ਦੋਹਾ/ਪੰਜਾਬ ਪੋਸਟ
ਇਜ਼ਰਾਈਲ ਵੱਲੋਂ ਹਮਾਸ ਦੇ ਆਗੂਆਂ ’ਤੇ ਪਿਛਲੇ ਹਫ਼ਤੇ ਦੋਹਾ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਕਤਰ ਨੇ ਇਸ ਮੁੱਦੇ ’ਤੇ ਮੁਸਲਿਮ ਦੇਸ਼ਾਂ ਦੇ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ। ਕਤਰ ਨੂੰ ਆਸ ਹੈ ਕਿ ਅਰਬ ਅਤੇ ਇਸਲਾਮੀ ਦੇਸ਼ਾਂ ਦਾ ਇਹ ਸਮੂਹ ਗਾਜ਼ਾ ਪੱਟੀ ਵਿੱਚ ਹਮਾਸ ’ਤੇ ਜਾਰੀ ਹਮਲਿਆਂ ਦੌਰਾਨ ਇਜ਼ਰਾਈਲ ਨੂੰ ਰੋਕਣ ਦਾ ਕੋਈ ਤਰੀਕਾ ਲੱਭ ਲਵੇਗਾ। ਕਤਰ ਇਸ ਜੰਗ ਵਿੱਚ ਜੰਗਬੰਦੀ ਲਈ ਮੁੱਖ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ ਅਤੇ ਇਸ ਹਮਲੇ ਤੋਂ ਬਾਅਦ ਵੀ ਦੋਹਾ ਨੇ ਇਹ ਕੰਮ ਜਾਰੀ ਰੱਖਣ ’ਤੇ ਜ਼ੋਰ ਦਿੱਤਾ ਹੈ। ਉਧਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਜ਼ਰਾਈਲ ਵੱਲੋਂ ਹਮਾਸ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਤਰ ’ਚ 9 ਸਤੰਬਰ ਨੂੰ ਕੀਤੇ ਹਮਲੇ ਬਾਰੇ ਮੰਗਲਵਾਰ ਨੂੰ ਜਨੇਵਾ ਵਿੱਚ ਫੌਰੀ ਵਿਚਾਰ-ਚਰਚਾ ਕਰਨ ਦਾ ਫੈਸਲਾ ਲਿਆ ਹੈ। 7 ਅਕਤੂਬਰ 2023 ਨੂੰ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਹਮਾਸ ਅਤੇ ਇਰਾਨ ਦੇ ਕਥਿਤ ‘ਐਕਸਿਸ ਆਫ ਰਜ਼ਿਸਟੈਂਸ’ ਵਿੱਚ ਸ਼ਾਮਲ ਹੋਰ ਜਥੇਬੰਦੀਆਂ ’ਤੇ ਲਗਾਤਾਰ ਜਵਾਬੀ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿੱਚ ਇਰਾਨ, ਲਿਬਨਾਨ, ਫਲਸਤੀਨੀ ਖੇਤਰਾਂ, ਸੀਰੀਆ, ਕਤਰ ਅਤੇ ਯਮਨ ਸ਼ਾਮਲ ਹਨ। ਇਸ ਨਾਲ ਮੱਧ ਪੂਰਬੀ ਦੇਸ਼ਾਂ ਵਿੱਚ ਗੁੱਸਾ ਹੋਰ ਵਧ ਗਿਆ ਹੈ, ਜੋ ਪਹਿਲਾਂ ਹੀ ਗਾਜ਼ਾ ਵਿੱਚ 64,000 ਤੋਂ ਵੱਧ ਫਲਸਤੀਨੀਆਂ ਦੇ ਮਾਰੇ ਜਾਣ ਤੋਂ ਨਾਰਾਜ਼ ਹਨ। ਇਸ ਤੋਂ ਇਲਾਵਾ, ਇੱਕ ਵੱਡੀ ਚਿੰਤਾ ਇਹ ਵੀ ਹੈ ਕਿ ਖਾੜੀ ਅਰਬ ਦੇਸ਼ਾਂ ਲਈ ਅਮਰੀਕਾ ਦੀ ਸੁਰੱਖਿਆ ਛੱਤਰੀ ਉਨ੍ਹਾਂ ਦੀ ਰੱਖਿਆ ਲਈ ਕਾਫ਼ੀ ਨਹੀਂ ਹੋ ਸਕਦੀ।







