ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ ਵਿੱਚ ਹੋਣ ਵਾਲੀ ਅਹਿਮ ਬੈਠਕ ਫਿਲਹਾਲ ਟਾਲ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਆਈ ਸੀ ਕਿ ਇਹ ਬੈਠਕ 23 ਤੋਂ 26 ਫਰਵਰੀ ਵਿਚਕਾਰ ਹੋਣੀ ਸੀ। ਇਸ ਦੇਰੀ ਦਾ ਮੁੱਖ ਕਾਰਨ ਅਮਰੀਕਾ ਵਿੱਚ ਟੈਰਿਫ (ਟੈਕਸ) ਨੀਤੀਆਂ ਵਿੱਚ ਆਇਆ ਅਚਾਨਕ ਬਦਲਾਅ ਹੈ ਕਿਉਂਕਿ ਪਹਿਲਾਂ ਇਸ ਸਮਝੌਤੇ ਤਹਿਤ ਭਾਰਤ ’ਤੇ 18% ਟੈਰਿਫ ਲੱਗਣਾ ਤੈਅ ਹੋਇਆ ਸੀ ਪਰ ਹਾਲ ਹੀ ਦੇ ਘਟਨਾਕ੍ਰਮ ਨੇ ਸਾਰੀ ਸਥਿਤੀ ਬਦਲ ਦਿੱਤੀ ਹੈ। ਦਰਅਸਲ ਅਮਰੀਕੀ ਸੁਪਰੀਮ ਕੋਰਟ ਨੇ ਸਾਰੇ ਪੁਰਾਣੇ ਗਲੋਬਲ ਟੈਰਿਫ ਰੱਦ ਕਰ ਦਿੱਤੇ ਸਨ ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਲਈ ਪਹਿਲਾਂ 10% ਟੈਰਿਫ ਦਾ ਐਲਾਨ ਕੀਤਾ ਅਤੇ ਫਿਰ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਵਧਾ ਕੇ 15% ਕਰ ਦਿੱਤਾ। ਹੁਣ ਜਦੋਂ ਟਰੰਪ ਦਾ 15% ਵਾਲਾ ਗਲੋਬਲ ਟੈਰਿਫ ਲਾਗੂ ਹੋ ਰਿਹਾ ਹੈ ਤਾਂ ਇਹ ਪੁਰਾਣੀ ਡੀਲ ਵਿੱਚ ਤੈਅ ਕੀਤੇ ਗਏ 18% ਟੈਰਿਫ ਨਾਲੋਂ ਘੱਟ ਹੈ ਜਿਸ ਕਾਰਨ ਪੁਰਾਣੀ ਡੀਲ ਦੇ ਨਿਯਮਾਂ ’ਤੇ ਮੁੜ ਵਿਚਾਰ ਕਰਨਾ ਲਾਜ਼ਮੀ ਹੋ ਗਿਆ ਹੈ।







