ਹਾਕੀ ਦੇ ਮੈਦਾਨ ਵਿੱਚ ਕਈ ਖਿਡਾਰੀ ਆਏ, ਕਈਆਂ ਨੇ ਗੋਲ ਕੀਤੇ ਅਤੇ ਕਈਆਂ ਨੇ ਤਮਗੇ ਜਿੱਤੇ, ਪਰ ਕੁਝ ਖਿਡਾਰੀ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਖੇਡ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਕਹਾਣੀ ਖਤਮ ਨਹੀਂ ਹੁੰਦੀ। ਮੇਜਰ ਧਿਆਨ ਚੰਦ ਅਜਿਹਾ ਹੀ ਨਾਮ ਹੈ। ਉਨ੍ਹਾਂ ਨੂੰ ਭਾਰਤੀ ਹਾਕੀ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀ ਖੇਡ ਵਿੱਚ ਗੇਂਦ ਉੱਤੇ ਕਾਬੂ, ਤੇਜੀ, ਸਹੀ ਪਾਸ ਅਤੇ ਗੋਲ ਕਰਨ ਦੀ ਕਲਾ ਇੰਨੀ ਬੇਮਿਸਾਲ ਸੀ ਕਿ ਉਨ੍ਹਾਂ ਨੂੰ ‘‘ਹਾਕੀ ਦਾ ਜਾਦੂਗਰ’’ ਕਿਹਾ ਜਾਣ ਲੱਗਾ। ਭਾਰਤ ਸਰਕਾਰ ਵੀ ਉਨ੍ਹਾਂ ਨੂੰ ਭਾਰਤ ਦੇ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਕਰਦੀ ਹੈ ਅਤੇ ਉਨ੍ਹਾਂ ਦੇ ਸਨਮਾਨ ਵਿੱਚ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ।
ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ, ਅੱਜ ਦੇ ਪ੍ਰਯਾਗਰਾਜ, ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸਮੇਸ਼ਵਰ ਸਿੰਘ ਭਾਰਤੀ ਫੌਜ ਵਿੱਚ ਸਨ ਅਤੇ ਪਰਿਵਾਰ ਦਾ ਜੀਵਨ ਫੌਜ ਨਾਲ ਜੁੜਿਆ ਹੋਇਆ ਸੀ। ਧਿਆਨ ਚੰਦ ਦਾ ਬਚਪਨ ਵੀ ਵੱਖ-ਵੱਖ ਥਾਵਾਂ ’ਤੇ ਬੀਤਿਆ, ਕਿਉਂਕਿ ਪਿਤਾ ਦੀ ਨੌਕਰੀ ਕਾਰਨ ਪਰਿਵਾਰ ਨੂੰ ਤਬਾਦਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਦਿਲਚਸਪ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਬਾਅਦ ਵਿੱਚ ਦੁਨੀਆ ‘‘ਹਾਕੀ ਦਾ ਜਾਦੂਗਰ’’ ਕਹਿਣ ਲੱਗੀ, ਉਸ ਨੇ ਬਚਪਨ ਵਿੱਚ ਹਾਕੀ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਬਣਾਇਆ ਸੀ। ਭਾਰਤ ਸਰਕਾਰ ਦੇ ਇੱਕ ਅਧਿਕਾਰਕ ਵੇਰਵੇ ਅਨੁਸਾਰ ਧਿਆਨ ਚੰਦ ਨੇ ਲਗਭਗ 16 ਸਾਲ ਦੀ ਉਮਰ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ 1922 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਇਸ ਖੇਡ ਵਿੱਚ ਆਪਣੀ ਕਲਾ ਨੂੰ ਨਿਖਾਰਨ ਦਾ ਵੱਡਾ ਮੌਕਾ ਮਿਲਿਆ।
ਫੌਜ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਨੌਕਰੀ ਦੇ ਨਾਲ ਉਨ੍ਹਾਂ ਨੂੰ ਹਾਕੀ ਖੇਡਣ ਅਤੇ ਅਭਿਆਸ ਕਰਨ ਦਾ ਮੌਕਾ ਮਿਲਿਆ। ਉਹ ਘੰਟਿਆਂ ਤੱਕ ਅਭਿਆਸ ਕਰਦੇ ਰਹੇ। ਉਨ੍ਹਾਂ ਲਈ ਹਾਕੀ ਸਿਰਫ ਮੈਚ ਵਾਲੇ ਦਿਨ ਖੇਡਣ ਵਾਲੀ ਖੇਡ ਨਹੀਂ ਸੀ। ਇਹ ਇੱਕ ਅਜਿਹਾ ਹੁਨਰ ਸੀ ਜਿਸ ਨੂੰ ਹਰ ਰੋਜ ਮਿਹਨਤ ਨਾਲ ਹੋਰ ਬਿਹਤਰ ਬਣਾਉਣਾ ਸੀ। ਹੌਲੀ-ਹੌਲੀ ਉਨ੍ਹਾਂ ਦੀ ਖੇਡ ਦੀ ਚਰਚਾ ਫੌਜ ਤੋਂ ਬਾਹਰ ਵੀ ਹੋਣ ਲੱਗੀ ਅਤੇ ਉਹ ਭਾਰਤੀ ਹਾਕੀ ਦੇ ਚੁਣੇ ਹੋਏ ਖਿਡਾਰੀਆਂ ਵਿੱਚ ਸ਼ਾਮਲ ਹੋ ਗਏ। 1926 ਵਿੱਚ ਉਹ ਭਾਰਤੀ ਫੌਜ ਦੀ ਹਾਕੀ ਟੀਮ ਨਾਲ ਨਿਊਜੀਲੈਂਡ ਦੌਰੇ ’ਤੇ ਗਏ। ਇਹ ਦੌਰਾ ਉਨ੍ਹਾਂ ਦੇ ਖੇਡ ਜੀਵਨ ਲਈ ਇੱਕ ਵੱਡਾ ਮੋੜ ਸਾਬਤ ਹੋਇਆ।
ਉੱਥੇ ਉਨ੍ਹਾਂ ਦੀ ਖੇਡ ਨੇ ਦਰਸ਼ਕਾਂ ਅਤੇ ਹਾਕੀ ਨਾਲ ਜੁੜੇ ਲੋਕਾਂ ਦਾ ਧਿਆਨ ਖਿੱਚਿਆ। ਵਾਪਸੀ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਭਾਰਤੀ ਹਾਕੀ ਖਿਡਾਰੀ ਵਜੋਂ ਨਿੱਖਰ ਕੇ ਸਾਹਮਣੇ ਆਈ। ਫਿਰ ਆਇਆ 1928 ਦਾ ਐਮਸਟਰਡਮ ਓਲੰਪਿਕ। ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤਿਆ ਅਤੇ ਧਿਆਨ ਚੰਦ ਇਸ ਜਿੱਤ ਦੇ ਮਹੱਤਵਪੂਰਨ ਖਿਡਾਰੀ ਸਨ। ਓਲੰਪਿਕ ਵਿੱਚ ਉਨ੍ਹਾਂ ਦੀ ਗੇਂਦ ਉੱਤੇ ਪਕੜ ਅਤੇ ਗੋਲ ਕਰਨ ਦੀ ਸਮਰੱਥਾ ਨੇ ਭਾਰਤੀ ਹਾਕੀ ਨੂੰ ਵਿਸ਼ਵ ਪੱਧਰ ’ਤੇ ਇੱਕ ਨਵੀਂ ਪਛਾਣ ਦਿੱਤੀ। ਇਹ ਭਾਰਤੀ ਹਾਕੀ ਦੇ ਉਸ ਸੁਨਹਿਰੀ ਦੌਰ ਦੀ ਸ਼ੁਰੂਆਤ ਸੀ ਜਿਸ ਵਿੱਚ ਦੁਨੀਆ ਦੀਆਂ ਵੱਡੀਆਂ ਟੀਮਾਂ ਭਾਰਤ ਨੂੰ ਇੱਕ ਤਾਕਤਵਰ ਹਾਕੀ ਦੇਸ਼ ਵਜੋਂ ਦੇਖਣ ਲੱਗੀਆਂ।
1932 ਵਿੱਚ ਲਾਸ ਐਂਜਲਸ ਓਲੰਪਿਕ ਵਿੱਚ ਭਾਰਤ ਨੇ ਫਿਰ ਸੋਨ ਤਗਮਾ ਜਿੱਤਿਆ। ਇਸ ਦੌਰ ਤੱਕ ਧਿਆਨ ਚੰਦ ਦੀ ਪਛਾਣ ਸਿਰਫ ਭਾਰਤ ਵਿੱਚ ਨਹੀਂ ਰਹੀ ਸੀ। ਵਿਦੇਸ਼ੀ ਮੈਦਾਨਾਂ ਵਿੱਚ ਵੀ ਉਨ੍ਹਾਂ ਦੀ ਖੇਡ ਦੀ ਚਰਚਾ ਹੋ ਰਹੀ ਸੀ। ਭਾਰਤ ਸਰਕਾਰ ਦੇ ਰਿਕਾਰਡ ਵਿੱਚ ਦਰਜ ਹੈ ਕਿ ਉਨ੍ਹਾਂ ਨੇ 1932 ਦੀ ਓਲੰਪਿਕ ਜਿੱਤ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਪਰ ਧਿਆਨ ਚੰਦ ਦੀ ਕਹਾਣੀ ਦਾ ਸਭ ਤੋਂ ਚਮਕਦਾਰ ਅਧਿਆਇ 1936 ਦੇ ਬਰਲਿਨ ਓਲੰਪਿਕ ਨਾਲ ਜੁੜਿਆ ਹੈ। ਇਸ ਵਾਰ ਉਹ ਭਾਰਤੀ ਟੀਮ ਦੇ ਕਪਤਾਨ ਸਨ। ਫਾਈਨਲ ਵਿੱਚ ਭਾਰਤ ਦਾ ਸਾਹਮਣਾ ਜਰਮਨੀ ਨਾਲ ਹੋਇਆ। ਭਾਰਤ ਨੇ 8-1 ਨਾਲ ਜਿੱਤ ਦਰਜ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ। ਧਿਆਨ ਚੰਦ ਨੇ ਇਸ ਫਾਈਨਲ ਵਿੱਚ ਛੇ ਗੋਲ ਕੀਤੇ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨਾਲ ਜੁੜੇ ਅਧਿਕਾਰਕ ਵੇਰਵੇ ਵਿੱਚ ਵੀ 1936 ਦੇ ਬਰਲਿਨ ਓਲੰਪਿਕ ਵਿੱਚ ਉਨ੍ਹਾਂ ਦੀ ਇਸ ਸ਼ਾਨਦਾਰ ਭੂਮਿਕਾ ਦਾ ਜ਼ਿਕਰ ਮਿਲਦਾ ਹੈ। ਉਸ ਦੌਰ ਵਿੱਚ ਉਨ੍ਹਾਂ ਦੀ ਖੇਡ ਬਾਰੇ ਕਈ ਕਹਾਣੀਆਂ ਪ੍ਰਚਲਿਤ ਹੋਈਆਂ। ਕਿਹਾ ਜਾਂਦਾ ਸੀ ਕਿ ਗੇਂਦ ਉਨ੍ਹਾਂ ਦੀ ਸਟਿਕ ਨਾਲ ਇਸ ਤਰ੍ਹਾਂ ਚਿਪਕੀ ਰਹਿੰਦੀ ਸੀ ਜਿਵੇਂ ਕੋਈ ਅਦਿੱਖ ਤਾਕਤ ਉਸ ਨੂੰ ਕਾਬੂ ਕਰ ਰਹੀ ਹੋਵੇ। ਇੱਥੋਂ ਤੱਕ ਕਿ ਉਨ੍ਹਾਂ ਦੀ ਸਟਿਕ ਵਿੱਚ ਚੁੰਬਕ ਹੋਣ ਦੀਆਂ ਗੱਲਾਂ ਵੀ ਕੀਤੀਆਂ ਗਈਆਂ। ਸਰਕਾਰੀ ਵੇਰਵਿਆਂ ਵਿੱਚ ਵੀ ਇਹ ਦਰਜ ਹੈ ਕਿ ਬਰਲਿਨ ਵਿੱਚ ਉਨ੍ਹਾਂ ਦੀ ਅਸਾਧਾਰਣ ਡਿ੍ਰਬਲਿੰਗ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਸ਼ੱਕ ਦੂਰ ਕਰਨ ਲਈ ਮੈਚ ਦੌਰਾਨ ਆਪਣੀ ਸਟਿਕ ਬਦਲ ਦਿੱਤੀ ਸੀ।
ਪਰ ਧਿਆਨ ਚੰਦ ਦੀ ਮਹਾਨਤਾ ਸਿਰਫ ਗੋਲਾਂ ਦੀ ਗਿਣਤੀ ਵਿੱਚ ਨਹੀਂ ਸੀ। ਉਹ ਮੈਦਾਨ ਨੂੰ ਪੜ੍ਹਦੇ ਸਨ। ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਸਾਥੀ ਖਿਡਾਰੀ ਕਿੱਥੇ ਹੈ, ਵਿਰੋਧੀ ਕਿੱਥੇ ਖੜ੍ਹਾ ਹੈ ਅਤੇ ਅਗਲਾ ਪਾਸ ਕਿਸ ਪਾਸੇ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਖੇਡ ਵਿੱਚ ਗਤੀ ਦੇ ਨਾਲ ਸੋਚ ਵੀ ਸੀ। ਇਹੀ ਗੁਣ ਉਨ੍ਹਾਂ ਨੂੰ ਸਿਰਫ ਇੱਕ ਵਧੀਆ ਗੋਲ ਕਰਨ ਵਾਲੇ ਖਿਡਾਰੀ ਤੋਂ ਉੱਪਰ ਲੈ ਗਿਆ।
ਉਨ੍ਹਾਂ ਦੇ ਖੇਡ ਜੀਵਨ ਨਾਲ ਇੱਕ ਹੋਰ ਦਿਲਚਸਪ ਗੱਲ ਜੁੜੀ ਹੈ। ਭਾਰਤ ਸਰਕਾਰ ਦੇ ਇੱਕ ਅਧਿਕਾਰਕ ਵੇਰਵੇ ਅਨੁਸਾਰ 1926 ਤੋਂ 1948 ਤੱਕ ਦੇ ਆਪਣੇ ਖੇਡ ਜੀਵਨ ਵਿੱਚ ਉਨ੍ਹਾਂ ਨੇ 1,000 ਤੋਂ ਵੱਧ ਗੋਲ ਕੀਤੇ। ਇਹ ਅੰਕੜਾ ਉਨ੍ਹਾਂ ਦੀ ਲੰਬੀ ਅਤੇ ਬੇਮਿਸਾਲ ਗੋਲ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੀ ਖੇਡ ਨੂੰ ਦੇਖਣ ਵਾਲਿਆਂ ਵਿੱਚ ਵਿਦੇਸ਼ੀ ਖਿਡਾਰੀ ਅਤੇ ਖੇਡ-ਪ੍ਰੇਮੀ ਵੀ ਸ਼ਾਮਲ ਸਨ। ਆਸਟਰੀਆ ਵਿੱਚ ਉਨ੍ਹਾਂ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਮੂਰਤੀ ਚਾਰ ਹੱਥਾਂ ਵਿੱਚ ਚਾਰ ਹਾਕੀ ਸਟਿਕਾਂ ਨਾਲ ਬਣਾਏ ਜਾਣ ਦਾ ਜ਼ਿਕਰ ਭਾਰਤ ਸਰਕਾਰ ਦੇ ਇਤਿਹਾਸਕ ਵੇਰਵੇ ਵਿੱਚ ਮਿਲਦਾ ਹੈ। ਇਹ ਘਟਨਾ ਭਾਵੇਂ ਅੱਜ ਸੁਣਨ ਵਿੱਚ ਅਸਾਧਾਰਣ ਲੱਗਦੀ ਹੈ, ਪਰ ਇਹ ਉਸ ਸਮੇਂ ਉਨ੍ਹਾਂ ਦੀ ਖੇਡ ਨਾਲ ਜੁੜੀ ਅੰਤਰ-ਰਾਸ਼ਟਰੀ ਪ੍ਰਸਿੱਧੀ ਦੀ ਇੱਕ ਝਲਕ ਦਿੰਦੀ ਹੈ।
ਧਿਆਨ ਚੰਦ ਦਾ ਸੁਭਾਅ ਉਨ੍ਹਾਂ ਦੀ ਖੇਡ ਜਿੰਨਾ ਹੀ ਚਰਚਿਤ ਰਿਹਾ। ਇੰਨੀ ਵੱਡੀ ਪ੍ਰਸਿੱਧੀ ਦੇ ਬਾਵਜੂਦ ਉਨ੍ਹਾਂ ਦੀ ਪਛਾਣ ਇੱਕ ਸਾਦੇ ਅਤੇ ਅਨੁਸ਼ਾਸਿਤ ਵਿਅਕਤੀ ਵਜੋਂ ਰਹੀ। ਉਨ੍ਹਾਂ ਲਈ ਟੀਮ ਦੀ ਜਿੱਤ ਨਿੱਜੀ ਸ਼ੋਹਰਤ ਤੋਂ ਵੱਡੀ ਸੀ। ਉਹ ਜਾਣਦੇ ਸਨ ਕਿ ਹਾਕੀ ਇਕੱਲੇ ਖਿਡਾਰੀ ਦੀ ਖੇਡ ਨਹੀਂ; ਪੂਰੀ ਟੀਮ ਦੀ ਸਮਝ ਅਤੇ ਸਹਿਯੋਗ ਨਾਲ ਹੀ ਵੱਡੀ ਜਿੱਤ ਹਾਸਲ ਹੁੰਦੀ ਹੈ।
ਉਨ੍ਹਾਂ ਦੇ ਜੀਵਨ ਵਿੱਚ ਦੇਸ਼ ਭਗਤੀ ਵੀ ਖੇਡ ਨਾਲ ਜੁੜੀ ਹੋਈ ਸੀ। ਉਸ ਸਮੇਂ ਭਾਰਤ ਅਜ਼ਾਦ ਨਹੀਂ ਸੀ ਅਤੇ ਅੰਤਰ-ਰਾਸ਼ਟਰੀ ਮੈਦਾਨ ਵਿੱਚ ਭਾਰਤੀ ਟੀਮ ਦੀ ਜਿੱਤ ਸਿਰਫ ਖੇਡ ਦੀ ਜਿੱਤ ਨਹੀਂ ਮੰਨੀ ਜਾਂਦੀ ਸੀ। ਜਦੋਂ ਭਾਰਤੀ ਟੀਮ ਵਿਦੇਸ਼ੀ ਮੈਦਾਨ ਵਿੱਚ ਜਿੱਤਦੀ ਸੀ ਤਾਂ ਭਾਰਤੀਆਂ ਵਿੱਚ ਇੱਕ ਵੱਖਰੀ ਕਿਸਮ ਦਾ ਮਾਣ ਪੈਦਾ ਹੁੰਦਾ ਸੀ। ਧਿਆਨ ਚੰਦ ਉਸ ਦੌਰ ਵਿੱਚ ਭਾਰਤ ਦੇ ਖੇਡ-ਮਾਣ ਦਾ ਇੱਕ ਵੱਡਾ ਚਿਹਰਾ ਬਣ ਗਏ ਸਨ। ਭਾਰਤ ਸਰਕਾਰ ਨੇ ਵੀ ਉਨ੍ਹਾਂ ਨੂੰ ਖੇਡ ਅਤੇ ਰਾਸ਼ਟਰੀ ਮਾਣ ਨਾਲ ਜੋੜਦੇ ਹੋਏ ਯਾਦ ਕੀਤਾ ਹੈ।
1948 ਤੋਂ ਬਾਅਦ ਉਨ੍ਹਾਂ ਦਾ ਸਰਗਰਮ ਅੰਤਰ-ਰਾਸ਼ਟਰੀ ਖੇਡ ਜੀਵਨ ਸਮਾਪਤ ਹੋਇਆ, ਪਰ ਹਾਕੀ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਨਹੀਂ ਹੋਇਆ। ਉਹ ਕੋਚਿੰਗ ਅਤੇ ਖੇਡ ਨਾਲ ਜੁੜੀਆਂ ਗਤੀਵਿਧੀਆਂ ਰਾਹੀਂ ਨਵੀਂ ਪੀੜ੍ਹੀ ਤੱਕ ਆਪਣਾ ਤਜ਼ਰਬਾ ਪਹੁੰਚਾਉਂਦੇ ਰਹੇ। ਉਨ੍ਹਾਂ ਦੇ ਪੁੱਤਰ ਅਸ਼ੋਕ ਕੁਮਾਰ ਨੇ ਵੀ ਅੰਤਰ-ਰਾਸ਼ਟਰੀ ਹਾਕੀ ਖੇਡੀ ਅਤੇ ਭਾਰਤ ਦੀ ਨੁਮਾਇੰਦਗੀ ਕੀਤੀ। 1956 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਇਹ ਉਨ੍ਹਾਂ ਦੇ ਖੇਡ ਜੀਵਨ ਅਤੇ ਭਾਰਤੀ ਖੇਡਾਂ ਵਿੱਚ ਯੋਗਦਾਨ ਦੀ ਵੱਡੀ ਮਾਨਤਾ ਸੀ। 3 ਦਸੰਬਰ 1979 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ, ਪਰ ਉਨ੍ਹਾਂ ਦਾ ਨਾਮ ਭਾਰਤੀ ਖੇਡ ਇਤਿਹਾਸ ਦਾ ਅਟੁੱਟ ਹਿੱਸਾ ਬਣ ਚੁੱਕਾ ਸੀ। ਅੱਜ ਉਨ੍ਹਾਂ ਦਾ ਨਾਮ ਸਿਰਫ ਹਾਕੀ ਦੇ ਇਤਿਹਾਸ ਵਿੱਚ ਨਹੀਂ, ਸਗੋਂ ਭਾਰਤ ਦੀ ਖੇਡ-ਸੱਭਿਆਚਾਰ ਵਿੱਚ ਵੀ ਜਿਉਂਦਾ ਹੈ। 29 ਅਗਸਤ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦੇਸ਼ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। 2021 ਵਿੱਚ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਰੱਖਿਆ ਗਿਆ। ਸਰਕਾਰ ਨੇ ਇਸ ਨੂੰ ਉਨ੍ਹਾਂ ਦੀ ਖੇਡ ਵਿਰਾਸਤ ਲਈ ਸਨਮਾਨ ਦੱਸਿਆ।
ਧਿਆਨ ਚੰਦ ਦੀ ਕਹਾਣੀ ਦਾ ਸਭ ਤੋਂ ਖੂਬਸੂਰਤ ਪੱਖ ਇਹ ਹੈ ਕਿ ਉਹ ਕਿਸੇ ਅਜਿਹੇ ਪਰਿਵਾਰ ਤੋਂ ਨਹੀਂ ਆਏ ਸਨ ਜਿੱਥੇ ਪਹਿਲਾਂ ਹੀ ਹਾਕੀ ਦੀ ਮਹਾਨ ਪ੍ਰੰਪਰਾ ਹੋਵੇ। ਉਨ੍ਹਾਂ ਨੇ ਫੌਜ ਵਿੱਚ ਰਹਿੰਦਿਆਂ ਅਭਿਆਸ ਕੀਤਾ, ਆਪਣੀ ਕਲਾ ਨੂੰ ਹੌਲੀ-ਹੌਲੀ ਨਿਖਾਰਿਆ ਅਤੇ ਫਿਰ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚ ਉੱਤੇ ਆਪਣੀ ਪਛਾਣ ਬਣਾਈ। ਉਨ੍ਹਾਂ ਦੀ ਜ਼ਿੰਦਗੀ ਇਹ ਦੱਸਦੀ ਹੈ ਕਿ ਪ੍ਰਤਿਭਾ ਆਪਣੇ ਆਪ ਵਿੱਚ ਕਾਫੀ ਨਹੀਂ ਹੁੰਦੀ। ਉਸ ਨੂੰ ਅਨੁਸਾਸ਼ਨ, ਲਗਾਤਾਰ ਅਭਿਆਸ ਅਤੇ ਮਕਸਦ ਦੀ ਲੋੜ ਹੁੰਦੀ ਹੈ।
ਮੇਜਰ ਧਿਆਨ ਚੰਦ ਨੇ ਹਾਕੀ ਨੂੰ ਸਿਰਫ ਖੇਡਿਆ ਨਹੀਂ, ਉਨ੍ਹਾਂ ਨੇ ਇਸ ਖੇਡ ਨੂੰ ਆਪਣੀ ਕਲਾ ਬਣਾ ਦਿੱਤਾ। ਉਨ੍ਹਾਂ ਦੇ ਹੱਥ ਵਿੱਚ ਹਾਕੀ ਸਟਿਕ ਸਿਰਫ ਇੱਕ ਖੇਡ ਦਾ ਸਾਮਾਨ ਨਹੀਂ ਰਹੀ; ਉਹ ਉਨ੍ਹਾਂ ਦੀ ਪਛਾਣ ਬਣ ਗਈ। ਉਨ੍ਹਾਂ ਨੇ ਦਿਖਾਇਆ ਕਿ ਇੱਕ ਖਿਡਾਰੀ ਦੀ ਅਸਲ ਮਹਾਨਤਾ ਸਿਰਫ ਇਸ ਗੱਲ ਵਿੱਚ ਨਹੀਂ ਹੁੰਦੀ ਕਿ ਉਹ ਕਿੰਨੇ ਗੋਲ ਕਰਦਾ ਹੈ, ਸਗੋਂ ਇਸ ਵਿੱਚ ਹੁੰਦੀ ਹੈ ਕਿ ਉਸ ਦੇ ਖੇਡਣ ਦਾ ਢੰਗ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੰਨੇ ਸਾਲਾਂ ਤੱਕ ਪ੍ਰੇਰਿਤ ਕਰਦਾ ਹੈ।
ਸ਼ਾਇਦ ਇਸੇ ਲਈ ਧਿਆਨ ਚੰਦ ਦੀ ਕਹਾਣੀ ਅੱਜ ਵੀ ਖਤਮ ਨਹੀਂ ਹੋਈ। ਮੈਦਾਨ ਬਦਲ ਗਏ, ਹਾਕੀ ਦੇ ਨਿਯਮ ਬਦਲ ਗਏ, ਸਟਿਕਾਂ ਅਤੇ ਖੇਡ ਦੀ ਤਕਨੀਕ ਬਦਲ ਗਈ, ਪਰ ਇੱਕ ਨਾਮ ਅਜੇ ਵੀ ਭਾਰਤੀ ਹਾਕੀ ਦੀ ਮਹਾਨਤਾ ਦਾ ਪ੍ਰਤੀਕ ਬਣਿਆ ਹੋਇਆ ਹੈ।
- ਪੰਜਾਬ ਪੋਸਟ







