ਓਟਾਵਾ/ਪੰਜਾਬ ਪੋਸਟ
ਕੈਨੇਡਾ ਦੀ ਗੁਪਤ ਏਜੰਸੀ (ਸੀਐਸਆਈਐਸ) ਨੇ ਅੱਜ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਭਾਰਤ ’ਤੇ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਦੋਸ਼ ਲਾਇਆ ਹੈ। ਸੀਐਸਆਈਐਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ‘ਅੰਤਰਰਾਸ਼ਟਰੀ ਦਮਨ’ (ਸਰਹੱਦ ਪਾਰ ਦਮਨ) ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਰਿਪੋਰਟ ਵਿੱਚ ਚੀਨ ਨੂੰ ਕੈਨੇਡਾ ਲਈ ਸਭ ਤੋਂ ਵੱਡਾ ਗੁਪਤ ਖ਼ਤਰਾ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਰੂਸ, ਈਰਾਨ ਅਤੇ ਪਾਕਿਸਤਾਨ ਦਾ ਵੀ ਨਾਮ ਲਿਆ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਅਧਿਕਾਰੀਆਂ ਅਤੇ ਕੈਨੇਡਾ ਵਿੱਚ ਉਨ੍ਹਾਂ ਦੇ ਪ੍ਰੌਕਸੀ ਏਜੰਟਾਂ ਨੇ ਕੈਨੇਡੀਅਨ ਨੇਤਾਵਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਭਾਰਤੀ ਅਧਿਕਾਰੀਆਂ ਨੇ ਭਾਰਤ ਦੇ ਹਿੱਤਾਂ ਦੇ ਅਨੁਕੂਲ ਕੈਨੇਡੀਅਨ ਨੀਤੀਆਂ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁੱਝ ਧਿਰਾਂ ਵੱਲੋਂ ਭਾਰਤ ਵਿੱਚ ਹਿੰਸਾ ਕਰਨ ਲਈ ਕੈਨੇਡਾ ਦੀ ਵਰਤੋਂ ਕੀਤੀ ਜਾ ਰਹੀ ਹੈ। ਸੀਐਸਆਈਐਸ ਨੇ ਕਿਹਾ ਕਿ ਕੁਝ ਲੋਕ ਭਾਰਤ ਵਿੱਚ ਯੋਜਨਾ ਬਣਾਉਣ, ਫ਼ੰਡ ਇਕੱਠਾ ਕਰਨ ਅਤੇ ਹਿੰਸਾ ਭੜਕਾਉਣ ਲਈ ਕੈਨੇਡਾ ਦੀ ਵਰਤੋਂ ਕਰ ਰਹੇ ਹਨ।







