਾ। ਚੱਕੀ ਦਾ ਫੁੱਟਿਆ ਪੁੜ ਰੱਖ ਕੇ ਬਣਾਇਆ ਨਾਉਣ-ਧੋਣ ਦਾ ਫਰਸ। ਉਹ ਸਹਿਰੋਂ ਚਾਹ-ਪੱਤੀ, ਕੱਪੜੇ ਧੋਣ ਵਾਲਾ ਸਾਬਣ, ਮਾਚਿਸਾਂ, ਵਸਾਰ ਤੇ ਗਰਮ ਮਸਾਲਾ ਲੈ ਆਉਂਦਾ। ਬਾਈਸਾਈਕਲ ਖੱਚਰ ਵਾਂਗ ਲੱਦਿਆ ਹੁੰਦਾ। ਆਲੇਦੁਆਲੇ ਦੇ ਸਾਰੇ ਪਿੰਡਾਂ ਵਿੱਚ ਉਹ ਜਾਂਦਾ। ਨਿੱਤ ਦੀ ਕਿਰਸ ਨਾਲ ਉਹਨੇ ਖਾਸੇ ਪੈਸੇ ਜੋੜ ਰੱਖੇ ਸਨ। ਉਹ ਇਹ ਕੰਮ ਕਈ ਵਰਿਆਂ ਤੋਂ ਕਰੀ ਜਾ ਰਿਹਾ ਸੀ। ਇਸ ਸਮੇਂ ਉਹਦੀ ਉਮਰ ਪੰਜਾਹਾਂ ਦੇ ਨੇੜੇ ਸੀ। ਚਾਲੀ ਸਾਲਾਂ ਤੱਕ ਉਹਨੂੰ ਕੋਈ ਰਿਸਤਾ ਨਹੀਂ ਹੋਇਆ ਸੀ ਤੇ ਫੇਰ ਆਸ ਵੀ ਮੁੱਕ ਗਈ। ਉਹਨੇ ਦਿਲ ਵਿੱਚ ਧਾਰ ਰੱਖਿਆ ਸੀ ਕਿ ਇੱਕ ਦਿਨ ਆਪਣੇ ਘਰ ਉਹ ਕੋਈ ਤੀਵੀਂ ਜਰੂਰ ਲੈ ਕੇ ਆਵੇਗਾ। ਉਹਨੂੰ ਇਹ ਵੀ ਯਕੀਨ ਸੀ ਕਿ ਹੁਣ ਤਾਂ ਮੁੱਲ ਦੀ ਤੀਵੀਂ ਹੀ ਕੋਈ ਆ ਸਕੇਗੀ। ਏਸੇ ਕਰਕੇ ਉਹ ਪੈਸੇ ਜੋੜਦਾ ਜਾ ਰਿਹਾ ਸੀ। ਬੈਂਕ ਦੀ ਕਾਪੀ ਵਿੱਚ ਅੱਠ ਹਜਾਰ ਜਮਾਂ ਸੀ। ਉਹਨੂੰ ਕਿਸੇ ਨੇ ਦਸ ਹਜਾਰ ਦਾ ਲਾਰਾ ਦਿੱਤਾ ਹੋਇਆ ਸੀ। ਉਹ ਦਿਨ ਦੇਖਦਾ, ਨਾ ਰਾਤ, ਕਮਾਈ ਵੱਲ ਧਿਆਨ ਰੱਖਦਾ। ਜਿਵੇਂ ਦਸ ਹਜਾਰ ਬਣਿਆ ਨਹੀਂ ਤੇ ਤੀਵੀਂ ਉਹਦੇ ਘਰ ਆਈ ਨਹੀਂ। ਤੀਵੀਂ ਦੀ ਆਸ ਵਿੱਚ ਉਹ ਅੱਕਦਾ-ਥੱਕਦਾ ਨਹੀਂ ਸੀ। ਉਹ ਸੋਚਦਾ, ਇੱਕ ਵਾਰੀ ਉਹਦੇ ਘਰ ਕੋਈ ਤੀਵੀਂ ਆ ਜਾਵੇ ਸਹੀ, ਉਹ ਦੁੱਗਣੀ ਕਮਾਈ ਕਰਿਆ ਕਰੇਗਾ। ਜਿਉਂਦਿਆਂ ਵਿੱਚ ਹੋ ਜਾਵੇਗਾ। ਸਰੀਕਾਂ ਦੇ ਮਿਹਣੇ ਮੁੱਕ ਜਾਣਗੇ। ਵਿਹੜੇ ਵਾਲੀ ਨਿੰਮ ਨੂੰ ਇੱਕ ਦਿਨ ਪਤਾਸੇ ਜਰੂਰ ਲੱਗਣਗੇ।
ਬਚਨਾ ਨਿਹਾਲ ਸਿੰਘ ਦੇ ਸਰੀਕੇ ਵਿੱਚੋਂ ਸੀ। ਚਾਹੇ ਉਹ ਆਂਢ-ਗੁਆਂਢ ਵਿੱਚ ਕਿਸੇ ਕੁੜੀ-ਬਹੂ ਵੱਲ ਅੱਖ ਭਰ ਕੇ ਨਹੀਂ ਕਦੇ ਝਾਕਿਆ ਸੀ, ਪਰ ਉਹਦੇ ਘਰ ਕਦੇ ਕਦੇ ਓਪਰੇ ਬੰਦੇ ਆਉਂਦੇ। ਰਾਤ ਪਈ ਤੋਂ ਆਉਂਦੇ ਤੜਕੇ ਮੂੰਹ-ਹਨੇਰੇ ਹੀ ਨਿੱਕਲ ਜਾਂਦੇ। ਉਹਨਾਂ ਨਾਲ ਕੋਈ ਤੀਵੀਂ ਵੀ ਹੁੰਦੀ। ਛੜੇ ਗੁਆਂਢ ਦਾ ਸੌ ਦੁੱਖ, ਨੰਬਰਦਾਰ ਚਿਤਾਰਦਾ। ਉਹ ਪੋਤੇ-ਪੋਤੀਆਂ ਵਾਲਾ ਖਾਨਦਾਨੀ ਬੰਦਾ ਸੀ। ਬਚਨੇ ਦਾ ਘਰ ਵਸਾਉਣ ਲਈ ਉਹ ਬਚਨੇ ਨਾਲੋਂ ਵੀ ਵੱਧ ਫਿਕਰ ਕਰਦਾ। ਆਖਦਾ- ‘‘ਸਰੀਕ ਤਾਂ ਵੱਸਦਾ ਰਸਦਾ ਚੰਗਾ।’’
ਅੱਜ ਬਚਨਾ ਪਿੰਡਾਂ ਵਿੱਚ ਨਹੀਂ ਗਿਆ ਸੀ। ਉਹਦਾ ਸਰੀਰ ਢਿੱਲਾ ਸੀ। ਜਿਵੇਂ ਕਣਸ ਹੋਵੇ। ਲੌਂਗਾਂ ਵਾਲੀ ਚਾਹ ਪੀ ਕੇ ਉਹ ਚਾਦਰਾ ਤਾਈਂ ਵਿਹੜੇ ਦੀ ਇੱਕ ਗੁੱਠ ਵਿੱਚ ਅਲਾਣੀ ਮੰਜੀ ਉੱਤੇ ਮੁੰਹ-ਸਿਰ ਵਟੀਪਿਆ ਸੀ। ਨੰਬਰਦਾਰ ਨੇ ਉਹਨੂੰ ਝੰਜੋੜਿਆ ਤਾਂ ਉਹ ਉੱਠ ਕੇ ਬੈਠ ਗਿਆ। ਗੱਲ ਸੁਣੀ ਤਾਂ ਚਾਦਰਾ ਇਕੱਠਾ ਕਰਕੇ ਪੈਂਦਾ ਉੱਤੇ ਰੱਖ ਦਿੱਤਾ। ਅਗਵਾੜੀਆਂ ਭੰਨਣ ਲੱਗਿਆ।
ਨੰਬਰਦਾਰ ਕਹਿੰਦਾ- ‘‘ਗੁਰਬਚਨ ਸਿਆਂ ਭਰਾਵਾ, ਸਲਾਹਾਂ ਜੀਆਂ ਤਾਂ ਕਰ ਨਾ, ਬਸ ਉੱਠ ਕੇ ਤੁਰ ਚੱਲ। ਖੁੰਝਿਆ ਵਖਤ ਮੁੜ ਕੇ ਹੱਥ ਨੀਂ ਔਣਾ।’’
ਅਕਾਲਸਰ ਤੋਂ ਸੁਖਾਨੰਦ ਮੰਡੀ ਨੇੜੇ ਹੀ ਸੀ। ਪੱਕੀ ਲਿੰਕ ਸੜਕ। ਦੋਵਾਂ ਕੋਲ ਆਪਣੇ-ਆਪਣੇ ਸਾਈਕਲ। ਉਹ ਤਾਂ ਫਿੜਕੇ ਵਾਂਗ ਥਾਣੇ ਜਾ ਵੱਜੇ। ਏਸ ਦੌਰਾਨ ਰੋਹਿਤ ਨੇ ਸਜਾਤਾ ਤੋਂ ਹੋਰ ਵੀ ਕਈ ਗੱਲਾਂ ਪੁੱਛ ਕੇ ਥਾਣੇਦਾਰ ਨੂੰ ਦੱਸੀਆਂ ਸਨ। ਥਾਣੇਦਾਰ ਗੱਲ ਸੁਣਦਾ ਤੇ ਹੱਸਣ ਲੱਗਦਾ। ਕੇਸਰੀ ਪੱਗਾਂ ਵਾਲੇ, ਜੋ ਓਸੇ ਮੰਡੀ ਦੇ ਨੌਜਵਾਨ ਸਨ, ਕੁਝ ਸਮੇਂ ਲਈ ਚਾਹ-ਪਾਣੀ ਪੀਣ ਆਪਣੇ ਘਰਾਂ ਨੂੰ ਉੱਠ ਗਏ ਸਨ। ਭੀੜ ਵੀ ਜਾ ਚੁੱਕੀ ਸੀ।
ਇਕ ਕਾਗਜ ਉੱਤੇ ਥਾਣੇਦਾਰ ਨੇ ਮੁਣਸੀ ਤੋਂ ਸੁਜਾਤਾ ਦਾ ਬਿਆਨ ਲਿਖਵਾ ਲਿਆ। ਸੁਜਾਤਾ ਨੇ ਅੰਗਰੇਜੀ ਅੱਖਰਾਂ ਵਿੱਚ ਆਪਣਾ ਨਾਉਂ ਲਿਖਿਆ। ਫੇਰ ਗੁਰਬਚਨ ਸਿੰਘ ਦਾ ਬਿਆਨ ਲਿਖਿਆ। ਉਹਨੇ ਪੰਜਾਬੀ ਵਿੱਚ ਦਸਖਤ ਕੀਤੇ। ਦੋਵੇਂ ਨੌਜਵਾਨਾਂ ਤੇ ਨੰਬਰਦਾਰ ਨਿਹਾਲ ਸਿੰਘ ਨੇ ਗਵਾਹੀਆਂ ਪਾ ਦਿੱਤੀਆਂ।
ਉਹ ਤੁਰਨ ਲੱਗੇ ਤਾਂ ਥਾਣੇਦਾਰ ਬੋਲਿਆ- ‘‘ਗੁਰਬਚਨ ਸਿਆਂ, ਇਹਨੂੰ ਨਿਆਣਾ-ਨਿੱਕਾ ਵੀ ਹੋਣੈ। ਫੇਰ ਨਾ ਕਹੀਂ, ਬਈ…’’
‘‘ਇਹ ਤਾਂ ਹੋਰ ਵੀ ਚੰਗੀ ਗੱਲ ਐ ਸਰਦਾਰ ਜੀ। ਛੇਤੀ ਮਿਲ ਜੂ ਗਾ ਜੁਆਕ।’’ ਬਚਨੇ ਨੂੰ ਸਭ ਮਨਜੂਰ ਸੀ।
ਰੋਹਿਤ ਆਖ ਰਿਹਾ ਸੀ, ‘‘ਅਮਾਰ ਵਾੜੀ ਕੀ ਜੜੇਂ ਤੁਮਾਰ ਵਾੜੀ ਮੇਂ ਲਗ ਰਹੀ ਹੈਂ, ਖੁਸੀ ਕੀ ਬਾਤ, ਬਈ।’’
ਥਾਣੇਦਾਰ ਕਹਿੰਦਾ, ‘‘ਸਾਡੇ ਸਿਪਾਹੀਆਂ ਦੇ ਲੱਡੂ, ਨੰਬਰਦਾਰਾ?’’
ਨੰਬਰਦਾਰ ਸਾਰਾ ਇੰਤਜਾਮ ਕਰਕੇ ਆਇਆ ਸੀ। ਉਹਨੇ ਚਾਰ ਬੋਤਲਾਂ ਦੇ ਪੈਸੇ ਗਿਣ ਕੇ ਮੁਣਸੀ ਨੂੰ ਫੜਾ ਦਿੱਤੇ।
ਬਚਨੇ ਦੇ ਸਾਈਕਲ ਮਗਰ ਸੁਜਾਤਾ ਤੇ ਨੰਬਰਦਾਰ ਦੇ ਸਾਈਕਲ ਮਗਰ ਦਾਰੂ ਦੇ ਤੌੜੇ ਵਾਲਾ ਬੰਦਾ, ਸੁਖਾਨੰਦ ਮੰਡੀ ਝੰਗ-ਸਿਆਲ ਬਣ ਉੱਠੀ।

Read News Paper

Related articles

spot_img

Recent articles

spot_img