ਟੈਕਸਾਸ/ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦੀ ਮੌਤ ਹੋ ਗਈ ਹੈ। ਉਨਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ ‘ਤੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ‘ਅਸੀਂ ਡੂੰਘੇ ਦੁੱਖ ਨਾਲ ਕਹਿ ਰਹੇ ਹਾਂ ਕਿ ਪਿਆਰੇ ਜਾਰਜ ਐਡਵਰਡ ਫੋਰਮੈਨ ਸੀਨੀਅਰ ਦਾ ਦਿਹਾਂਤ ਹੋ ਗਿਆ ਹੈ। ਉਹ 21 ਮਾਰਚ 2025 ਨੂੰ ਸਾਨੂੰ ਅਲਵਿਦਾ ਕਹਿ ਗਏ’। ਜ਼ਿਕਰਯੋਗ ਹੈ ਕਿ ਜਾਰਜ ਫੋਰਮੈਨ ਉਨ੍ਹਾਂ ਮੁੱਕੇਬਾਜ਼ਾਂ ਵਿੱਚੋਂ ਸਨ ਜੋ ਨਿਡਰ ਅਤੇ ਸਪਸ਼ਟ ਬੋਲਣ ਲਈ ਜਾਣੇ ਜਾਂਦੇ ਸਨ। ਜਾਰਜ ਫੋਰਮੈਨ ਨੇ ਕੁੱਲ 81 ਮੁੱਕੇਬਾਜ਼ੀ ਮੈਚ ਖੇਡੇ ਸਨ ਅਤੇ ਇਨਾਂ ਮਹਿਜ਼ ਪੰਜ ਨੂੰ ਛੱਡ ਕੇ ਬਾਕੀ ਸਭ ਜਿੱਤੇ ਸਨ ਅਤੇ ਇਨ੍ਹਾਂ ਵਿੱਚੋਂ ਵੀ ਉਨਾਂ ਨੇ 68 ਮੈਚ ਨਾਕਆਊਟ ਰਾਹੀਂ ਜਿੱਤੇ ਸਨ। ਆਪਣੇ ਕੈਰੀਅਰ ਦੌਰਾਨ ਉਹ ਸਿਰਫ਼ ਪੰਜ ਮੈਚ ਹਾਰੇ ਸਨ। ਫੋਰਮੈਨ ਨੇ 1968 ਦੇ ਮੈਕਸੀਕੋ ਓਲੰਪਿਕ ਵਿਚ ਹੈਵੀਵੇਟ ਡਿਵੀਜ਼ਨ ਵਿਚ ਸੋਨੇ ਦਾ ਤਗਮਾ ਵੀ ਜਿੱਤਿਆ। ਫੋਰਮੈਨ ਨੇ ਕਿਸੇ ਸਮੇਂ ਅਜੇਤੂ ਮੰਨੇ ਜਾਂਦੇ ਮੁੱਕੇਬਾਜ਼ ਜੋਅ ਫਰੇਜ਼ੀਅਰ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਜਿੱਤਿਆ ਸੀ।