ਮੈਡਰਿਡ/ਪੰਜਾਬ ਪੋਸਟ
ਯੂਰਪੀ ਦੇਸ਼ ਸਪੇਨ ਦੇ ਦੱਖਣੀ ਹਿੱਸੇ ‘ਚ ਇਸ ਵੇਲੇ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਰੇਲਗੱਡੀ ਲੀਹੋਂ ਲੱਥਣ ਮਗਰੋਂ ਉਲਟ ਦਿਸ਼ਾ ਵਿੱਚ ਪਟੜੀ ‘ਤੇ ਚੜ੍ਹ ਗਈ ਅਤੇ ਸਾਹਮਣਿਓਂ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਇਸ ਹਾਦਸੇ ਵਿਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਲਗਪਗ 300 ਯਾਤਰੀਆਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਦਾ ਆਖਰੀ ਹਿੱਸਾ ਸਥਾਨਕ ਸਮੇਂ ਅਨੁਸਾਰ ਸ਼ਾਮ 7:45 ਵਜੇ ਕੋਰਡੋਬਾ ਨੇੜੇ ਲੀਹੋਂ ਲੱਥ ਗਿਆ ਅਤੇ ਮੈਡਰਿਡ ਤੋਂ ਦੱਖਣੀ ਸਪੈਨਿਸ਼ ਸ਼ਹਿਰ ਹੁਏਲਵਾ ਜਾ ਰਹੀ ਲਗਪਗ 200 ਯਾਤਰੀਆਂ ਵਾਲੀ ਰੇਲਗੱਡੀ ਨਾਲ ਟਕਰਾ ਗਿਆ। ਸਪੇਨ ਦੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਮ੍ਰਿਤਕਾਂ ਦੀ ਗਿਣਤੀ 21 ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਦੌਰਾਨ ਬਾਕੀ ਬਚੇ ਹੋਏ ਲੋਕਾਂ ਨੂੰ ਕੱਢ ਲਿਆ ਹੈ। ਪੁਏਂਤੇ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਮੰਤਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।







