ਕੀਵ/ਪੰਜਾਬ ਪੋਸਟ
ਰੂਸ ਨੇ ਅੱਜ ਯੂਕਰੇਨ ਦੇ ਕੀਵ ਅਤੇ ਓਡੇਸਾ ’ਤੇ ਇਕ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 13 ਹੋਰ ਜ਼ਖਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਕੀਵ ’ਤੇ ਹੋਏ ਹਮਲੇ ਨੂੰ ਜੰਗ ਦਾ ਸੱਭ ਤੋਂ ਵੱਡਾ ਹਮਲਾ ਕਰਾਰ ਦਿੱਤਾ ਹੋਇਆ ਹੈ। ਉਨ੍ਹਾਂ ਨੇ ਅਮਰੀਕਾ ਅਤੇ ਯੂਰਪ ਤੋਂ ਠੋਸ ਕਾਰਵਾਈ ਦੀ ਅਪੀਲ ਕਰਦਿਆਂ ਕਿਹਾ ਕਿ ਰੂਸੀ ਮਿਜ਼ਾਈਲ ਅਤੇ ਸ਼ਾਹਿਦ ਹਮਲੇ ਅਮਰੀਕਾ ਅਤੇ ਦੁਨੀਆਂ ਭਰ ਦੇ ਹੋਰ ਦੇਸ਼ਾਂ ਵਲੋਂ ਰੂਸ ਨੂੰ ਸ਼ਾਂਤੀ ਲਈ ਮਜਬੂਰ ਕਰਨ ਦੀਆਂ ਕੋਸ਼ਿਸ਼ਾਂ ਨਾਲੋਂ ਜ਼ਿਆਦਾ ਤੇਜ਼ ਹਨ। ਓਡੇਸਾ ‘ਚ ਇਕ ਜਣੇਪਾ ਹਸਪਤਾਲ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋ ਪੀੜਤਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ ਕੀਵ ਦੇ ਓਬੋਲਨ ਜ਼ਿਲ੍ਹੇ ਵਿਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸਤਾਂਬੁਲ ਵਿਚ ਸ਼ਾਂਤੀ ਵਾਰਤਾ ਦੇ ਬਾਵਜੂਦ, ਰੂਸ ਨੇ ਤੀਬਰ ਬੰਬਾਰੀ ਜਾਰੀ ਰੱਖੀ ਹੈ ਅਤੇ ਇਸ ਦੌਰਾਨ ਇੱਕ ਦਿਨ ਪਹਿਲਾਂ ਲਗਭਗ 500 ਡਰੋਨ ਲਾਂਚ ਕੀਤੇ ਸਨ ਹਾਲਾਂਕਿ ਦੋਹਾਂ ਧਿਰਾਂ ਨੇ ਜੰਗੀ ਕੈਦੀਆਂ ਦਾ ਆਦਾਨ-ਪ੍ਰਦਾਨ ਕੀਤਾ ਪਰ ਜੰਗਬੰਦੀ ਅਜੇ ਵੀ ਅਨਿਸ਼ਚਿਤ ਨਜ਼ਰ ਆ ਰਹੀ ਹੈ।







