- ਦੁਵੱਲੇ ਸਬੰਧਾਂ ਲਈ ਅੜਿੱਕਾ ਬਣੀਆਂ ਦਹਿਸ਼ਤੀ ਸਰਗਰਮੀਆਂ ਉੱਤੇ ਸਪਸ਼ਟਤਾ ਨਾਲ ਗੱਲ ਆਖੀ
ਇਸਲਾਮਾਬਾਦ/ਪੰਜਾਬ ਪੋਸਟ
ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਨੀਂ ਦਿਨੀਂ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਹੋ ਰਹੇ ਸ਼ੰਘਾਈ ਸਹਿਯੋਗ ਸੰਮੇਲਨ (ਐੱਸ. ਸੀ. ਓ.) ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਨ। ਵਿਦੇਸ਼ ਮੰਤਰੀ ਨੇ ਇਸਲਾਮਾਬਾਦ ਵਿਚ ਆਯੋਜਿਤ ਐੱਸ. ਸੀ. ਓ. ਦੇਸ਼ਾਂ ਦੇ ਸ਼ਾਸਨ ਮੁਖੀਆਂ ਦੀ ਪਰਿਸ਼ਦ ਦੇ 23ਵੇਂ ਸਿਖਰ ਸੰਮੇਲਨ ਵਿਚ ਭਾਰਤੀ ਪ੍ਰਤੀਨਿਧ ਮੰਡਲ ਦੀ ਅਗਵਾਈ ਕੀਤੀ ਜਦਕਿ ਇਸ ਸੰਮੇਲਨ ਦੀ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੇ ਕੀਤੀ।
ਇਸ ਮੌਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਮੇਲਨ ਵਿਚ ਬੋਲਦਿਆਂ ਕਿਹਾ ਕਿ ਜੇ ਸਰਹੱਦ ਪਾਰ ਦਹਿਸ਼ਤੀ ਸਰਗਰਮੀਆਂ, ਕੱਟੜਵਾਦ ਅਤੇ ਵੱਖਵਾਦ ਜਾਰੀ ਰਹਿਣਗੀਆਂ ਤਾਂ ਵਪਾਰ, ਊਰਜਾ ਅਤੇ ਸੰਪਰਕ ਸਹੂਲਤਾਂ ਵਰਗੇ ਖੇਤਰਾਂ ਵਿਚ ਸਹਿਯੋਗ ਵਧਣ ਦੀ ਸੰਭਾਵਨਾ ਘਟਦੀ ਰਹੇਗੀ। ਉਨਾਂ ਇਹ ਵੀ ਕਿਹਾ ਕਿ ਵਪਾਰ ਅਤੇ ਸੰਪਰਕ ਪਹਿਲੂਆਂ ਵਿਚ ਖੇਤਰੀ ਇਮਾਨਦਾਰੀ ਅਤੇ ਪ੍ਰਭੂਸੱਤਾ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਭਰੋਸੇ ਦੀ ਘਾਟ ਨੂੰ ਇਮਾਨਦਾਰੀ ਨਾਲ ਚਰਚਾ ਕਰਨ ਦੀ ਲੋੜ ਹੈ। ਗੌਰਤਲਬ ਹੈ ਕਿ ਐੱਸ. ਜੈਸ਼ੰਕਰ ਇੱਕ ਦਹਾਕੇ ਦੇ ਅਰਸੇ ਦੌਰਾਨ ਪਾਕਿਸਤਾਨ ਦੇ ਦੌਰੇ ਉੱਤੇ ਗਏ ਦੇਸ਼ ਦੇ ਪਹਿਲੇ ਵਿਦੇਸ਼ ਮੰਤਰੀ ਹਨ ਅਤੇ ਇਸੇ ਕਰਕੇ ਉਨਾਂ ਦੇ ਇਸ ਦੌਰੇ ਉੱਤੇ ਕਾਫੀ ਨਜ਼ਰਾਂ ਲੱਗੀਆਂ ਹੋਈਆਂ ਹਨ।







