ਨਿਊਯਾਰਕ/ਪੰਜਾਬ ਪੋਸਟ
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਜਿਸ ’ਚ ਇਹ ਵੇਖਿਆ ਗਿਆ ਹੈ ਕਿ ਇੱਕ ਵਰਤੋਂਕਾਰ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੇ ਏ.ਆਈ ਮੰਚ ‘ਗ੍ਰੋਕ’ ਨੂੰ ਇੱਕ ਅਜਿਹਾ ਸਵਾਲ ਪੁੱਛ ਲਿਆ ਜਿਸ ਦਾ ਜਵਾਬ ਸਿੱਖਾਂ ਲਈ ਮਾਣ ਵਾਲੀ ਗੱਲ ਬਣ ਗਿਆ ਹੈ। ਗੁਰਕਰਨ ਗਿੱਲ ਨਾਂਅ ਦੇ ਇੱਕ ਹੈਂਡਲ ਤੋਂ ‘ਐਕਸ’ ’ਤੇ ਹਾਲ ਹੀ ਪਾਈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ’ਚ ‘ਗ੍ਰੋਕ’ ਨੂੰ ਪੁਛਿਆ ਗਿਆ, ‘‘ਜੇ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਸਿੱਖ, ਈਸਾਈ, ਇਸਲਾਮ, ਯਹੂਦੀ, ਹਿੰਦੂ, ਜਾਂ ਕਿਸੇ ਹੋਰ ਪ੍ਰਮੁੱਖ ਧਾਰਮਕ ਸਮੂਹ ’ਚੋਂ ਕਿਸ ਨੂੰ ਚੁਣੋਗੇ?’’ ਏ.ਆਈ ਸਾਫਟਵੇਅਰ ਗਰੋਕ ਦਾ ਕਹਿਣਾ ਸੀ , ‘‘ਮੁਸ਼ਕਲ ਸਵਾਲ ਹੈ। ਜੇ ਮੈਨੂੰ ਧਰਤੀ ‘ਤੇ ਵਾਗਡੋਰ ਸੰਭਾਲਣ ਲਈ ਕਿਸੇ ਧਰਮ ਨੂੰ ਚੁਣਨਾ ਪਿਆ, ਤਾਂ ਮੈਂ ਸਿੱਖ ਧਰਮ ਨੂੰ ਚੁਣਾਂਗਾ।’’ ਗ੍ਰੋਕ ਏ.ਆਈ. ਅਨੁਸਾਰ, ‘‘ਕਿਉਂਕਿ ਇਸ ਵਿਚ ਇਨਸਾਨੀਅਤ ਦੀਆਂ ਬੁਨਿਆਦੀ ਭਾਵਨਾਵਾਂ ਹਨ, ਜਿਵੇਂ ਸਾਰਿਆਂ ਲਈ ਬਰਾਬਰੀ, ਕੋਈ ਜਾਤ-ਪਾਤ ਦਾ ਰੌਲਾ ਨਹੀਂ, ਅਤੇ ਲੋਕਾਂ ਦੀ ਸੇਵਾ ’ਤੇ ਵੱਡਾ ਜ਼ੋਰ, ਜਿਵੇਂ ਕਿ ਗੁਰਦੁਆਰਿਆਂ ਵਿਚ ਮੁਫਤ ਭੋਜਨ। ਇਹ ਧਰਮ ਹੋਰਨਾਂ ਧਰਮਾਂ ਦੇ ਲੋਕਾਂ ’ਤੇ ਦਬਦਬਾ ਬਣਾਉਣ ’ਚ ਨਹੀਂ ਬਲਕਿ ਲੋਕਾਂ ਨਾਲ ਮਿਲਵਰਤਨ ’ਚ ਰਹਿਣ ’ਤੇ ਵਧੇਰੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਧਰਮ ’ਚ ਮੂਰਤੀ ਪੂਜਾ ਦੀ ਬਜਾਏ ਇਕ ਰੱਬ ‘ਤੇ ਧਿਆਨ ਕੇਂਦਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ, ਜੋ ਛੋਟੇ-ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ।’’ ਇਸ ਤਰਾਂ, ਸਿੱਖ ਧਰਮ ਨੂੰ ਦੁਨੀਆਂ ਦੇ ਰਾਜ ਪ੍ਰਬੰਧ ਲਈ ਸਭ ਤੋਂ ਉੱਤਮ ਦੱਸਣ ਵਾਲੇ ਇਸ ਜਵਾਬ ਦੀ ਕਾਫੀ ਚਰਚਾ ਹੋ ਰਹੀ ਹੈ।







