ਤਹਿਰਾਨ/ਪੰਜਾਬ ਪੋਸਟ
ਇਜ਼ਰਾਈਲ ਨੇ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਉਦੇਸ਼ ਨਾਲ ‘ਆਪ੍ਰੇਸ਼ਨ ਰਾਈਜ਼ਿੰਗ ਲਾਇਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਤਹਿਤ ਹਮਲੇ ਵੀ ਸ਼ੁਰੂ ਕਰ ਦਿੱਤੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਹੈ ਕਿ ਨਤਾਨਜ਼ ਵਿੱਚ ਈਰਾਨ ਦੇ ਮੁੱਖ ਸੰਸ਼ੋਧਨ ਕੇਂਦਰ ਅਤੇ ਹੋਰ ਥਾਵਾਂ ‘ਤੇ ਹਮਲਾ ਕੀਤਾ ਗਿਆ ਹੈ। ਨੇਤਨਯਾਹੂ ਨੇ ਅੱਜ ਸਵੇਰੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਥੋੜ੍ਹਾ ਸਮਾਂ ਪਹਿਲਾਂ ਇਜ਼ਰਾਈਲ ਨੇ ‘ਆਪ੍ਰੇਸ਼ਨ ਰਾਈਜ਼ਿੰਗ ਲਾਇਨ’ ਸ਼ੁਰੂ ਕੀਤਾ ਹੈ ਜੋ ਇਜ਼ਰਾਈਲ ਦੇ ਵਜੂਦ ਲਈ ਈਰਾਨੀ ਖਤਰੇ ਨੂੰ ਖਤਮ ਕਰਨ ਲਈ ਇੱਕ ਨਿਸ਼ਾਨਾ ਬਣਾਇਆ ਫੌਜੀ ਕਾਰਵਾਈ ਹੈ। ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਖ਼ਤਰਾ ਖਤਮ ਨਹੀਂ ਹੋ ਜਾਂਦਾ।” ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, “ਦਹਾਕਿਆਂ ਤੋਂ, ਤਹਿਰਾਨ ਦਾ ਤਾਨਾਸ਼ਾਹ ਖੁੱਲ੍ਹ ਕੇ ਇਜ਼ਰਾਈਲ ਦੀ ਤਬਾਹੀ ਬਾਰੇ ਗੱਲ ਕਰ ਰਿਹਾ ਹੈ। ਨਸਲਕੁਸ਼ੀ ਦੇ ਆਪਣੇ ਬਿਆਨਾਂ ਦੇ ਨਾਲ, ਉਸਨੇ ਪ੍ਰਮਾਣੂ ਹਥਿਆਰ ਵਿਕਸਤ ਕਰਨ ਲਈ ਇੱਕ ਪ੍ਰੋਗਰਾਮ ਵੀ ਚਲਾਇਆ। ਇਜ਼ਰਾਈਲ ਮੁਤਾਬਕ ਈਰਾਨ ਨੇ ਹਾਲ ਹੀ ਦੇ ਸਾਲਾਂ ਵਿੱਚ ਨੌਂ ਪ੍ਰਮਾਣੂ ਬੰਬ ਬਣਾਉਣ ਲਈ ਕਾਫ਼ੀ ਜ਼ਿਆਦਾ ਸੰਸ਼ੋਧਿਤ ਯੂਰੇਨੀਅਮ ਪੈਦਾ ਕੀਤਾ ਹੈ। ਓਧਰ, ਈਰਾਨ ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਨੇ ਅਪਣੀ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਉਨਾਂ ਦੇ ਅਰਧ ਸੈਨਿਕ ਬਲ ‘ਰਿਵੋਲਿਊਸ਼ਨਰੀ ਗਾਰਡ’ ਦੇ ਮੁਖੀ ਜਨਰਲ ਹੁਸੈਨ ਸਲਾਮੀ ਦੀ ਇਜ਼ਰਾਈਲੀ ਹਮਲੇ ਵਿਚ ਮੌਤ ਹੋ ਗਈ ਹੈ ਅਤੇ ਕਈ ਹੋਰ ਥਾਵਾਂ ਉੱਤੇ ਵੀ ਜਾਨੀ ਨੁਕਸਾਨ ਹੋਇਆ ਹੈ।







