ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਵਿੱਚ ਚਾਰ ਸਾਲ ਰਾਸ਼ਟਰਪਤੀ ਰਹਿਣ ਤੋਂ ਬਾਅਦ ਜੋਅ ਬਾਇਡਨ ਆਉਂਦੀ 20 ਜਨਵਰੀ ਨੂੰ ਵ੍ਹਾਈਟ ਹਾਊਸ ਛੱਡ ਰਹੇ ਹਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਲਈ ਤਿਆਰ ਹਨ। ਇਸ ਦਰਮਿਆਨ, ਜੋਅ ਬਾਇਡਨ ਨੇ ਦੇਸ਼ ਵਾਸੀਆਂ ਦੇ ਨਾਂਅ ਲਿਖੇ ਇੱਕ ਪੱਤਰ ਵਿੱਚ ਆਪਣੇ ਕਾਰਜਕਾਲ ਅਤੇ ਦੇਸ਼ ਦੀ ਸਥਿਤੀ ਸਬੰਧੀ ਕਈ ਅਹਿਮ ਗੱਲਾਂ ਆਖੀਆਂ ਹਨ। ਬਾਇਡਨ ਨੇ ਇਸ ਪੱਤਰ ਵਿੱਚ ਕਿਹਾ, ‘‘ਇਤਿਹਾਸ ਤੁਹਾਡੇ ਹੱਥਾਂ ਵਿੱਚ ਹੈ। ਸੱਤਾ ਤੁਹਾਡੇ ਹੱਥਾਂ ਵਿੱਚ ਹੈ। ਅਮਰੀਕਾ ਦਾ ਵਿਚਾਰ ਤੁਹਾਡੇ ਹੱਥਾਂ ਵਿੱਚ ਹੈ। ਸਾਨੂੰ ਸਿਰਫ਼ ਵਿਸ਼ਵਾਸ ਕਰਨਾ ਹੋਵੇਗਾ ਅਤੇ ਚੇਤੇ ਰੱਖਣਾ ਹੋਵੇਗਾ ਕਿ ਅਸੀਂ ਕੌਣ ਹਾਂ। ਅਸੀਂ ਅਮਰੀਕਾ ਹਾਂ, ਅਤੇ ਜਦੋਂ ਅਸੀਂ ਇਕਜੁੱਟ ਹੋ ਕੇ ਕਰਦੇ ਹਾਂ ਤਾਂ ਸਾਧਾਰਨ ਤੌਰ ’ਤੇ ਅਜਿਹਾ ਕੋਈ ਕੰਮ ਨਹੀਂ ਹੈ ਜੋ ਅਸੀਂ ਨਹੀਂ ਕਰ ਸਕਦੇ।’’ ਉਨ੍ਹਾਂ ਇਹ ਵੀ ਕਿਹਾ, ‘‘ਚਾਰ ਸਾਲ ਪਹਿਲਾਂ ਅਸੀਂ ਇੱਕ ਖਤਰੇ ਅਤੇ ਇਕ ਸੰਭਾਵਨਾਵਾਂ ਵਾਲੀ ਸਥਿਤੀ ਵਿੱਚ ਖੜ੍ਹੇ ਸੀ। ਅਸੀਂ ਇਕ ਸਦੀ ਦੀ ਸਭ ਤੋਂ ਭੈੜੀ ਮਹਾਮਾਰੀ ਅਤੇ ਮਹਾਮੰਦੀ ਤੋਂ ਬਾਅਦ ਦੇ ਸਭ ਤੋਂ ਭੈੜੇ ਸੰਕਟ ਦੇ ਸ਼ਿਕੰਜੇ ਵਿੱਚ ਸੀ ਅਤੇ ਖਾਨਾਜੰਗੀ ਤੋਂ ਬਾਅਦ ਇਹ ਸਾਡੇ ਲੋਕਤੰਤਰ ’ਤੇ ਸਭ ਤੋਂ ਭੈੜਾ ਹਮਲਾ ਸੀ ਪਰ ਅਸੀਂ ਅਮਰੀਕੀਆਂ ਵਜੋਂ ਇਕਜੁੱਟ ਹੋਏ ਅਤੇ ਇਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਹੁਣ ਅਸੀਂ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਅਤੇ ਵਧੇਰੇ ਸੁਰੱਖਿਅਤ ਹੋ ਕੇ ਉੱਭਰੇ ਹਾਂ।’’ ਕੁੱਲ ਮਿਲਾ ਕੇ ਜੋਅ ਬਾਇਡਨ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਉਨਾਂ ਦੀ ਅਗਵਾਈ ਵਿੱਚ ਅਮਰੀਕਾ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਅਤੇ ਵਧੇਰੇ ਸੁਰੱਖਿਅਤ ਹੋ ਕੇ ਉੱਭਰਿਆ ਹੈ।
ਜੋਅ ਬਾਇਡਨ ਨੇ ਅਮਰੀਕਾ ਵਾਸੀਆਂ ਦੇ ਨਾਂਅ ਪੱਤਰ ਜਾਰੀ ਕਰਕੇ ਆਪਣੇ ਕਾਰਜਕਾਲ ਦੀ ਕੀਤੀ ਗੱਲ

Published:






