ਢਾਕਾ/ਪੰਜਾਬ ਪੋਸਟ
ਬੰਗਲਾਦੇਸ਼ ਵਿੱਚ ਆਮ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਆਪਣੇ ਵਿਰੋਧੀ ਜਮਾਤ-ਏ-ਇਸਲਾਮੀ ਨਾਲੋਂ ਕਾਫੀ ਅੱਗੇ ਚੱਲ ਰਹੀ ਹੈ। ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਇਹ ਪਹਿਲੀ ਕੌਮੀ ਚੋਣ ਹੈ। 17.5 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਸਥਿਰਤਾ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਬੇਹੱਦ ਅਹਿਮ ਮੰਨੇ ਜਾ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਵੋਟਾਂ ਦੀ ਗਿਣਤੀ ਸ਼ਾਮ 4:30 ਵਜੇ ਸ਼ੁਰੂ ਹੋਈ ਸੀ ਅਤੇ ਹੁਣ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋਣ ਦੀ ਉਮੀਦ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਬੀ.ਐਨ.ਪੀ 211 ਸੀਟਾਂ ’ਤੇ ਜਿੱਤ ਹਾਸਲ ਕਰ ਚੁੱਕੀ ਹੈ ਅਤੇ ਜਮਾਤ-ਏ-ਇਸਲਾਮੀ 70 ਸੀਟਾਂ ’ਤੇ ਜੇਤੂ ਰਹੀ ਹੈ। ਬੰਗਲਾਦੇਸ਼ ਦੀ ਸੰਸਦ ਵਿੱਚ ਕੁੱਲ 300 ਸੀਟਾਂ ਹਨ ਅਤੇ ਬਹੁਮਤ ਲਈ 151 ਸੀਟਾਂ ਦੀ ਲੋੜ ਹੈ ਅਜਿਹੇ ਵਿੱਚ ਓਥੇ ਬੀ.ਐਨ.ਪੀ ਦੀ ਸਰਕਾਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਗੁਆਂਢੀ ਦੇਸ਼ ਵਿੱਚ ਚੋਣ ਨਤੀਜਿਆਂ ਅਤੇ ਲੋਕਾਂ ਦੇ ਫਤਵੇ ਦਾ ਇੰਤਜ਼ਾਰ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਭਾਰਤ, ਬੰਗਲਾਦੇਸ਼ ਵਿੱਚ ਆਜ਼ਾਦ, ਨਿਰਪੱਖ ਅਤੇ ਭਰੋਸੇਯੋਗ ਚੋਣ ਪ੍ਰਕਿਰਿਆ ਦਾ ਹਾਮੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਸਾਰੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਭਾਰਤ ਉੱਥੋਂ ਦੇ ਮੌਜੂਦਾ ਮੁੱਦਿਆਂ ’ਤੇ ਵਿਚਾਰ ਕਰੇਗਾ।







