ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ‘ਤੇ ਮੁੜ ਬੋਲਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਇਸ ਦੇ ਨਾਲ ਹੀ ਟਰੰਪ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਭਾਰਤ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕਰਦਾ ਤਾਂ ਉਸ ਨੂੰ ‘ਮੋਟੇ’ ਟੈਕਸਾਂ ਦੇ ਰੂਪ ਵਿਚ ਇਸ ਦੀ ਵੱਡੀ ਕੀਮਤ ਤਾਰਨੀ ਹੋਵੇਗੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ।’’ ਭਾਰਤ ਦੇ ਇਸ ਦਾਅਵੇ ਕਿ ਉਸ ਨੂੰ ਮੋਦੀ ਤੇ ਟਰੰਪ ਦਰਮਿਆਨ ਅਜਿਹੀ ਕਿਸੇ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ, ਬਾਰੇ ਪੁੱਛਣ ’ਤੇ ਟਰੰਪ ਨੇ ਕਿਹਾ, ‘‘ਪਰ ਜੇ ਉਹ ਇਹ ਕਹਿਣਾ ਚਾਹੁੰਦੇ ਹਨ, ਤਾਂ ਉਹ ਵੱਡੇ ਟੈਰਿਫ ਅਦਾ ਕਰਦੇ ਰਹਿਣਗੇ, ਅਤੇ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ।’’ ਜ਼ਿਕਰਯੋਗ ਹੈ ਕਿ ਯੂਕਰੇਨ ਮਸਲੇ ਦਰਮਿਆਨ ਪੱਛਮੀ ਮੁਲਕਾਂ ਵਿਚ ਹੱਥ ਪਿਛਾਂਹ ਖਿੱਚਣ ਮਗਰੋਂ ਭਾਰਤ ਰੂਸ ਤੋਂ ਤੇਲ ਖਰੀਦਣ ਵਾਲਾ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਅਮਰੀਕਾ ਇਸ ਗੱਲ ਉੱਤੇ ਕਈ ਵਾਰ ਇਤਰਾਜ਼ ਕਰਦਾ ਨਜ਼ਰ ਆਇਆ ਹੈ।







