ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗਾਜ਼ਾ ਪੱਟੀ ਵਿੱਚ ਸੰਭਾਵਿਤ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਸਮਝੌਤੇ ਸਬੰਧੀ ਦੋਹਾ ਵਿੱਚ ਚੱਲ ਰਹੀ ਗੱਲਬਾਤ ‘ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਇਸ ਬਾਬਤ ਅਧਿਕਾਰਤ ਇੱਕ ਬਿਆਨ ਵਿੱਚ ਕਿਹਾ, “ਦੋਵਾਂ ਆਗੂਆਂ ਨੇ ਜੰਗਬੰਦੀ ਅਤੇ ਬੰਧਕ ਰਿਹਾਈ ਸਮਝੌਤੇ ਲਈ ਦੋਹਾ ਵਿੱਚ ਚੱਲ ਰਹੀ ਗੱਲਬਾਤ ‘ਤੇ ਚਰਚਾ ਕੀਤੀ। ਬਾਇਡਨ ਨੇ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ਦੀ ਤੁਰੰਤ ਲੋੜ ਅਤੇ ਮਨੁੱਖੀ ਸਹਾਇਤਾ ਵਧਾਉਣ ‘ਤੇ ਜ਼ੋਰ ਦਿੱਤਾ।” ਬਿਆਨ ਮੁਤਾਬਕ, “ਦੋਵਾਂ ਆਗੂਆਂ ਨੇ ਬੰਧਕਾਂ ਦੀ ਵਾਪਸੀ ‘ਤੇ ਵੀ ਜ਼ੋਰ ਦਿੱਤਾ, ਜੋ ਲੜਾਈ ਨੂੰ ਰੋਕਣ ਨਾਲ ਸੰਭਵ ਹੋ ਸਕਦਾ ਹੈ।” ਇਸੇ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਸਰਬਸੰਮਤੀ ਨਾਲ ਸਮਰਥਤ 27 ਮਈ, 2024 ਦੇ ਪ੍ਰਬੰਧ ਦੇ ਆਧਾਰ ‘ਤੇ ਗੱਲਬਾਤ ਦੀ ਪ੍ਰਗਤੀ ‘ਤੇ ਵੀ ਚਰਚਾ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨੇਤਨਯਾਹੂ ਨੇ ਇਜ਼ਰਾਈਲ ਦੀ ਸੁਰੱਖਿਆ ਅਤੇ ਰਾਸ਼ਟਰੀ ਰੱਖਿਆ ਲਈ ਅਮਰੀਕਾ ਵੱਲੋਂ ਦਿੱਤੇ ਗਏ ਅਸਾਧਾਰਨ ਸਮਰਥਨ ਲਈ ਬਾਇਡਨ ਦਾ ਧੰਨਵਾਦ ਵੀ ਕੀਤਾ ਹੈ।







