ਦਿੱਲੀ/ਪੰਜਾਬ ਪੋਸਟ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਬੁਧਵਾਰ ਨੂੰ ਇੱਥੇ ਵਿਸ਼ੇਸ਼ ਪ੍ਰਤੀਨਿਧੀ ਗੱਲਬਾਤ ਦੌਰਾਨ ‘ਲਾਭਦਾਇਕ ਚਰਚਾ’ ਕੀਤੀ ਅਤੇ ਸਰਹੱਦਾਂ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਅਤੇ ਸਬੰਧਾਂ ਦੇ ਸਿਹਤਮੰਦ ਅਤੇ ਸਥਿਰ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਹੋਰ ਕਦਮ ਚੁੱਕਣ ਸਮੇਤ ਛੇ ਨੁਕਾਤੀ ਸਹਿਮਤੀ ’ਤੇ ਪਹੁੰਚੇ। ਚੀਨੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਪ੍ਰੈਸ ਬਿਆਨ ਮੁਤਾਬਕ ਪੰਜ ਸਾਲਾਂ ਦੇ ਅੰਤਰਾਲ ਤੋਂ ਬਾਅਦ ਅਪਣੀ ਪਹਿਲੀ ਬੈਠਕ ਦੌਰਾਨ ਦੋਹਾਂ ਧਿਰਾਂ ਨੇ ਸਰਹੱਦੀ ਮੁੱਦੇ ’ਤੇ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦਾ ਸਕਾਰਾਤਮਕ ਮੁਲਾਂਕਣ ਕੀਤਾ ਅਤੇ ਦੁਹਰਾਇਆ ਕਿ ਲਾਗੂ ਕਰਨ ਦਾ ਕੰਮ ਜਾਰੀ ਰਹਿਣਾ ਚਾਹੀਦਾ ਹੈ। ਬਿਆਨ ਮੁਤਾਬਕ ਦੋਹਾਂ ਅਧਿਕਾਰੀਆਂ ਦਾ ਵਿਚਾਰ ਸੀ ਕਿ ਦੁਵਲੇ ਸਬੰਧਾਂ ਦੀ ਸਮੁੱਚੀ ਸਥਿਤੀ ਦੇ ਸੰਦਰਭ ’ਚ ਸਰਹੱਦੀ ਮੁੱਦੇ ਨੂੰ ਸਹੀ ਢੰਗ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਜੋ ਸਬੰਧਾਂ ਦੇ ਵਿਕਾਸ ’ਤੇ ਅਸਰ ਨਾ ਪਵੇ। ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਪੱਖ ਸਰਹੱਦੀ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਅਤੇ ਦੁਵਲੇ ਸਬੰਧਾਂ ਦੇ ਸਿਹਤਮੰਦ ਅਤੇ ਸਥਿਰ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕਣ ’ਤੇ ਸਹਿਮਤ ਹੋਏ। ਦੋਹਾਂ ਧਿਰਾਂ ਨੇ 2005 ਵਿਚ ਦੋਹਾਂ ਦੇਸ਼ਾਂ ਦੇ ਵਿਸ਼ੇਸ਼ ਪ੍ਰਤੀਨਿਧਾਂ ਵਿਚਾਲੇ ਸਹਿਮਤ ਸਿਆਸੀ ਢਾਂਚੇ ਦੇ ਅਨੁਸਾਰ ਸਰਹੱਦੀ ਪ੍ਰਸ਼ਨ ਦੇ ਨਿਰਪੱਖ, ਵਾਜਬ ਅਤੇ ਆਪਸੀ ਤੌਰ ’ਤੇ ਸਵੀਕਾਰਯੋਗ ਹੱਲ ਦੀ ਮੰਗ ਕਰਨ ਅਤੇ ਪ੍ਰਕਿਰਿਆ ਨੂੰ ਉਤਸ਼ਾਹਤ ਕਰਨ ਲਈ ਸਕਾਰਾਤਮਕ ਕਦਮ ਚੁੱਕਣ ਦੀ ਅਪਣੀ ਵਚਨਬੱਧਤਾ ਦੁਹਰਾਈ।







