ਅੰਤਿਮ ਸਸਕਾਰ ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 4 ਅਕਤੂਬਰ ਨੂੰ
ਸਰੀ/ਪੰਜਾਬ ਪੋਸਟ
ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਸੀਨੀਅਰ ਭਾਜਪਾ ਆਗੂ ਸ. ਤਰਨਜੀਤ ਸਿੰਘ ਸੰਧੂ ਦੇ ਵੱਡੇ ਭਰਾ ਅਤੇ ਸਾਬਕਾ ਆਈ.ਐਫ.ਐਸ ਅਧਿਕਾਰੀ ਸ. ਜਸਜੀਤ ਸਿੰਘ ਸਮੁੰਦਰੀ ਦਾ ਕੈਨੇਡਾ ਦੇ ਸਰੀ ਵਿਖੇ ਬੀਤੇ ਦਿਨ 29 ਸਤੰਬਰ ਨੂੰ ਦਿਹਾਂਤ ਹੋ ਗਿਆ ਹੈ। ਸ. ਜਸਜੀਤ ਸਿੰਘ ਸਮੁੰਦਰੀ ਦਾ ਅੰਤਿਮ ਸਸਕਾਰ ਮਿਤੀ 4 ਅਕਤੂਬਰ 2025 (ਸਨਿੱਚਰਵਾਰ) ਨੂੰ ਫਰੇਸਰ ਰਿਵਰ ਫਿਊਨਰਲ ਹੋਮ, ਐਬੋਟਸਫੋਰਡ, ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿਖੇ ਦੁਪਹਿਰੇ 3 ਤੋਂ 4 ਵਜੇ ਦਰਮਿਆਨ ਹੋਵੇਗਾ। ਇਸ ਉਪਰੰਤ ਵਿੱਛੜੀ ਆਤਮਾ ਨਮਿੱਤ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ, ਐਬੋਟਸਫੋਰਡ ਵਿਖੇ ਹੋਣਗੇ।
9 ਅਕਤੂਬਰ 1952 ਨੂੰ ਜਨਮੇ ਸ. ਜਸਜੀਤ ਸਿੰਘ ਸਮੁੰਦਰੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੋਣ ਕਾਰਨ ਜ਼ੇਰੇ ਇਲਾਜ ਦੇ ਆਲਮ ‘ਚ ਚੱਲ ਰਹੇ ਸਨ। ਸ. ਜਸਜੀਤ ਸਿੰਘ ਸਮੁੰਦਰੀ 72 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਸ. ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਅਤੇ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਵਜੋਂ ਉਨਾਂ ਨੇ ਵੀ ਆਪਣੀ ਸ਼ਖਸੀਅਤ ਸਦਕਾ ਪ੍ਰਸ਼ਾਸਨਿਕ ਅਤੇ ਸਮਾਜਕ ਹਲਕਿਆਂ ਵਿੱਚ ਆਪਣੇ ਸ਼ਲਾਘਾਯੋਗ ਕਾਰਜਾਂ ਸਦਕਾ ਨਾਮਣਾ ਖੱਟਿਆ ਅਤੇ ਇੱਕ ਬੇਹੱਦ ਸਤਿਕਾਰਤ ਥਾਂ ਬਣਾਈ। ਉਨਾਂ ਦੇ ਛੋਟੇ ਭਰਾ ਸ. ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਹੋਣ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤ ਦੇ ਬਿਹਤਰੀਨ ਨੁਮਾਇੰਦੇ ਵਜੋਂ ਸੇਵਾਵਾਂ ਦੇਣ ਉਪਰੰਤ ਆਪਣੀ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਹੁਣ ਪੰਜਾਬ ਅਤੇ ਅੰਮ੍ਰਿਤਸਰ ਦੀ ਸੇਵਾ ਲਈ ਲਗਾਤਾਰ ਯਤਨਸ਼ੀਲ ਹਨ। ਸ. ਜਸਜੀਤ ਸਿੰਘ ਸਮੁੰਦਰੀ ਦੇ ਚਲਾਣੇ ਉੱਤੇ ਦੇਸ਼ ਵਿਦੇਸ਼ ਤੋਂ ਭਾਰਤੀ ਅਤੇ ਖਾਸਕਰ ਪੰਜਾਬੀ ਭਾਈਚਾਰੇ ਵੱਲੋਂ ਸ. ਤਰਨਜੀਤ ਸਿੰਘ ਸੰਧੂ ਅਤੇ ਸਮੁੱਚੇ ਸੰਧੂ ਸਮੁੰਦਰੀ ਪਰਿਵਾਰ ਕੋਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।







