(ਬ੍ਰਿਟਿਸ਼ ਕੋਲੰਬੀਆ/ਪੰਜਾਬ ਪੋਸਟ)ਪਰਵਾਸ ਪੱਖੋਂ ਪੰਜਾਬੀਆਂ ਦੀ ਪਹਿਲੀ ਪਸੰਦ ਵਜੋਂ ਜਾਣੇ ਜਾਂਦੇ ਦੇਸ਼ ਕੈਨੇਡਾ ਵਿੱਚ ਹੋਈਆਂ ਤਾਜ਼ਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬੀ ਭਾਈਚਾਰੇ ਨੇ ਇੱਕ ਵਾਰ ਫਿਰ ਵੱਡੀ ਜਿੱਤ ਹਾਸਿਲ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ (ਬੀਸੀ) ਦੀਆਂ ਸੂਬਾਈ ਚੋਣਾਂ ਵਿਚ ਪੰਜਾਬੀ ਮੂਲ ਦੇ ਦਸ ਉਮੀਦਵਾਰ ਆਪੋ ਆਪਣੇ ਖੇਤਰ ਤੋਂ ਜੇਤੂ ਰਹੇ ਹਨ। ਉਂਝ ਇਨ੍ਹਾਂ ਚੋਣਾਂ ਵਿਚ ਨਿਊ ਡੈਮੋਕਰੈਟਿਕ ਪਾਰਟੀ ਤੇ ਕੰਜ਼ਰਵੇਟਿਵ ਵਿਚਾਲੇ ਫ਼ਸਵਾਂ ਮੁਕਾਬਲਾ ਹੈ। ਡੈਵਿਡ ਐਬੀ ਦੀ ਅਗਵਾਈ ਵਾਲੀ ਐੱਨਡੀਪੀ ਨੇ 46 ਅਤੇ ਜੌਹਨ ਰਸਟਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਨੇ 45 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਗ੍ਰੀਨ ਪਾਰਟੀ ਬ੍ਰਿਟਿਸ਼ ਕੋਲੰਬੀਆ ਦੇ 93 ਮੈਂਬਰੀ ਸਦਨ ਵਿਚ ਸਿਰਫ਼ ਦੋ ਸੀਟਾਂ ਜਿੱਤਣ ਵਿਚ ਸਫ਼ਲ ਰਹੀ ਹੈ। ਇਨਾਂ ਚੋਣਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਵਿੱਚ ਰਵੀ ਕਾਹਲੋਂ, ਰਾਜ ਚੌਹਾਨ, ਜਗਰੂਪ ਬਰਾੜ, ਮਨਦੀਪ ਧਾਲੀਵਾਲ, ਰਵੀ ਪਰਮਾਰ, ਸੁਨੀਤਾ ਧੀਰ, ਰੀਆ ਅਰੋੜਾ, ਹਰਵਿੰਦਰ ਕੌਰ ਸੰਧੂ, ਨਿੱਕੀ ਸ਼ਰਮਾ ਅਤੇ ਹਰਮਨ ਸਿੰਘ ਭੰਗੂ ਦੇ ਨਾਂਅ ਸ਼ਾਮਲ ਹਨ।







