ਸਿਡਨੀ/ਪੰਜਾਬ ਪੋਸਟ
ਆਸਟਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਦੇ ਬਾਸ ਹਿੱਲ ਇਲਾਕੇ ਵਿੱਚ ਚੱਲ ਰਹੀਆਂ ਤਿੰਨ ਰੋਜ਼ਾ 37ਵੀਆਂ ਸਿੱਖ ਖੇਡਾਂ ਦਾ ਦੂਜਾ ਦਿਨ ਰਿਕਾਰਡ ਗਿਣਤੀ ‘ਚ ਪਹੁੰਚੇ ਦਰਸ਼ਕਾਂ ਦੇ ਨਾਂਅ ਰਿਹਾ। ਸਵੇਰ ਤੋਂ ਹੀ ਦਰਸ਼ਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ ਜੋ ਸ਼ਾਮ ਤੱਕ ਬਰਕਰਾਰ ਰਹੀ। ਸਿੱਖ ਖੇਡਾਂ ਵਿੱਚ ਛੋਟੇ ਬੱਚਿਆਂ ਅਤੇ ਵੱਡਿਆਂ ਨੇ ਖੇਡਾਂ ਵਿੱਚ ਆਪਣੀ ਗਿੱਧਾ ਭੰਗੜਾ ਦੀ ਪ੍ਰਾਫਰਮੈਂਸ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਇਸੇ ਤਰਾਂ, ਹਾਕੀ, ਵਾਲੀਬਾਲ, ਸੌਕਰ, ਕਬੱਡੀ , ਬਾਸਕਟਬਾਲ ਦੀਆਂ ਟੀਮਾਂ ਨੇ ਵੀ ਆਪਣੀਆਂ ਖੇਡਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਮੌਕੇ ਲੰਗਰਾਂ ਦੇ ਪ੍ਰਬੰਧਾਂ ਨੇ ਦਰਸ਼ਕਾਂ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। 37ਵੀਆਂ ਸਿੱਖ ਖੇਡਾਂ ਵਿੱਚ ਪਹਿਲੀ ਵਾਰ ਵਾਲੀਬਾਲ ਵਿੱਚ ਕੁੜੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡਾਂ ਨੂੰ ਸੰਪੂਰਨ ਰੂਪ ਵਿੱਚ ਨੇਪਰੇ ਚਾੜਨ ਲਈ ਆਸਟ੍ਰੇਲੀਆਈ ਸਰਕਾਰ, ਸਥਾਨਕ ਕੌਂਸਲ, ਪ੍ਰਸ਼ਾਸਨ, ਗੁਰੂ ਘਰਾਂ, ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਬੈਡਮਿੰਟਨ, ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਤਿੰਨ ਦਿਨਾਂ ਦੇ ਇਸ ਆਯੋਜਨ ਖੇਡ ਵਿੱਚ ਆਸਟ੍ਰੇਲੀਆਂ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਕਲੱਬ ਹਿੱਸਾ ਲੈ ਰਹੇ ਹਨ। ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱਖ ਫੋਰਮ ਅਤੇ ਸੱਭਿਆਚਾਰਕ ਵੰਨਗੀਆਂ ਦੇ ਅੰਸ਼ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਕੁੱਲ 15 ਖੇਡਾਂ ਵਿੱਚ 6000 ਖਿਡਾਰੀਆਂ ਦੇ ਨਾਲ ਭਾਈਚਾਰੇ ਦੇ ਲੱਗਭੱਗ ਡੇਢ ਲੱਖ ਲੋਕਾਂ ਵੱਲੋਂ ਭਰਪੂਰ ਆਨੰਦ ਮਾਣਿਆ ਜਾ ਰਿਹਾ ਹੈ।
ਆਸਟਰੇਲੀਆ ਦੀਆਂ 37ਵੀਆਂ ਸਿੱਖ ਖੇਡਾਂ ਦੇ ਦੂਜੇ ਦਿਨ ਦਰਸ਼ਕਾਂ ਦਾ ਬਣਿਆ ਰਿਕਾਰਡ

Published:






