ਤੇਲ-ਅਵੀਵ/ਪੰਜਾਬ ਪੋਸਟ
ਇਜ਼ਰਾਈਲ ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਮੰਨਿਆ ਹੈ ਕਿ ਹਿਜ਼ਬੁੱਲਾ ‘ਤੇ ਪੇਜਰ ਹਮਲਾ ਪ੍ਰਧਾਨ ਮੰਤਰੀ ਦਫ਼ਤਰ ਦੇ ਹੁਕਮਾਂ ‘ਤੇ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਹ ਕਿਹਾ ਹੈ ਕਿ ਉਨ੍ਹਾਂ ਨੇ ਹਿਜ਼ਬੁੱਲਾ ਸੰਚਾਰ ਯੰਤਰ ‘ਤੇ ਸਤੰਬਰ ਦੇ ਘਾਤਕ ਹਮਲੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਤਹਿਤ ਲਿਬਨਾਨ ਵਿੱਚ ਵਿਸਫੋਟ ਹੋਇਆ ਸੀ। ਇਸ ਤਰਾਂ, ਪਹਿਲੀ ਵਾਰ ਇਜ਼ਰਾਈਲ ਨੇ ਇਸ ਘਟਨਾਕ੍ਰਮ ‘ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ ਹੈ। ਹਿਜ਼ਬੁੱਲਾ ਨੇ ਪਹਿਲਾਂ ਹੀ ਇਨ੍ਹਾਂ ਧਮਾਕਿਆਂ ਲਈ ਆਪਣੇ ਕੱਟੜ ਦੁਸ਼ਮਣ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਬੁਲਾਰੇ ਉਮਰ ਦੋਸਤੀ ਨੇ ਹਮਲਿਆਂ ਬਾਰੇ ਕਿਹਾ ਕਿ ਨੇਤਨਯਾਹੂ ਨੇ ਲਿਬਨਾਨ ਵਿੱਚ ਪੇਜਰ ਆਪਰੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਹਮਲੇ ‘ਚ ਕਰੀਬ 40 ਲੋਕ ਮਾਰੇ ਗਏ ਸਨ ਅਤੇ ਕਰੀਬ ਤਿੰਨ ਹਜ਼ਾਰ ਲੋਕ ਜ਼ਖਮੀ ਹੋ ਗਏ ਸਨ।