ਰੋਹਤਕ/ਪੰਜਾਬ ਪੋਸਟ
ਸਾਧਵੀਆਂ ਦੇ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਮੰਗੀ 20 ਦਿਨਾਂ ਦੀ ਪੈਰੋਲ ਨੂੰ ਦੇਸ਼ ਦੇ ਚੋਣ ਕਮਿਸ਼ਨ ਨੇ ਤਿੰਨ ਸ਼ਰਤਾਂ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਹੈ ਅਤੇ ਡੇਰਾ ਮੁਖੀ ਪੈਰੋਲ ਦੌਰਾਨ ਸਿਆਸੀ ਸਰਗਰਮੀਆਂ ’ਚ ਹਿੱਸਾ ਨਹੀਂ ਲਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਉਸ ਦੀ ਕੋਈ ਸਰਗਰਮੀ ਜਾਂ ਚੋਣ ਸਬੰਧੀ ਬਿਆਨ ਨਹੀਂ ਆਉਣਾ ਚਾਹੀਦਾ ਹੈ। ਮੰਨਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਯੂਪੀ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋਵੇਗਾ। ਡੇਰਾ ਮੁਖੀ ਹੁਣ ਤੱਕ ਆਪਣੀ ਸਜ਼ਾ ’ਚੋਂ ਅੱਠ ਮਹੀਨੇ ਤੋਂ ਵਧ ਦਾ ਸਮਾਂ ਜੇਲ੍ਹ ਤੋਂ ਬਾਹਰ ਕੱਟ ਚੁੱਕਿਆ ਹੈ ਅਤੇ ਦੋ ਮਹੀਨਿਆਂ ’ਚ ਇਹ ਦੂਜੀ ਵਾਰ ਹੋਵੇਗਾ ਜਦੋਂ ਉਹ ਜੇਲ੍ਹ ਤੋਂ ਬਾਹਰ ਆ ਰਿਹਾ ਹੈ।