ਸਿਡਨੀ/ਪੰਜਾਬ ਪੋਸਟ
ਇੱਕ ਵੱਡੇ ਦਹਿਸ਼ਤੀ ਹਮਲੇ ਤਹਿਤ ਆਸਟਰੇਲੀਆ ਦੇ ਸ਼ਹਿਰ ਸਿਡਨੀ ਦੇ ਮਸ਼ਹੂਰ ਬੌਂਡੀ ਬੀਚ ’ਤੇ ਦੋ ਬੰਦੂਕਧਾਰੀਆਂ ਨੇ ਯਹੂਦੀਆਂ ਦੇ ਇਕ ਪ੍ਰੋਗਰਾਮ ’ਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਜਿਸ ’ਚ 16 ਵਿਅਕਤੀ ਮਾਰੇ ਗਏ। ਆਸਟਰੇਲੀਆ ਦੇ ਅਧਿਕਾਰੀਆਂ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ। ਪੁਲੀਸ ਦੀ ਕਾਰਵਾਈ ’ਚ ਇੱਕ ਹਮਲਾਵਰ ਮਾਰਿਆ ਗਿਆ; ਦੂਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਸੂਬੇ ਦੇ ਪੁਲੀਸ ਕਮਿਸ਼ਨਰ ਐੱਮ ਲੈਨਯੋਨ ਨੇ ਕਿਹਾ ਕਿ ਹਮਲੇ ’ਚ 29 ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚ ਦੋ ਪੁਲੀਸ ਅਧਿਕਾਰੀ ਵੀ ਸ਼ਾਮਲ ਹਨ। ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਣ ਅਤੇ ਘਾਤਕ ਹਥਿਆਰਾਂ ਦੀ ਵਰਤੋਂ ਕਾਰਨ ਕਤਲ ਕਾਂਡ ਨੂੰ ਦਹਿਸ਼ਤੀ ਹਮਲਾ ਐਲਾਨਿਆ ਗਿਆ ਹੈ। ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਕਿ ਇਹ ਹਮਲਾ ਸਿਡਨੀ ਦੇ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਸੈਂਕੜੇ ਲੋਕ ਬੌਂਡੀ ਬੀਚ ’ਤੇ ‘ਸਮੁੰਦਰ ਨੇੜੇ ਚਾਨੂਕਾ’ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ ਜਿਸ ਨੂੰ ਯਹੂਦੀਆਂ ਦੇ ਹਾਨੂਕਾ ਤਿਉਹਾਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਅਤੇ ਇਸੇ ਦੌਰਾਨ ਇਹ ਹਮਲਾ ਕੀਤਾ ਗਿਆ।







